ਬਾਲਾ ਜੀ ਧਾਮ ਪੁੱਜੇ ਮਹੰਤ ਦੌਲਤ ਗਿਰੀ
- ਜਗਰਾਉਂ ਦੇ ਬਾਲਾ ਜੀ ਧਾਮ ਵਿਖੇ ਹਵਨ ਯੱਗ ਦੌਰਾਨ ਅਸ਼ੀਸ਼ ਗੁਪਤਾ ਅਤੇ ਨੀਤੀ ਗੁਪਤਾ ਨੂੰ ਸਨਮਾਨਿਤ ਕਰਦੇ ਹੋਏ ਪ੍ਰਾਚੀਨ ਡੇਰਾ ਬਾਬਾ ਮੰਗਲ ਗਿਰੀ ਦੇ ਮਹੰਤ ਦੌਲਤਗਿਰ
ਜਗਰਾਉਂ, 19 ਅਪਰੈਲ 2024 - ਜਗਰਾਉਂ ਦੇ ਗੀਤਾ ਪ੍ਰਚਾਰ ਮੰਦਿਰ ਵਿਚ ਸਜੇ ਬਾਲਾ ਜੀ ਧਾਮ ਵਿਖੇ ਅੱਜ ਪ੍ਰਾਚੀਨ ਡੇਰਾ ਬਾਬਾ ਮੰਗਲਗਿਰੀ ਦੇ ਮਹੰਤ ਦੌਲਤ ਗਿਰੀ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਇਸ ਦੌਰਾਨ ਬਾਲਾਜੀ ਮੰਦਰ ਵਿਖੇ ਨਤਮਸਤਕ ਹੁੰਦਿਆਂ ਹਵਨ ਯਗ ਪੂਜਾ ਅਰਚਨਾ ਉਪਰੰਤ ਉਨ੍ਹਾਂ ਬਾਲਾ ਜੀ ਧਾਮ ਵਿਖੇ ਸੇਵਾਵਾਂ ਨਿਭਾਉਣ ਤੇ ਆਸ਼ੀਸ਼ ਗੁਪਤਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਧਾਰਮਿਕ ਸਮਾਗਮ ਨੂੰ ਸੰਬੋਧਨ ਕਰਦਿਆਂ ਮਹੰਤ ਦੌਲਤ ਗਿਰੀ ਨੇ ਕਿਹਾ ਕਿ ਅੱਜ ਜਗਰਾਉਂ ਦੀ ਪਵਿੱਤਰ ਧਰਤੀ ਧਾਰਮਿਕਤਾ ਦੇ ਰੰਗ ਵਿੱਚ ਰੰਗੀ ਗਈ। ਸ਼੍ਰੀ ਗੀਤਾ ਪ੍ਰਚਾਰ ਮੰਦਰ ਵਿਖੇ ਸਜੇ ਬਾਲਾ ਜੀ ਧਾਮ ਵਿੱਚ ਸਾਲਾਸਰ ਦੇ ਬਾਲਾ ਜੀ, ਜੈਪੁਰ ਦੇ ਸਿੰਦੂਰ ਵਾਲੇ ਵੀਰ ਬਜਰੰਗੀ ਜੀ ਦੇ ਸੰਗਤਾਂ ਖੁੱਲੇ ਦਰਸ਼ਨ ਦੀਦਾਰ ਕਰ ਸਕਣਗੀਆਂ।
ਉਨ੍ਹਾਂ ਕਿਹਾ ਕਿ ਇਸ ਪਵਿੱਤਰ ਦਰ ਤੇ ਸੱਚੇ ਦਿਲੋਂ ਪਰਮਾਤਮਾ ਦੀ ਬੰਦਗੀ ਕਰਦਿਆਂ ਮੰਗਣ ਵਾਲੇ ਕਿਸੇ ਵੀ ਸ਼ਰਧਾਲੂ ਨੂੰ ਕਦੇ ਵੀ ਕਿਸੇ ਵਸਤੂ ਦੀ ਥੋੜ ਨਹੀਂ ਰਹਿੰਦੀ। ਉਹਨਾਂ ਬਾਲਾ ਜੀ ਧਾਮ ਸਮਾਗਮਾਂ ਦੀ ਸਫਲਤਾ ਤੇ ਸਮੂਹ ਮੰਦਰ ਕਮੇਟੀ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪਰਮਾਤਮਾ ਦੇ ਇਹ ਕਾਰਜ ਪਰਮਾਤਮਾ ਦੀ ਕਿਰਪਾ ਸਦਕਾ ਹੀ ਨਸੀਬ ਹੁੰਦੇ ਹਨ। ਇਸ ਸੇਵਾ ਵਿੱਚ ਯੋਗਦਾਨ ਪਾਉਣ ਵਾਲੇ ਹਰ ਇੱਕ ਸ਼ਰਧਾਲੂ ਤੇ ਪਰਮਾਤਮਾ ਦੀ ਸਵੱਲੀ ਨਜ਼ਰ ਬਣੀ ਰਹੇ ਇਸ ਦੀ ਉਹ ਅਰਦਾਸ ਕਰਦੇ ਹਨ। ਇਸ ਮੌਕੇ ਮੰਦਿਰ ਕਮੇਟੀ ਨੇ ਵੀ ਡੇਰਾ ਬਾਬਾ ਮੰਗਲਗਿਰੀ ਵਿਖੇ ਪਹੁੰਚ ਕੇ ਮਹੰਤ ਦੌਲਤ ਗਿਰੀ ਨੂੰ ਉਨ੍ਹਾਂ ਦੀਆਂ ਧਾਰਮਿਕ ਸੇਵਾਵਾਂ ਸਦਕਾ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਪ੍ਰੇਮ ਪ੍ਰਕਾਸ਼ ਕੱਕੜ, ਤਰਸੇਮ ਲਾਲ ਗੁਪਤਾ, ਧਰਮਵੀਰ ਗੋਇਲ, ਅਸ਼ਵਨੀ ਗਰਗ, ਪੀਉਸ਼ ਗਰਗ, ਮੁਕੇਸ਼ ਰਿਚੂ, ਸੋਨੂ ਗੁਪਤਾ, ਆਦਿ ਹਾਜ਼ਰ ਸਨ।