ਸਵਿੰਦਰ ਸਿੰਘ ਗਿੱਲ ਨੂੰ ਮੈਰੀਲੈਂਡ ਯੂਨੀਵਰਸਿਟੀ, ਅਮਰੀਕਾ ਵੱਲੋਂ ਆਨਰੇਰੀ ਡਾਕਟਰੇਟ ਭੇਂਟ
ਸਿੱਖਿਆ ਦੇ ਖੇਤਰ ਵਿੱਚ ਵਡਮੁੱਲੇ ਯੋਗਦਾਨ ਲਈ ਦਿੱਤਾ ਗਿਆ ਸਨਮਾਨ
ਰੋਹਿਤ ਗੁਪਤਾ
ਗੁਰਦਾਸਪੁਰ, 30 ਅਪਰੈਲ
ਮੈਰੀਲੈਂਡ ਯੂਨੀਵਰਸਿਟੀ, ਅਮਰੀਕਾ ਵੱਲੋਂ ਗਾਜ਼ੀਆਬਾਦ ਵਿੱਚ ਕਰਵਾਏ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੁਖਜਿੰਦਰ ਗਰੁੱਪ ਆਫ਼ ਇੰਸਟੀਚਿਊਟਸ, ਗੁਰਦਾਸਪੁਰ ਦੇ ਚੇਅਰਮੈਨ ਸਵਿੰਦਰ ਸਿੰਘ ਗਿੱਲ ਨੂੰ ਆਨਰੇਰੀ ਡਾਕਟਰੇਟ ਨਾਲ ਸਨਮਾਨਿਤ ਕੀਤਾ ਗਿਆ । ਸਰਦਾਰ ਗਿੱਲ ਨੂੰ ਇਹ ਸਨਮਾਨ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਲਈ ਭੇਂਟ ਕੀਤਾ ਗਿਆ ।
ਸਮਾਗਮ ਵਿੱਚ ਜੋ ਵਿਸ਼ੇਸ਼ ਮਹਿਮਾਨ ਮੌਜੂਦ ਸਨ ਉਨ੍ਹਾਂ ਵਿੱਚ ਪਦਮ ਸ਼੍ਰੀ ਅਵਾਰਡੀ, ਉੱਘੇ ਸਿਆਸਤਦਾਨ ਅਤੇ ਸਮਾਜ ਸੇਵਕ ਜਤਿੰਦਰ ਸਿੰਘ ਸ਼ੰਟੀ, ਭਾਰਤੀ ਪੁਲਿਸ ਅਕੈਡਮੀ ਦੇ ਡਿਪਟੀ ਡਾਇਰੈਕਟਰ ਆਈਪੀਐਸ ਜਤਿੰਦਰ ਮਨੀ, ਵਿੱਤ ਮੰਤਰਾਲੇ, ਮਾਲ ਵਿਭਾਗ ਦੇ ਡਿਪਟੀ ਕਮਿਸ਼ਨਰ ਅਤੁਲ ਚੌਧਰੀ ਸਮੇਤ ਮਹੱਤਵਪੂਰਨ ਸ਼ਖ਼ਸੀਅਤਾਂ ਸ਼ਾਮਲ ਸਨ ਜਿਨ੍ਹਾਂ ਵਿੱਚ ਮੈਨੇਜਿੰਗ ਟਰੱਸਟੀ ਸ੍ਰੀਕਾਂਤ ਵਰਮਾ ਟਰੱਸਟ ਦੀ ਮੈਨੇਜਿੰਗ ਟਰੱਸਟੀ ਅੰਕਾ ਵਰਮਾ ਅਤੇ ਭਾਰਤੀ ਅਰਬਪਤੀ ਅਭਿਸ਼ੇਕ ਵਰਮਾ ਵੀ ਹਾਜ਼ਰ ਸਨ, ਜਿਨ੍ਹਾਂ ਦੀ ਧੀ ਨੇ ਉਨ੍ਹਾਂ ਦੀ ਨੁਮਾਇੰਦਗੀ ਕੀਤੀ । ਸੀਬੀਐਸਈ ਦੇ ਇਨੋਵੇਸ਼ਨ ਸੈੱਲ ਦੇ ਰਾਜਦੂਤ ਅਭਿਸ਼ੇਕ ਪਾਂਡੇ ਨੇ ਆਪਣੇ ਸੂਝਵਾਨ ਦ੍ਰਿਸ਼ਟੀਕੋਣ ਨਾਲ ਪ੍ਰਭਾਵਿਤ ਕੀਤਾ ।
ਦੱਸਣਯੋਗ ਹੈ ਕਿ ਸਵਿੰਦਰ ਸਿੰਘ ਗਿੱਲ ਨੇ ਵਿੱਦਿਆ ਦੇ ਖੇਤਰ ਵਿੱਚ ਆਪਣੀ ਦੂਰਅੰਦੇਸ਼ੀ ਸੋਚ ਨਾਲ ਅਟੁੱਟ ਵਚਨਬੱਧਤਾ ਦੀ ਮਿਸਾਲ ਦਿੱਤੀ ਹੈ । ਉਨ੍ਹਾਂ ਦੀ ਅਗਵਾਈ ਹੇਠ ਸੁਖਜਿੰਦਰ ਗਰੁੱਪ ਆਫ਼ ਇੰਸਟੀਚਿਊਟਸ ਨੇ ਲਾ ਮਿਸਾਲ ਤਰੱਕੀ ਕੀਤੀ ਹੈ ਅਤੇ ਅਕਾਦਮਿਕ ਖੇਤਰ ਵਿੱਚ ਨਵੇਂ ਮਿਆਰ ਕਾਇਮ ਕੀਤੇ ਹਨ । ਜਿਲ੍ਹਾ ਗੁਰਦਾਸਪੁਰ ਦੇ ਨੀਮ ਪਹਾੜੀ ਖੇਤਰ ਦੁਨੇਰਾ ਵਿੱਚ ਇਸੇ ਸੰਸਥਾ ਅਧੀਨ ਚੱਲ ਰਿਹਾ ਐਲਪਨਸਟਾਕ ਵਰਲਡ ਸਕੂਲ ਵੀ ਬੱਚਿਆਂ ਨੂੰ ਮਿਆਰੀ ਸਿੱਖਿਆ ਦੇ ਰਿਹਾ ਹੈ । ਨਵੀਨਤਾ ਅਤੇ ਅਕਾਦਮਿਕ ਤਰੱਕੀ ਲਈ ਉਨ੍ਹਾਂ ਦੇ ਸਮਰਪਣ ਨੇ ਸਿੱਖਿਆ ਦੇ ਖੇਤਰ ਵਿੱਚ ਵਿਆਪਕ ਪ੍ਰਸ਼ੰਸਾ ਅਤੇ ਸਤਿਕਾਰ ਮਿਲਿਆ ਹੈ ।
ਆਨਰੇਰੀ ਡਾਕਟਰੇਟ ਨੂੰ ਨਿਮਰਤਾ ਅਤੇ ਧੰਨਵਾਦ ਸਹਿਤ ਸਵੀਕਾਰ ਕਰਦਿਆਂ ਸਵਿੰਦਰ ਸਿੰਘ ਗਿੱਲ ਨੇ ਸਿੱਖਿਆ ਦੇ ਪਸਾਰ ਵਿੱਚ ਵਧਾਉਣ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ । ਉਨ੍ਹਾਂ ਗਿਆਨ ਦੀ ਪਰਿਵਰਤਨਸ਼ੀਲ ਤਾਕਤ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਕਿਸੇ ਵੀ ਖੇਤਰ ਵਿੱਚ ਸਮਾਜ ਦੇ ਭਵਿੱਖ ਨੂੰ ਉਜਲਾ ਬਣਾਉਣ ਵਿੱਚ ਸਿੱਖਿਆ ਅਹਿਮ ਭੂਮਿਕਾ ਨਿਭਾਉਂਦੀ ਹੈ । ਸਵਿੰਦਰ ਸਿੰਘ ਗਿੱਲ ਨੇ ਵਿਸ਼ਵ ਅਕਾਦਮਿਕ ਉੱਤਮਤਾ ਨੂੰ ਉਤਸ਼ਾਹਿਤ ਕਰਨ ਵਿੱਚ ਯੂਨੀਵਰਸਿਟੀ ਦੀ ਭੂਮਿਕਾ ਨੂੰ ਸਵੀਕਾਰ ਕਰਦੇ ਹੋਏ ਇਸ ਵੱਕਾਰੀ ਸਨਮਾਨ ਲਈ ਮੈਰੀਲੈਂਡ ਸਟੇਟ ਯੂਨੀਵਰਸਿਟੀ ਦੀ ਤਹਿ ਦਿਲੋਂ ਪ੍ਰਸ਼ੰਸਾ ਕੀਤੀ ।