ਐਸਡੀਐਮ ਵੱਲੋਂ ਦਾਣਾ ਮੰਡੀ ਰੰਗਲ ਨੰਗਲ ਦਾ ਦੌਰਾ ਕਰਕੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
- ਚਾਹਲ ਕਲਾਂ ਵਿਖੇ ਬੇਮੌਸਮੀ ਮੀਂਹ ਕਾਰਨ ਕਣਕ ਦੀ ਫਸਲ ਦਾ ਮੌਕਾ ਦੇਖਿਆ
ਰੋਹਿਤ ਗੁਪਤਾ
ਬਟਾਲਾ, 20 ਅਪ੍ਰੈਲ 2024 - ਐਸ.ਡੀ.ਐਮ. ਬਟਾਲਾ ਡਾ. ਸ਼ਾਇਰੀ ਭੰਡਾਰੀ ਵੱਲੋਂ ਚਾਹਲ ਕਲਾਂ ਵਿਖੇ ਬੇਮੌਸਮੀ ਪਏ ਮੀਂਹ ਕਾਰਨ ਕਣਕ ਦੀ ਫਸਲ ਦਾ ਮੌਕਾ ਦੇਖਿਆ ਗਿਆ। ਐਸ.ਡੀ.ਐਮ. ਬਟਾਲਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬੇਮੌਸਮੀ ਮੀਂਹ ਪੈਣ ਕਰਕੇ ਕਣਕ ਦੀ ਫਸਲ ਨੂੰ ਵੇਖਿਆ ਗਿਆ ਹੈ ਤੇ ਜਾਣਕਾਰੀ ਹਾਸਲ ਕੀਤੀ ਗਈ। ਇਸ ਮੌਕੇ ਨਾਇਬ ਤਹਿਸੀਲਦਾਰ ਮਨਜੋਤ ਸਿੰਘ ਸਚਦੇਵਾ, ਵਿਕਰਮਜੀਤ ਸਿੰਘ ਆਦਿ ਮੋਜੂਦ ਸਨ।
ਇਸ ਤੋਂ ਉਪਰੰਤ ਡਾ. ਸ਼ਾਇਰੀ ਭੰਡਾਰੀ, ਐੱਸ.ਡੀ ਐੱਮ ਬਟਾਲਾ ਵਲੋਂ ਦਾਣਾ ਮੰਡੀ ਰੰਗਲ ਨੰਗਲ ਦਾ ਦੌਰਾ ਕੀਤਾ ਗਿਆ ਅਤੇ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨਾ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮੰਡੀਆਂ ਵਿੱਚ ਕਿਸਾਨਾਂ ਲਈ ਵਿਸ਼ੇਸ ਸਹੂਲਤਾਂ ਜਿਵੇਂ ਸ਼ੈੱਡ, ਪੀਣ ਵਾਲਾ ਪਾਣੀ ਤੇ ਰੋਸ਼ਨੀ ਆਦਿ ਦੇ ਪ੍ਰਬੰਧ ਕੀਤੇ ਗਏ ਹਨ।
ਐਸ.ਡੀ.ਐਮ ਨੇ ਦੱਸਿਆ ਕਿ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਰਕਾਰ ਦੀਆਂ ਹਦਾਇਤਾਂ ਤਹਿਤ ਕਣਕ ਦੀ ਖਰੀਦ ਪ੍ਰਕਿਰਿਆ ਨਿਰਵਿਘਨ ਕਰਵਾਈ ਜਾਵੇ ਅਤੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।