← ਪਿਛੇ ਪਰਤੋ
ਗੁਰਦਾਸਪੁਰ: ਆਪ ਆਗੂ ਨੇ ਵਿਰੋਧੀਆਂ ਨੂੰ ਦਿੱਤੀਆਂ ਸ਼ਰ੍ਹੇਆਮ ਧਮਕੀਆਂ, ਪੜ੍ਹੋ ਵੇਰਵਾ ਰੋਹਿਤ ਗੁਪਤਾ ਬਟਾਲਾ, 29 ਅਪ੍ਰੈਲ, 2024: ਲੋਕ ਸਭਾ ਹਲਕਾ ਗੁਰਦਾਸਪੁਰ ਦੀ ਕਰੀਏ ਤਾਂ ਪੰਜਾਬ ਦੀ ਸੱਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਦੇ ਇੱਕ ਸਥਾਨਕ ਆਗੂ ਬੀਤੇ ਦਿਨ ਆਪਣੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਰੱਖੀ ਗਈ ਰੈਲੀ ਦੌਰਾਨ ਆਪਣੀਆਂ ਭਾਵਨਾਵਾਂ ’ਤੇ ਕੰਟਰੋਲ ਨਹੀਂ ਕਰ ਪਾਏ ਅਤੇ ਇੱਕ ਨਿਜੀ ਪੈਲਸ ਵਿੱਚ ਰੱਖੀ ਗਈ ਮੀਟਿੰਗ ਵਿੱਚ ਸਿੱਧੇ ਸਿੱਧੇ ਧਮਕੀ ਦੇ ਅੰਦਾਜ਼ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ। ਆਮ ਆਦਮੀ ਪਾਰਟੀ ਦੇ ਹਲਕਾ ਡੇਰਾ ਬਾਬਾ ਨਾਨਕ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਜੋ ਬੇਸ਼ੱਕ ਕਾਂਗਰਸੀ ਉਮੀਦਵਾਰ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਦੇ ਅੱਗੇ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਨਹੀਂ ਕਰ ਪਾਏ ਸਨ ਪਰ ਫਿਰ ਵੀ ਉਹਨਾਂ ਦਾ ਜੋਸ਼ ਪੂਰੀ ਤਰ੍ਹਾਂ ਬਰਕਰਾਰ ਨਜ਼ਰ ਆ ਰਿਹਾ ਸੀ। ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਸੈ਼ਰੀ ਕਲਸੀ ਦੇ ਹੱਕ ਵਿੱਚ ਇਤਿਹਾਸਿਕ ਵਿਧਾਨ ਸਭਾ ਹਲਕਾ ਬਟਾਲਾ ਦੇ ਕਸਬਾ ਕਲਾਨੌਰ ਵਿਖੇ ਰੱਖੀ ਗਈ ਇੱਕ ਮੀਟਿੰਗ ਦੀ ਇੱਕ ਛੋਟੀ ਜਿਹੀ ਕਲਿੱਪ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਪਾਰਟੀ ਦੇ ਹਲਕਾ ਡੇਰਾ ਬਾਬਾ ਨਾਨਕ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਵਿਰੋਧੀ ਪਾਰਟੀਆਂ ਦੇ ਵਰਕਰਾਂ ਨੂੰ ਸਿੱਧੀ ਸਿੱਧੀ ਧਮਕੀ ਦਿੰਦੇ ਹੋਏ ਕਹਿ ਰਹੇ ਹਨ ਕਿ ਦੋ ਸਾਲ ਤਾਂ ਉਹਨਾਂ ਨੇ ਕਿਸੇ ਨੂੰ ਕੁਝ ਨਹੀਂ ਕਿਹਾ ਪਰ ਹੁਣ ਵੇਖਣਗੇ ਕਿ ਡੇਰਾ ਬਾਬਾ ਨਾਨਕ ਹਲਕੇ ਵਿੱਚ ਕਿਹੜਾ ਕਾਂਗਰਸ ਪਾਰਟੀ ਜਾਂ ਫਿਰ ਅਕਾਲੀਆਂ ਦੇ ਬਸਤੇ ਚੁੱਕਦਾ ਹੈ। ਇੱਥੇ ਹੀ ਬੱਸ ਨਹੀਂ ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਗੁਰਦੀਪ ਰੰਧਾਵਾ ਨੂੰ ਇਹ ਕਹਿੰਦੇ ਵੀ ਸੁਣਿਆ ਜਾ ਸਕਦਾ ਹੈ ਕਿ ਭਾਵੇਂ ਬਾਅਦ ਵਿੱਚ ਉਹਨਾਂ ਨੂੰ ਕੋਈ ਜਿੰਨਾ ਮਰਜ਼ੀ ਮਾੜਾ ਕਹਿੰਦਾ ਰਹੇ ਕਿ ਉਹਨਾਂ ਨੇ ਬੜਾ ਧੱਕਾ ਕਰਾਇਆ ਪਰ ਉਹ ਉਸ ਨੂੰ ਅਜਿਹਾ ਸਮਾਂ ਵੀ ਦਿਖਾਉਣਗੇ ਜਿਹੜਾ ਸਮਾਂ ਉਸਨੇ ਕਦੇ ਨਹੀਂ ਵੇਖਿਆ ਹੋਵੇਗਾ। ਇਸ ਦੇ ਨਾਲ ਹੀ ਰੰਧਵਾ ਨੇ ਇਹ ਵੀ ਮੰਨਿਆ ਕਿ ਉਹ ਘਰ ਬੈਠੇ ਲੋਕਾਂ ਨੂੰ ਸੁਣਾਉਣ ਲਈ ਇਹ ਗੱਲ ਜਨਤਕ ਤੌਰ ’ਤੇ ਕਹਿ ਰਹੇ ਹਨ।ਹਾਲਾਂਕਿ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ 'ਭਾਜੀ' ਵਿਰੋਧੀਆਂ ਵੱਲੋਂ 2022 ਵਿੱਚ ਪਾਈ ਸੀ ਉਹ ਮੋੜਨ ਦਾ ਵੇਲਾ ਆ ਗਿਆ ਹੈ। ਜਾਹਰ ਤੌਰ ’ਤੇ ਕਿਸੇ ਵੀ ਪਾਰਟੀ ਦੇ ਆਗੂ ਦੇ ਅਜਿਹੇ ਭਾਸ਼ਨ ਚੋਣਾਂ ਦੇ ਦੌਰਾਨ ਮਾਹੌਲ ਖਰਾਬ ਕਰ ਸਕਦੇ ਹਨ।
Total Responses : 1036