ਲੁਟੇਰੇ 2 ਸਕੂਟਰੀ ਸਵਾਰ ਔਰਤਾਂ ਨੂੰ ਸੁੱਟ ਕੇ ਸੋਨੇ ਦੀ ਚੈਨੀ ਖੋਹ ਕੇ ਫਰਾਰ
ਰਵਿੰਦਰ ਢਿੱਲੋਂ
ਸਮਰਾਲਾ, 30 ਅਪ੍ਰੈਲ 2024 - ਲੁਟੇਰਿਆਂ ਦੇ ਦੇਖੋ ਹੌਸਲੇ ਕਿੰਨੇ ਬੁਲੰਦ ਹੋ ਗਏ। ਦਿਨ ਦਿਹਾੜੇ ਪੁਲਿਸ ਚੌਂਕੀ ਤੋਂ ਥੋੜੀ ਹੀ ਦੂਰੀ ਤੇ 2 ਐਕਟੀਵਾ ਸਕੂਟਰੀ ਸਵਾਰ ਔਰਤਾਂ ਨੂੰ ਸੁੱਟ ਕੇ ਦੋ ਮੋਟਰ ਸਵਾਰ ਲੁਟੇਰੇ ਗਲ ਦੀ ਸੋਨੇ ਦੀ ਚੈਨੀ ਖੋਹ ਕੇ ਫਰਾਰ। ਸਮਰਾਲਾ ਦੇ ਕੋਲ ਪੈਂਦੇ ਪੁਲਿਸ ਹੈਡੋ ਚੌਂਕੀ ਦੇ ਨੇੜੇ ਦੋ ਅਣਪਛਾਤੇ ਲੁਟੇਰਿਆਂ ਨੇ ਦੋ ਐਕਟੀਵਾ ਤੇ ਸਵਾਰ ਚਾਚੀ ਅਤੇ ਭਤੀਜੀ ਨੂੰ ਆਪਣਾ ਨਿਸ਼ਾਨਾ ਬਣਾਇਆ ।ਅਣਪਛਾਤੇ ਲੁਟੇਰਿਆਂ ਨੇ ਐਕਟੀਵਾ ਤੇ ਜਾ ਰਹੀਆਂ ਦੋ ਔਰਤਾਂ ਦੇ ਅੱਗੇ ਆਪਣੇ ਮੋਟਰਸਾਈਕਲ ਲਗਾ ਕੇ ਉਹਨਾਂ ਨੂੰ ਨੀਚੇ ਸੁੱਟ ਦਿੱਤਾ ਅਤੇ ਬਾਅਦ ਦੇ ਵਿੱਚ ਐਕਟੀਵਾ ਸਵਾਰ ਔਰਤ ਦੇ ਗਲੇ ਵਿੱਚ ਪਾਈ ਡੇਢ ਤੋਲੇ ਦੀ ਸੋਨੇ ਦੀ ਚੈਨ ਖੋਹ ਕੇ ਫਰਾਰ ਹੋ ਗਏ । ਐਕਟੀਵਾ ਸਵਾਰ ਦੋ ਔਰਤਾਂ ਵਿੱਚੋਂ ਇੱਕ ਔਰਤ (ਚਾਚੀ) ਬੁਰੀ ਤਰ੍ਹਾਂ ਜ਼ਖਮੀ ਹੋ ਗਈ ਅਤੇ ਭਤੀਜੀ ਦੇ ਵੀ ਸੱਟਾਂ ਲੱਗੀਆਂ ।ਜਿਸ ਨੂੰ ਸਮਰਾਲਾ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਲਿਆਂਦਾ ਗਿਆ । ਪ੍ਰਾਈਵੇਟ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਜਖਮੀ ਔਰਤ ਦੇ ਸਿਰ ਤੇ ਚਾਰ ਟਾਂਕੇ , ਮੱਥੇ ਅਤੇ ਸ਼ਰੀਰ ਦੇ ਹੋਰ ਅੰਗਾਂ ਤੇ ਵੀ ਸੱਟਾਂ ਲੱਗੀਆਂ ਹਨ । ਇਸ ਘਟਨਾ ਦੀ ਜਾਣਕਾਰੀ ਸਮਰਾਲਾ ਪੁਲਿਸ ਨੂੰ ਮਿਲਣ ਤੇ ਸਮਰਾਲਾ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਦੇ ਵਿੱਚ ਜੁੱਟ ਗਈ।
ਜ਼ਖਮੀ ਔਰਤ ਦੇ ਪਤੀ ਹਰਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਪਤਨੀ ਸੁਖਦੀਪ ਕੌਰ ਅਤੇ ਮੇਰੀ ਭਤੀਜੀ ਸੰਦੀਪ ਕੌਰ ਐਕਟੀਵਾ ਤੇ ਸਵਾਰ ਹੋ ਕੇ ਸਮਰਾਲੇ ਸਮਾਨ ਖਰੀਦਣ ਆਈਆਂ ਹੋਈਆਂ ਸਨ ਜਦੋਂ ਦੋਵੇਂ ਜਾਣੀਆਂ ਵਾਪਸ ਆਪਣੇ ਪਿੰਡ ਮੱਲ ਮਾਜਰੇ ਜਾ ਰਹੀਆਂ ਸਨ ਤਾਂ ਹੈਡੋ ਪੁਲਿਸ ਚੌਂਕੀ ਦੇ ਨੇੜੇ ਦੋ ਅਣਪਛਾਤੇ ਲੁਟੇਰਿਆਂ ਨੇ ਜਿਨਾਂ ਵਿੱਚ ਇੱਕ ਮੋਨਾ ਅਤੇ ਇੱਕ ਸਰਦਾਰ ਵਿਅਕਤੀ ਸ਼ਾਮਿਲ ਸੀ ਉਹਨਾਂ ਨੇ ਆਪਣਾ ਮੋਟਰਸਾਈਕਲ ਮੇਰੀ ਘਰਵਾਲੀ ਦੀ ਐਕਟੀਵਾ ਅੱਗੇ ਲਗਾ ਦਿੱਤਾ। ਜਿਸ ਕਾਰਨ ਐਕਟੀਵਾ ਚਾਲਕ ਮੇਰੀ ਘਰਵਾਲੀ ਅਤੇ ਮੇਰੀ ਭਤੀਜੀ ਦੋਵੇਂ ਗਿਰ ਗਈਆਂ। ਅਣਪਛਾਤੇ ਲੁਟੇਰਿਆਂ ਨੇ ਮੇਰੀ ਘਰਵਾਲੀ ਦੇ ਗਲੇ 'ਚ ਪਾਈ ਹੋਈ ਡੇਢ ਤੋਲੇ ਦੀ ਸੋਨੇ ਦੀ ਚੈਨ ਖੋਹ ਕੇ ਫਰਾਰ ਹੋ ਗਏ। ਹਰਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਪਤਨੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਜਿਸ ਨੂੰ ਸਮਰਾਲਾ ਦੇ ਪ੍ਰਾਈਵੇਟ ਹਸਪਤਾਲ ਵੀ ਲਿਆਂਦਾ ਗਿਆ ਅਤੇ ਮੇਰੇ ਘਰਵਾਲੀ ਦੇ ਸਿਰ ਤੇ ਚਾਰ ਟਾਂਕੇ ਵੀ ਲੱਗੇ ਹਨ। ਹਰਿੰਦਰ ਸਿੰਘ ਨੇ ਕਿਹਾ ਕਿ ਮਾਹੌਲ ਇੰਨਾ ਖਰਾਬ ਹੋ ਚੁੱਕਾ ਹੈ ਕਿ ਔਰਤਾਂ ਸਮਾਨ ਖਰੀਦਣ ਸੁਰੱਖਿਅਤ ਸ਼ਹਿਰ ਵੀ ਨਹੀਂ ਜਾ ਸਕਦੀਆਂ। ਪੁਲਿਸ ਪ੍ਰਸ਼ਾਸਨ ਨੂੰ ਅਣਪਛਾਤੇ ਲੁਟੇਰਿਆਂ ਤੇ ਨੱਥ ਪਾਉਣੀ ਚਾਹੀਦੀ ਹੈ।
ਸਮਰਾਲਾ ਪੁਲਿਸ ਦੇ ਏਐਸਆਈ ਸੁਰਾਜਦੀਨ ਨੇ ਦੱਸਿਆ ਕਿ ਦੋ ਔਰਤਾਂ ਆਪਣੀ ਐਕਟੀਵਾ ਤੇ ਸਵਾਰ ਹੋ ਕੇ ਸਮਰਾਲਾ ਤੋਂ ਆਪਣੇ ਪਿੰਡ ਮੱਲ ਮਾਜਰੇ ਜਾ ਰਹੀਆਂ ਸਨ ਤਾਂ ਰਾਸਤੇ ਵਿੱਚ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਐਕਟਿਵਾ ਦੇ ਅੱਗੇ ਆਪਣਾ ਮੋਟਰਸਾਈਕਲ ਲਗਾ ਦਿੱਤਾ। ਪਰ ਲੁਟੇਰੇ ਐਕਟੀਵਾ ਰੋਕਣ ਵਿੱਚ ਨਾਕਾਮ ਰਹੇ ਤਾਂ ਦੁਬਾਰਾ ਦੂਸਰੀ ਵਾਰ ਅਣਪਛਾਤੇ ਲੁਟੇਰਿਆਂ ਨੇ ਐਕਟੀਵਾ ਸਵਾਰ ਔਰਤਾਂ ਦੇ ਅੱਗੇ ਮੋਟਰਸਾਈਕਲ ਲਗਾ ਕੇ ਐਕਟੀਵਾ ਸਵਾਰ ਔਰਤਾਂ ਨੂੰ ਨੀਚੇ ਸੁੱਟ ਦਿੱਤਾ ਅਤੇ ਔਰਤ ਦੇ ਗਲੇ ਵਿੱਚ ਪਾਈ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਏ। ਇਸ ਘਟਨਾ ਦਾ ਪਤਾ ਚਲਦੇ ਹੀ ਸਮਰਾਲਾ ਪੁਲਿਸ ਮੌਕੇ ਤੇ ਪਹੁੰਚੀ ਅਤੇ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ। ਜਲਦ ਹੀ ਦੋਸ਼ੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਣਗੇ।