‘ਨਿਊਜ਼ੀਲੈਂਡ ਐਮਚੁਰ ਸਪੋਰਟਸ ਐਸੋਸੀਏਸ਼ਨ’ ਲਈ ਤੀਰਥ ਸਿੰਘ ਅਟਵਾਲ ਦੂਜੀ ਵਾਰ ਬੋਰਡ ਮੈਂਬਰ ਬਣੇ
- ਪਿਛਲੇ ਸਾਲ ਪਹਿਲੀ ਵਾਰ ਕਿਸੇ ਭਾਰਤੀ ਨੂੰ ਬਣਾਇਆ ਗਿਆ ਸੀ ਬੋਰਡ ਮੈਂਬਰ
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 30 ਅਪ੍ਰੈਲ 2024:- ਬਿਨਾਂ ਪੈਸਾ ਲਏ ਖੇਡਾਂ ਅਤੇ ਖਿਡਾਰੀਆਂ ਦੀ ਸੰਭਾਲ ਏਥੋਂ ਤੱਕ ਆਪਣੇ ਕੋਲੋਂ ਪੈਸਾ ਖਰਚ ਕੇ ਇਨ੍ਹਾਂ ਖਿਡਾਰੀਆਂ ਦੀ ਪਿੱਠ ਥਪਾਉਣ ਵਾਲਿਆਂ ਦੀ ਨਿਊਜ਼ੀਲੈਂਡ ਦੇ ਵਿਚ ਗੋਰਿਆਂ ਦੀ ਇਕ ਸੰਸਥਾ ਹੈ ‘ਨਿਊਜ਼ੀਲੈਂਡ ਐਮਚੁਰ ਸਪੋਰਟਸ ਐਸੋਸੀਏਸ਼ਨ’। ‘ਐਮਚੁਰ’ ਅੰਗਰੇਜ਼ੀ ਦਾ ਸ਼ਬਦ ਹੈ ਅਤੇ ਇਸਦੇ ਅੱਖਰੀ ਅਰਥ ਹਨ ‘ਸ਼ੌਕੀਨ ਜਾਂ ਉਹ ਲੋਕ ਜੋ ਖੇਡਾਂ ਦੀ ਪ੍ਰਫੁਲਤਾ ਲਈ ਨਿਰਸਵਾਰਥ ਆਪਣਾ ਯੋਗਦਾਨ ਪਾਉਂਦੇ ਹਨ ਜਾਂ ਉਹ ਅਥਲੀਟ ਜੋ ਪੈਸੇ ਲਈ ਨਹੀਂ ਖੇਡਦਾ ਜਾਂ ਫਿਰ ਪੰਜਾਬੀ ਵਿਚ ਸਪਸ਼ਟ ਕਰਨਾ ਹੋਵੇ ਤਾਂ ਕਿਹਾ ਜਾਂ ਸਕਦਾ ਹੈ ਕਿ ਖੇਡ ਦੇ ਮੈਦਾਨ ਦੇ ਬਾਹਰ ਜੋ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਦੀ ਸੰਭਾਲ ਕਰਦਾ ਹੈ।
ਭਾਰਤੀ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਵੇਗੀ ਕਿ ਸ. ਤੀਰਥ ਸਿੰਘ ਅਟਵਾਲ ਨੂੰ ‘ਨਿਊਜ਼ੀਲੈਂਡ ਐਮਚੁਰ ਸਪੋਰਟਸ ਐਸੋਸੀਏਸ਼ਨ’ ਵੱਲੋਂ ਪਿਛਲੇ ਸਾਲ ਬੋਰਡ ਮੈਂਬਰ ਨਿਯੁਕਤ ਕੀਤਾ ਗਿਆ ਸੀ, ਹੁਣ ਉਨ੍ਹਾਂ ਦੇ ਲਗਾਤਾਰ ਸਹਿਯੋਗ ਤੋਂ ਪ੍ਰਭਾਵਿਤ ਹੁੰਦਿਆ ਉਨ੍ਹਾਂ ਸ. ਤੀਰਥ ਸਿੰਘ ਅਟਵਾਲ ਨੂੰ ਇਕ ਹੋਰ ਸਾਲ ਦੇ ਲਈ ਆਪਣਾ ਬੋਰਡ ਮੈਂਬਰ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ‘ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ’ ਦੀ ਐਸੋਸੀਏਸ਼ਨ ਦੀ ਨੈਸ਼ਨਲ ਬਾਡੀ ਦੀ ਮਾਨਤਾ ਪ੍ਰਾਪਤੀ ਵਜੋਂ ਦਿੱਤੀ ਗਈ ਸੀ, ਜਿਸ ਦੇ ਨਾਲ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦਾ ਕੱਦ ਹੋਰ ਉਚਾ ਹੋਇਆ ਸੀ। ਬੀਤੇ ਦਿਨੀਂ ਵਲਿੰਗਟਨ ਵਿਖੇ ਹੋਈ ਬੋਰਡ ਮੀਟਿੰਗ ਦੇ ਵਿਚ ਇਹ ਨਿਯੁਕਤੀ ਕੀਤੀ ਗਈ।
ਇਕ ਵਕਾਰੀ ਸੰਸਥਾ ‘ਨਿਊਜ਼ੀਲੈਂਡ ਐਮਚੁਰ ਸਪੋਰਟਸ ਐਸੋਸੀਏਸ਼ਨ’ ਲਈ ਲਗਾਤਾਰ ਦੂਜੇ ਸਾਲ ਦੇ ਲਈ ਬੋਰਡ ਮੈਂਬਰ ਨਿਯੁਕਤ ਹੋਣ ’ਤੇ ਸ. ਤੀਰਥ ਸਿੰਘ ਅਟਵਾਲ ਨੂੰ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ, ਨਿਊਜ਼ੀਲੈਂਡ ਸਿੱਖ ਗੇਮਜ਼, ਮਾਲਵਾ ਸਪੋਰਟਸ ਕਲੱਬ, ਬੇਅ ਆਫ ਪਲੈਂਟੀ ਸਪੋਰਟਸ ਕਲੱਬ, ਬੌਟਨੀ ਕਲੱਬ, ਪੰਜਾਬ ਸਪੋਰਟਸ ਕਲੱਬ, ਅੰਬੇਡਕਰ ਸਪੋਰਟਸ ਕਲੱਬ, ਮੈਟਰੋ ਸਪੋਰਟਸ ਕਲੱਬ, ਯੂਥ ਕਲੱਬ, ਸ਼ੇਰ-ਏ-ਪੰਜਾਬ ਕਲੱਬ, ਫਾਈਵ ਰਿਵਰ ਸਪੋਰਟਸ ਕਲੱਬ ਅਤੇ ਪੰਜਾਬੀ ਮੀਡੀਆ ਕਰਮੀਆਂ ਵੱਲੋਂ ਵਧਾਈ ਹੋਵੇ!