ਗੁਰਦੁਆਰਾ ਸਾਹਿਬ ਦੀ ਕਣਕ ਦੀ ਖੜੀ ਫਸਲ ਨੂੰ ਸਰਾਰਤੀ ਅਨਸਰ ਨੇ ਲਾਈ ਅੱਗ
ਰਿਪੋਰਟਰ ---ਰੋਹਿਤ ਗੁਪਤਾ
ਗੁਰਦਾਸਪੁਰ, 25 ਅਪ੍ਰੈਲ 2024 - ਕਿਸੇ ਸ਼ਰਾਰਤੀ ਅਨਸਰ ਵੱਲੋਂ ਬੇਹਦ ਸ਼ਰਮਨਾਕ ਕਾਰੇ ਨੂੰ ਅੰਜਾਮ ਦਿੱਤਾ ਗਿਆ ਜਦੋਂ ਇਤਿਹਾਸਿਕ ਤਪ ਅਸਥਾਨ ਬਾਬਾ ਸ੍ਰੀ ਚੰਦ ਜੀ ਟਾਹਲੀ ਸਾਹਿਬ ਦੇ ਗੁਰਦੁਆਰਾ ਸਾਹਿਬ ਜੋ ਕਿ ਡੇਰਾ ਬਾਬਾ ਨਾਨਕ ਤੋਂ ਫਤਿਹਗੜ੍ਹ ਚੂੜੀਆਂ ਰੋਡ ਪਿੰਡ ਖੋਦੇਬੇਟ ਅਤੇ ਪਿੰਡ ਰੱਤਾ ਦੇ ਨਜਦੀਕ ਸਥਿਤ ਹੈ ਦੀ ਕਰੀਬ 8 ਏਕੜ ਖੜੀ ਫਸਲ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਅੱਗ ਲਗਾ ਦਿੱਤੀ ਗਈ ।ਗਨੀਮਤ ਇਹ ਰਹੀ ਕੇ ਇਸ ਰੋਡ ਤੋਂ ਗੁਜ਼ਰ ਰਹੇ ਇੱਕ ਕਿਸਾਨ ਵੱਲੋਂ ਉਸ ਸ਼ਰਾਰਤੀ ਅਨਸਰ ਨੂੰ ਅੱਗ ਲਾਉਂਦੇ ਵੇਖ ਲਿਆ ਤਾਂ ਉਸ ਵੱਲੋਂ ਤੁਰੰਤ ਬਾਬਾ ਸ਼੍ਰੀ ਚੰਦ ਜੀ ਦੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਰਮੁਖ ਸਿੰਘ ਨੂੰ ਜਾਣਕਾਰੀ ਦਿੱਤੀ ਗਈ ਜਿੰਨਾ ਵੱਲੋਂ ਸੰਗਤਾਂ ਅਤੇ ਆਸ ਪਾਸ ਦੇ ਕਿਸਾਨਾਂ ਦੀ ਮਦਦ ਨਾਲ ਇਸ ਅੱਗ ਤੇ ਕਾਬੂ ਪਾਇਆ ਗਿਆ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਬਾਬਾ ਸ਼੍ਰੀ ਚੰਦ ਜੀ ਦੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਰਮੁਖ ਸਿੰਘ ਅਤੇ ਮੌਕੇ ਦੇ ਚਸਮਦੀਦ ਗੱਜਣ ਸਿੰਘ ਨੇ ਦੱਸਿਆ ਕਿ ਇੱਕ ਵਿਅਕਤੀ ਵੱਲੋਂ ਰੋਡ ਉੱਤੇ ਆਪਣੀ ਗੱਡੀ ਖਲਾਰ ਕੇ ਮੈਟ ਨੂੰ ਅੱਗ ਲਗਾ ਕੇ ਖੜੀ ਕਣਕ ਦੀ ਫਸਲ ਵਿੱਚ ਸੁੱਟ ਕੇ ਆਪ ਮੌਕੇ ਤੋਂ ਆਪਣੀ ਗੱਡੀ ਲੈ ਕੇ ਫਰਾਰ ਹੋ ਗਿਆ।ਬਾਬਾ ਗੁਰਮੁਖ ਸਿੰਘ ਅਤੇ ਆਸ ਪਾਸ ਦੇ ਕਿਸਾਨਾਂ ਨੇ ਕਿਹਾ ਕਿ ਅਗਰ ਮੌਕੇ ਤੇ ਜੇ ਅੱਗ ਤੇ ਕਾਬੂ ਨਾ ਪਾਇਆ ਜਾਂਦਾ ਤਾਂ ਆਸ ਪਾਸ ਅਨੇਕਾ ਪਿੰਡਾਂ ਦੀ ਖੜੀ ਫਸਲ ਸੜ ਕੇ ਸਵਾਹ ਹੋ ਜਾਣੀ ਸੀ।ਇਸ ਸਬੰਧ ਵਿੱਚ ਬਾਬਾ ਗੁਰਮੁਖ ਸਿੰਘ ਵੱਲੋਂ ਉਕਤ ਵਿਅਕਤੀ ਦੇ ਖਿਲਾਫ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵਿਖੇ ਰਿਪੋਰਟ ਦਰਜ ਕਰਵਾਈ ਗਈ ਹੈ।ਇਸ ਮੌਕੇ ਕਿਸਾਨਾਂ ਅਤੇ ਬਾਬਾ ਸ਼੍ਰੀ ਚੰਦ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਰਮੁਖ ਸਿੰਘ ਵੱਲੋਂ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਇਸ ਵਿਅਕਤੀ ਤੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਇਸ ਘਟਨਾ ਸਬੰਧੀ ਜਦੋਂ ਸਾਡੇ ਵੱਲੋਂ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਜਾਂਚ ਅਧਿਕਾਰੀ ਸੁਖਦੇਵ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਬਾਬਾ ਸ੍ਰੀ ਚੰਦ ਜੀ ਦੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਕ ਵੱਲੋਂ ਸਾਨੂੰ ਇੱਕ ਵਿਅਕਤੀ ਦੇ ਖਿਲਾਫ ਲਿਖਤੀ ਦਰਖਾਸਤ ਪ੍ਰਾਪਤ ਹੋਈ ਹੈ ਮੌਕਾ ਦੇਖਣ ਉਪਰੰਤ ਜਾਂਚ ਚੱਲ ਰਹੀ ਹੈ ਤੇ ਜੋ ਵੀ ਦੋਸ਼ੀ ਹੋਏਗਾ ਉਸ ਉੱਪਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।