ਮੌਤ ਨੂੰ ਮਾਸੀ ਤੇ ਸਿਰ ਕੱਫਨ ਬੰਨ੍ਹ ਲੋਕ ਨਿੱਤਰੇ ਸੀ ਚੋਣ ਮੈਦਾਨ ਮੀਆਂ
ਅਸ਼ੋਕ ਵਰਮਾ
ਬਠਿੰਡਾ, 20 ਅਪਰੈਲ 2024: ਪੰਜਾਬ ’ਚ ਕਿਸਾਨ ਧਿਰਾਂ ਵੱਲੋਂ ਆਪਣੀਆਂ ਮੰਗਾਂ ਤੇ ਮਸਲਿਆਂ ਨੂੰ ਲੈਕੇ ਕੀਤੇ ਜਾ ਰਹੇ ਭਾਜਪਾ ਤੇ ਹੋਰ ਸਿਆਸੀ ਧਿਰਾਂ ਦੇ ਵਿਰੋਧ ਮੌਕੇ ਚੋਣ ਪ੍ਰਸ਼ਾਸ਼ਨ ਵੱਲੋਂ ਤਾਇਨਾਤ ਕੀਤੀ ਜਾ ਰਹੀ ਸੁਰੱਖਿਆ ਦਸਤਿਆਂ ਦੀ ਨਫਰੀ ਨੂੰ ਭਾਵੇਂ ਅੱਜ ਕੱਲ੍ਹ ਵੱਡੀ ਅਤੇ ਇੱਕ ਤਰਾਂ ਨਾਲ ਛਾਉਣੀ ਬਨਾਉਣਾ ਦੱਸਿਆ ਜਾ ਰਿਹਾ ਹੈ ਪਰ ਚੋਣ ਇਤਿਹਾਸ ਨਾਲ ਜੁੜੀ ਇੱਕ ਹਕੀਕਤ ਇਹ ਵੀ ਹੈ ਕਿ ਸਾਲ 1992 ’ਚ ਵਿਧਾਨ ਸਭਾ ਚੋਣਾਂ ਅਰਧ ਸੈਨਿਕ ਬਲਾਂ ਦੀਆਂ ਸੰਗੀਨਾਂ ਦੇ ਪਰਛਾਵੇਂ ਹੇਠ ਕਰਵਾਈਆਂ ਗਈਆਂ ਸਨ। ਇਹ ਉਹ ਸਮਾਂ ਸੀ ਜਦੋਂ ਪੰਜਾਬ ’ਚ ਹਰ ਪਾਸੇ ਖਾੜਕੂ ਧਿਰਾਂ ਦੋ ਬੋਲਬਾਲਾ ਅਤੇ ਅਸਾਲਟ ਰਾਈਫਲਾਂ ਦੀ ਦਹਿਸ਼ਤ ਸੀ ਜਿਸ ਕਾਰਨ ਪੋਲਿੰਗ ਬੂਥਾਂ ਤੱਕ ਵੋਟ ਪਾਉਣ ਅਤੇ ਵੋਟਾਂ ਦੀ ਅਪੀਲ ਕਰਨ ਲਈ ਜਾਣਾ ਸਿਰ ਤੇ ਕੱਫਨ ਬੰਨ੍ਹਣਾ ਅਤੇ ਮੌਤ ਨੂੰ ਮਾਸੀ ਕਹਿਣਾ ਮੰਨਿਆ ਜਾਂਦਾ ਸੀ।
ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਕਿ ਆਮ ਲੋਕਾਂ ਨੇ ਉਦੋਂ ਚੋਣ ਅਮਲ ’ਚ ਭਾਗ ਨਹੀਂ ਲਿਆ ਪਰ ਇਸ ਤਰਾਂ ਦੇ ਲੋਕਾਂ ਦੀ ਗਿਣਤੀ ਇੱਕ ਤਰਾਂ ਨਾਲ ਆਟੇ ’ਚ ਲੂਣ ਦੇ ਬਰਾਬਰ ਹੀ ਸੀ। ਦਰਅਸਲ ਸਾਲ 1987 ਤੋਂ ਰਾਸ਼ਟਰਪਤੀ ਰਾਜ ਦੇ ਜੂਲੇ ਹੇਠ ਰਹਿਣ ਕਾਰਨ ਸਾਲ 1992 ’ਚ ਤੱਤਕਾਲੀ ਕੇਂਦਰ ਸਰਕਾਰ ਨੇ ਅਮਨ ਬਹਾਲੀ ਦੇ ਯਤਨ ਵਜੋਂ ਪੰਜਾਬ ’ਚ ਚੁਣੀ ਹੋਈ ਸਰਕਾਰ ਬਨਾਉਣ ਦੇ ਫੈਸਲੇ ਤਹਿਤ ਵਿਧਾਨ ਸਭਾ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਸੀ। ਉਦੋਂ ਸਥਿਤੀ ਅਜਿਹੀ ਸੀ ਕਿ ਖਾੜਕੂ ਧਿਰਾਂ ਦੀ ਮਰਜੀ ਬਿਨਾਂ ਪੰਜਾਬ ’ਚ ਪੱਤਾ ਵੀ ਨਹੀਂ ਹਿਲਦਾ ਸੀ। ਏਦਾਂ ਦੀਆਂ ਪ੍ਰਸਥਿਤੀਆਂ ਦਰਮਿਆਨ ਚੋਣਾਂ ਕਰਵਾਉਣਾ ਇੱਕ ਚੁਣੌਤੀ ਪੂਰਨ ਕਾਰਜ ਸੀ ਜਿਸ ਨੂੰ ਨੇਪਰੇ ਚਾੜ੍ਹਨ ਲਈ ਕੇਂਦਰ ਸਰਕਾਰ ਅਤੇ ਪੰਜਾਬ ਪ੍ਰਸ਼ਾਸ਼ਨ ਨੂੰ ਆਪਣੀ ਸਮੁੱਚੀ ਤਾਕਤ ਝੋਕਣੀ ਪਈ ਸੀ।
ਦੂਜੇ ਪਾਸੇ ਪੰਜਾਬ ’ਚ ਸਰਗਰਮ ਖਾੜਕੂ ਧਿਰਾਂ ਨੇ ਚੋਣ ਅਮਲ ’ਚ ਭਾਗ ਲੈਣ ਅਤੇ ਵੋਟਾਂ ਪਾਉਣ ਲਈ ਪੋਲਿੰਗ ਬੂਥਾਂ ਤੱਕ ਜਾਣ ਵਾਲਿਆਂ ਨੂੰ ਸੋਧਣ ਦੀਆਂ ਧਮਕੀਆਂ ਦਿੱਤੀਆਂ ਸਨ। ਇਸ ਧਮਕਾਊ ਵਤੀਰੇ ਕਾਰਨ ਪੰਜਾਬ ਵਿੱਚ ਹਰ ਤਰਫ ਦਹਿਸ਼ਤ ਫੈਲੀ ਹੋਈ ਸੀ। ਇਸ ਮੌਕੇ ਹਰ ਹੀਲੇ ਵੋਟਾਂ ਪੁਆਉਣ ਖਾਤਰ ਸੂਬੇ ’ਚ ਚੱਪੇ ਚੱਪੇ ਤੇ ਸੁਰੱਖਿਆ ਬਲਾਂ ਦੀ ਤਾਇਨਾਤ ਕਰ ਦਿੱਤੀ ਗਈ ਜਿਸ ਨੂੰ ਦੇਖਦਿਆਂ ਸਮੁੱਚਾ ਪੰਜਾਬ ਕਿਸੇ ਫੌਜੀ ਛਾਉਣੀ ਦੀ ਤਰਾਂ ਜਾਪਣ ਲੱਗਾ ਸੀ। ਇਸ ਮੌਕੇ ਗਰਮ ਖਿਆਲੀ ਧਿਰਾਂ ਅਤੇ ਅਕਾਲੀ ਦਲਾਂ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ। ਇਸ ਦੇ ਬਾਵਜੂਦ ਪੰਜਾਬ ਸਰਕਾਰ ਚੋਣਾਂ ਕਰਵਾਉਣ ਲਈ ਬਜਿੱਦ ਸੀ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਜਾਨ ਗੁਆਉਣ ਦੇ ਡਰ ਕਾਰਨ ਪੇਂਡੂ ਖੇਤਰਾਂ ਚੋਂ ਤਾਂ ਬਹੁਤ ਹੀ ਘੱਟ ਲੋਕ ਵੋਟਾਂ ਪਾਉਣ ਲਈ ਬਾਹਰ ਨਿਕਲੇ ਸਨ।
ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਸਾਲ 1992 ਦੀਆਂ ਚੋਣਾਂ ਦੌਰਾਨ ਪੇਂਡੂ ਖੇਤਰਾਂ ’ਚ ਵੋਟਾਂ ਪੈਣ ਦੀ ਦਰ ਸਿਰਫ 15.1 ਪ੍ਰਤੀਸ਼ਤ ਸੀ। ਇਸੇ ਤਰਾਂ ਸ਼ਹਿਰੀ ਖੇਤਰਾਂ ’ਚ ਵੋਟ ਪ੍ਰਤੀਸ਼ਤ ਦਾ ਅੰਕੜਾ ਪਿੰਡਾਂ ਦੇ ਮੁਕਾਬਲੇ ਜਿਆਦਾ 38.3 ਫੀਸਦੀ ਰਿਹਾ ਸੀ ਜਦੋਂਕਿ ਅਰਧ ਸ਼ਹਿਰੀ ਇਲਾਕਿਆਂ ’ਚ 26.5 ਫ਼ੀਸਦੀ ਪੋਲਿੰਗ ਹੋਈ ਸੀ। ਇਸ ਮੌਕੇ ਇੰਡੀਅਨ ਪੀਪਲਜ਼ ਫਰੰਟ ਦੇ ਉਮੀਦਵਾਰ ਕਾਮਰੇਡ ਸੁਰਜਨ ਸਿੰਘ ਜੋਗਾ ਜੋਗਾ ਹਲਕੇ ਤੋਂ ਸਿਰਫ 394 ਵੋਟਾਂ ਨਾਲ ਵਿਧਾਇਕ ਬਣਨ ’ਚ ਸਫਲ ਹੋ ਗਏ ਸਨ ਜੋਕਿ ਪੰਜਾਬ ਦੇ ਚੋਣ ਇਤਿਹਾਸ ਦਾ ਸਭ ਤੋਂ ਘੱਟ ਪੋਲਿੰਗ ਹੋਣ ਦਾ ਸ਼ਾਇਦ ਕਦੇ ਵੀ ਨਾਂ ਟੁੱਟਣ ਵਾਲਾ ਇੱਕ ਰਿਕਾਰਡ ਹੈ। ਸ਼ਹਿਰੀ ਖੇਤਰ ਦੇ ਜਲੰਧਰ-ਉੱਤਰੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਅਵਤਾਰ ਹੈਨਰੀ ਸਭ ਤੋਂ ਵੱਧ 34,179 ਵੋਟਾਂ ਨਾਲ ਜਿੱਤਿਆ ਸੀ ਜੋਕਿ ਬਾਈਕਾਟ ਦੇ ਸੱਦੇ ਦੌਰਾਨ ਇੱਕ ਵੱਡੀ ਪ੍ਰਾਪਤੀ ਸੀ।
ਬੇਅੰਤ ਸਿੰਘ ਬਣਿਆ ਮੁੱਖ ਮੰਤਰੀ
ਸਾਲ 1992 ਦੇ ਚੋਣ ਨਤੀਜਿਆਂ ਦੌਰਾਨ ਕਾਂਗਰਸ ਪਾਰਟੀ 87 ਹਲਕਿਆਂ ਵਿੱਚ ਜਿੱਤੀ ਅਤੇ ਸੀਨੀਅਰ ਕਾਂਗਰਸੀ ਆਗੂ ਬੇਅੰਤ ਸਿੰਘ ਨੂੰ ਮੁੱਖ ਮੰਤਰੀ ਬਣਾਇਆ ਜੋ 31 ਅਗਸਤ 1995 ਹੱਤਿਆ ਹੋਣ ਤੱਕ ਇਸ ਅਹੁਦੇ ਤੇ ਰਹੇ। ਇੰਨ੍ਹਾਂ ਚੋਣਾਂ ਦੌਰਾਨ ਬਹੁਜਨ ਸਮਾਜ ਪਾਰਟੀ ਦੇ ਸਭ ਤੋਂ ਵੱਧ 9 ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਸੀ । ਇਸ ਮੌਕੇ ਭਾਰਤੀ ਜੰਤਾ ਪਾਰਟੀ ਦੇ 6 ,ਸੀਪੀਆਈ ਦੇ 4 ਜਨਤਾ ਦਲ ,ਸੀਪੀਆਈ (ਐੱਮ) ਅਤੇ ਇੰਡੀਅਨ ਪੀਪਲਜ਼ ਫ਼ਰੰਟ ਦਾ 1-1 ਉਮੀਦਵਾਰ ਜਿੱਤਿਆ ਜਦੋਂਕਿ 4 ਅਜਾਦ ਜਿੱਤੇ ਸਨ। ਬਾਅਦ ’ਚ ਧਾਕੜ ਮੁੱਖ ਮੰਤਰੀ ਵਜੋਂ ਜਾਣੇ ਜਾਂਦੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਸਮਾਣਾ ਹਲਕੇ ਤੋਂ ਬਿਨਾਂ ਮੁਕਾਬਲਾ ਜਿੱਤ ਪ੍ਰਾਪਤ ਕੀਤੀ ਸੀ । ਦਿਲਚਸਪ ਤੱਥ ਇਹ ਵੀ ਹੈ ਕਿ 1998 ’ਚ ਪਟਿਆਲਾ ਹਲਕੇ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਜਮਾਨਤ ਜਬਤ ਹੋ ਗਈ ਸੀ।
ਲੋਕਾਂ ’ਚ ਸੀ ਦਹਿਸ਼ਤ ਦਾ ਮਹੌਲ
ਪੰਜਾਬ ’ਚ 1980 ਦੇ ਅੰਤਲੇ ਦਿਨਾਂ ਦੌਰਾਨ ਮਹੌਲ ’ਚ ਤਬਦੀਲੀ ਸ਼ੁਰੂ ਹੋਈ ਸੀ ਪਰ 90ਵਿਆਂ ’ਚ ਤਾਂ ਸਥਿਤੀ ਬੇਹੱਦ ਭਿਆਨਕ ਹੋ ਗਈ ਸੀ। ਹਿੰਸਕ ਵਾਰਦਾਤ ਦੀ ਸੂਰਤ ’ਚ ਲੋਕ ਧੁਰ ਅੰਦਰੋਂ ਕੰਬ ਜਾਂਦੇ ਸਨ । ਛੋਟੀ ਜਿਹੀ ਖਬਰ ਨਾਲ ਪੰਜਾਬ ਬੰਦ ਹੋ ਜਾਂਦਾ ਸੀ ਅਤੇ ਦਿਹਾੜੇ ਸੜਕਾਂ ਤੇ ਕਾਂ ਪੈਣ ਲੱਗਦੇ ਸਨ। ਸੀਪੀਆਈ ਦੀ ਕੌਮੀ ਕੌਂਸਲ ਦੇ ਮੈਂਬਰ 1992 ’ਚ ਚੋਣ ਜਿੱਤਣ ਵਾਲੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਦਾ ਕਹਿਣਾ ਸੀ ਕਿ ਦਹਿਸ਼ਤ ਕਾਰਨ ਬੁਢਲਾਡਾ ਹਲਕੇ ਦੇ75 ਪਿੰਡਾਂ ਚੋਂ 35 ਵਿੱਚ ਇੱਕ ਵੀ ਵੋਟ ਨਹੀਂ ਭੁਗਤੀ ਸੀ ਜਦੋਂਕਿ ਕਈਆਂ ’ਚ ਇੱਕਾ ਦੁੱਕਾ ਵੋਟਾਂ ਪਈਆਂ ਸਨ। ਉਨ੍ਹਾਂ ਦੱਸਿਆ ਕਿ ਕਈ ਵਾਰ ਤਾਂ ਉਹ ਮੰਜ਼ਰ ਯਾਦ ਕਰਕੇ ਹੁਣ ਵੀ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ।