ਗੁਰਦਵਾਰਾ ਪਾਤਸ਼ਾਹੀ ਦਸਵੀਂ ਵਿਖੇ ਕਥਾ ਕੀਰਤਨ ਸਮਾਗਮ, ਇਤਿਹਾਸਕ ਪੱਖਾਂ ਦੀ ਪਾਈ ਸਾਂਝ
ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਕੋਟਕਪੂਰਾ : ਚਾਣਕੀਆ
ਦੀਪਕ ਗਰਗ
ਕੋਟਕਪੂਰਾ, 30 ਅਪੈ੍ਰਲ 2024 :- ਗੁਰੂ ਗੋਬਿੰਦ ਸਿੰਘ ਜੀ ਦੀ ਅਸੀਸ ਲੈਣ ਲਈ ਹਰ ਸਾਲ ਦੀ ਤਰਾਂ ਇਸ ਵਾਰ ਵੀ 15 ਵੈਸਾਖ (27 ਅਪੈ੍ਰਲ) ਨੂੰ ਗੁਰਦਵਾਰਾ ਪਾਤਸ਼ਾਹੀ ਦਸਵੀਂ ਛਾਉਣੀ ਨਿਹੰਗ ਸਿੰਘਾਂ (ਵੱਡਾ ਗੁਰਦਵਾਰਾ) ਜੈਤੋ ਰੋਡ ਕੋਟਕਪੂਰਾ ਵਿਖੇ ਕਥਾ ਕੀਰਤਨ ਦਰਬਾਰ ਅਰਥਾਤ ‘ਜੋੜ ਮੇਲਾ’ ਕਰਵਾਇਆ ਗਿਆ। ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਚਾਣਕੀਆ ਨੇ ਦੱਸਿਆ ਕਿ ਜਥੇਦਾਰ ਬਾਬਾ ਇੰਦਰ ਸਿੰਘ ਸਮੇਤ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਉਕਤ ਸਮਾਗਮ ਵਿੱਚ ਪਵਿੱਤਰ ਦਿਹਾੜੇ ਦੀ ਖੁਸ਼ੀ ਵਿੱਚ ਸਹਿਜ ਪਾਠ ਸਾਹਿਬ ਜੀ ਦੇ ਭੋਗ ਗਏ। ਉਹਨਾ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ 15 ਵੈਸਾਖ 27 ਅਪੈ੍ਰਲ ਨੂੰ ਕੋਟਕਪੂਰੇ ਵਿਖੇ ਆਪਣੇ ਪਾਵਨ ਚਰਨ ਇਸ ਨਗਰ ਵਿੱਚ ਪਾਏ ਸਨ। ਉਹਨਾਂ ਦੱਸਿਆ ਕਿ ਭਾਈ ਜਗਤਾਰ ਸਿੰਘ ਜੀ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਜੱਥੇ ਨੇ ਵਿਸ਼ੇਸ਼ ਤੌਰ ’ਤੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਿਆ।
ਇਹਨਾਂ ਤੋਂ ਇਲਾਵਾ ਹੋਰ ਵੀ ਅਨੇਕਾਂ ਸੰਤ ਮਹਾਂਪੁਰਸ਼ਾਂ ਤੇ ਗੁਰੂ ਘਰ ਦੇ ਕੀਰਤਨੀਏ ਕਥਾ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸਾਂਝ ਪਾਈ। ਉਹਨਾਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਕੋਟਕਪੂਰੇ ਆਗਮਨ ਦੀ 318ਵੀਂ ਵਰੇਗੰਢ ਦੀ ਖੁਸ਼ੀ ਵਿੱਚ ਉਕਤ ਪੋ੍ਰਗਰਾਮ ਕਰਵਾਏ ਗਏ। ਉਹਨਾ ਦੱਸਿਆ ਕਿ ਇਤਿਹਾਸ ਮੁਤਾਬਿਕ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਜਾਂਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਤੋਂ 300 ਕਿਲੋਮੀਟਰ ਦਾ ਸਫਰ ਤਹਿ ਕਰਕੇ ਕੋਟਕਪੂਰੇ ਵਿਖੇ ਆਏ ਸਨ। ਉਹਨਾ ਦੱਸਿਆ ਕਿ ਅੱਜ ਵੀ ਆਨੰਦਪੁਰ ਸਾਹਿਬ ਤੋਂ ਤਖਤ ਦਮਦਮਾ ਸਾਹਿਬ ਤੱਕ ਦੇ ਗੁਰੂ ਜੀ ਦੇ ਸਫਰ ਦੇ ਰਸਤੇ ਨੂੰ ਗੁਰੂ ਗੋਬਿੰਦ ਸਿੰਘ ਮਾਰਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਤਿਹਾਸ ਮੁਤਾਬਿਕ ਉਸ ਸਮੇਂ ਕੋਟਕਪੂਰੇ ਦੇ ਨਵਾਬ ਕਪੂਰੇ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਸੁਆਗਤ ਤਾਂ ਕੀਤਾ ਪਰ ਮੁਗਲਾਂ ਦੇ ਡਰ ਕਾਰਨ ਫੌਜੀ ਸਹਾਇਤਾ ਦੇਣ ਤੋਂ ਇਨਕਾਰ ਕਰ ਦਿੱਤਾ।
ਨਵਾਬ ਕਪੂਰੇ ਦੀ ਸਲਾਹ ’ਤੇ ਗੁਰੂ ਜੀ ਨੇ ਹੁਣ ਮੁਕਤਸਰ ਸਾਹਿਬ ਦੇ ਨਾਮ ਨਾਲ ਜਾਣੀ ਜਾਂਦੀ ਖਿਦਰਾਣੇ ਦੀ ਢਾਬ ’ਤੇ ਜਾ ਕੇ ਮੁਗਲਾਂ ਨਾਲ ਯੁੱਧ ਕੀਤਾ ਸੀ। ਮਿਤੀ 13 ਅਪੈ੍ਰਲ 1973 ਨੂੰ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਆਮ ਲੋਕਾਂ ਨੂੰ ਸਮਰਪਿਤ ਕਰਨ ’ਤੇ ਭਾਸ਼ਾ ਵਿਭਾਗ ਪੰਜਾਬ ਵਲੋਂ ਜਾਰੀ ਇਤਿਹਾਸਕ ਪੁਸਤਕ ਅਨੁਸਾਰ ਮੁਗਲਾਂ ਵਲੋਂ ਘੇਰੇ ਜਾਣ ਤੋਂ ਬਾਅਦ ਆਪਣੇ ਵਿਸ਼ੇਸ਼ ਸਿੱਖਾਂ ਅਤੇ ਪੰਜ ਪਿਆਰਿਆਂ ਦੇ ਆਦੇਸ਼ ’ਤੇ ਗੁਰੂ ਜੀ ਨੇ ਆਪਣੇ ਪਰਿਵਾਰ ਅਤੇ ਕਰੀਬ 100 ਸਿੱਖਾਂ ਨਾਲ 5-6 ਦਸੰਬਰ 1707 ਦੀ ਰਾਤ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ, ਸਰਦੀ ਦੀ ਰਾਤ ਵਿੱਚ ਸਰਸਾ ਨਦੀ ਨੂੰ ਪਾਰ ਕਰਕੇ ਗੁਰੂ ਜੀ ਕੋਟਲਾ ਨਿਹੰਗ ਖਾਨ ਤੋਂ ਚਮਕੌਰ ਸਾਹਿਬ ਪੁੱਜੇ, ਜਿੱਥੇ ਦੋ ਵੱਡੇ ਸਾਹਿਬਜਾਦਿਆਂ ਅਤੇ ਜਿਆਦਾਤਰ ਸਿੱਖ ਯੋਧਿਆਂ ਦੀ ਸ਼ਹੀਦੀ ਤੋਂ ਬਾਅਦ ਗੁਰੂ ਜੀ ਇਕੱਲੇ ਹੀ ਮਾਛੀਵਾੜਾ, ਆਲਮਗੀਰ ਦੇ ਰਸਤੇ ਲੁਧਿਆਣੇ ਕੋਲ ਰਾਏਕੋਟ ਪਹੁੰਚੇ, ਜਿੱਥੇ ਉਹਨਾ ਨੂੰ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਦੀ ਖਬਰ ਮਿਲੀ।
ਉੱਥੋਂ ਗੁਰੂ ਜੀ ਮਾਣੂਕੇ, ਤਖਤੂਪੁਰਾ, ਦੀਨਾ ਕਾਂਗੜ, ਜਲਾਲ, ਕੋਠਾ ਗੁਰੂ, ਡੋਡ, ਬਰਗਾੜੀ ਰਾਹੀਂ ਹੁੰਦੇ ਹੋਏ ਕੁਝ ਸਿੱਖ ਸਾਥੀਆਂ ਨਾਲ ਗੁਰੂ ਜੀ 27-28 ਅਪੈ੍ਰਲ 1704 ਵਿੱਚ ਕੋਟਕਪੂਰੇ ਵਿਖੇ ਪਹੁੰਚੇ, ਜਿੱਥੇ ਉਹਨਾਂ ਦਾ ਚੋਧਰੀ ਬਰਾੜ ਕਪੂਰਾ ਨੇ ਸੁਆਗਤ ਕੀਤਾ। ਜਿਸ ਦੇ ਨਾਂਮ ’ਤੇ ਸ਼ਹਿਰ ਦਾ ਨਾਮ ਕਰਨ ਕੋਟਕਪੂਰਾ ਹੋਇਆ। ਮੁਗਲ ਫੋਜ ਵਲੋਂ ਪਿੱਛਾ ਕਰਨ ਦੀ ਸੂਚਨਾ ’ਤੇ ਗੁਰੂ ਜੀ ਨੇ ਚੋਧਰੀ ਕਪੂਰੇ ਨਾਲ ਜੰਗ ਵਾਸਤੇ ਸਹਾਇਤਾ ਦੀ ਮੰਗ ਕੀਤੀ ਪਰ ਵੱਡੀ ਤੁਰਕ ਫੋਜ ਦੇ ਨਾਲ ਦੁਸ਼ਮਣੀ ਦੇ ਡਰ ਤੋਂ ਚੋਧਰੀ ਕਪੂਰਾ ਨੇ ਉਹਨਾਂ ਦਾ ਸਾਥ ਦੇਣ ਤੋਂ ਇਨਕਾਰ ਕਰਕੇ ਕਰੀਬ 30 ਕਿਲੋਮੀਟਰ ਦੂਰ ਖਿਦਰਾਣੇ ਦੀ ਢਾਬ (ਮੁਕਤਸਰ) ਜਾਣ ਦੀ ਸਲਾਹ ਦਿੱਤੀ। ਕੋਟਕਪੂਰੇ ਤੋਂ ਢਿੱਲਵਾਂ ਕਲਾਂ, ਬਹਿਬਲ, ਜੈਤੋ, ਰਾਮੇਆਣਾ, ਮੱਲਣ ਆਦਿ ਰਾਹੀਂ ਹੁੰਦੇ ਹੋਏ ਗੁਰੂ ਜੀ ਸਿੱਖ ਸਾਥੀਆਂ ਨਾਲ ਮੁਕਤਸਰ ਸਾਹਿਬ ਵਿਖੇ ਪੁੱਜੇ, ਜਿੱਥੇ ਉਹਨਾਂ ਦੀ ਮੁਗਲ ਫੋਜ ਨਾਲ ਵੱਡੀ ਲੜਾਈ ਹੋਈ। ਜਥੇਦਾਰ ਬਾਬਾ ਕੁਲਵੰਤ ਸਿੰਘ ਚਾਣਕੀਆ ਮੁਤਾਬਿਕ ਕੋਟਕਪੂਰੇ ਦੀ ਗੜੀ ਵਿੱਚ ਗੁਰੂ ਸਾਹਿਬ ਰੁਕੇ, ਜਿੱਥੇ ਹੁਣ ਗੁਰਦਵਾਰਾ ਪਾਤਸ਼ਾਹੀ ਦਸਵੀਂ ਸੁਸ਼ੋਭਿਤ ਹੈ। ਜਿੱਥੇ ਗੁਰੂ ਜੀ ਲਈ ਲੰਗਰ ਤਿਆਰ ਹੋਇਆ, ਉੱਥੇ ਹੁਣ ਗੁਰਦਵਾਰਾ ਚੁੱਲਾ ਸਾਹਿਬ ਸਥਾਪਿਤ ਹੈ। ਗੁਰਦਵਾਰਾ ਪਾਤਸ਼ਾਹੀ ਦਸਵੀਂ ਦਾ ਪ੍ਰਬੰਧ ਨਿਹੰਗ ਸਿੰਘ ਜਥੇਬੰਦੀਆਂ ਅਤੇ ਗੁਰਦਵਾਰਾ ਸਾਹਿਬ ਚੁੱਲਾ ਸਾਹਿਬ ਦੀ ਸਾਂਭ ਸੰਭਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਕੀਤੀ ਜਾ ਰਹੀ ਹੈ।