ਡਾ. ਅਨੁਸ਼ਕਾ ਦੇ ਵਿਛੋੜੇ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ ਸਪੀਕਰ ਸੰਧਵਾਂ
ਕੋਟਕਪੂਰਾ, 30 ਅਪ੍ਰੈਲ 2024 - ਫਾਜ਼ਿਲਕਾ ਦੇ ਸਿਵਲ ਸਰਜਨ ਡਾ ਚੰਦਰ ਸ਼ੇਖਰ ਕੱਕੜ ਦੀ ਹੋਣਹਾਰ ਬੇਟੀ ਦੇ ਅਚਾਨਕ ਸਦੀਵੀ ਵਿਛੋੜਾ ਦੇ ਜਾਣ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਡਾਕਟਰ ਕੱਕੜ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਡਾ. ਅਨੁਸ਼ਕਾ ਦੀ ਯਾਦ ਮਨਾਂ ’ਚ ਹਮੇਸ਼ਾਂ ਬਰਕਰਾਰ ਰਹੇਗੀ। ਉਹਨਾਂ ਦੱਸਿਆ ਕਿ ਡਾ. ਅਨੁਸ਼ਕਾ ਐੱਮ.ਬੀ.ਬੀ.ਐੱਸ. ਦੀ ਪੜਾਈ ਪੂਰੀ ਕਰਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿੱਚ ਇੰਟਰਨਸ਼ਿਪ ਕਰ ਰਹੀ ਸੀ।
ਉਨ੍ਹਾਂ ਦੱਸਿਆ ਕਿ ਡਾ. ਅਨੁਸ਼ਕਾ ਵਲੋਂ ਐੱਮ.ਡੀ. ਦੀ ਤਿਆਰੀ ਵੀ ਜਾਰੀ ਸੀ, ਸ਼ਾਇਦ ਪੜਾਈ ਨੂੰ ਲੈ ਕੇ ਉਸ ਉੱਪਰ ਕੋਈ ਤਣਾਅ ਸੀ, ਜਿਸ ਬਾਰੇ ਉਸ ਨੇ ਆਪਣੇ ਮਾਤਾ-ਪਿਤਾ ਨਾਲ ਕਦੇ ਵੀ ਗੱਲ ਸਾਂਝੀ ਨਹੀਂ ਕੀਤੀ। ਸਪੀਕਰ ਸੰਧਵਾਂ ਨੇ ਡਾ. ਅਨੁਸ਼ਕਾ ਦੇ ਇਸ ਤਰਾਂ ਅਚਾਨਕ ਵਿਛੋੜੇ ਤੋਂ ਬਾਅਦ ਇਲਾਕਾ ਵਾਸੀਆਂ ਵਲੋਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਤੋਂ ਇਲਾਵਾ ਕੁਝ ਪਰਿਵਾਰ ਦੇ ਨਜਦੀਕੀਆਂ ਵਲੋਂ ਸ਼ੋਸ਼ਲ ਮੀਡੀਏ ਰਾਹੀਂ ਦੁੱਖ ਪ੍ਰਗਟ ਕਰਨ ਦੇ ਢੰਗ ਤਰੀਕਿਆਂ ਦਾ ਜਿਕਰ ਕਰਦਿਆਂ ਆਖਿਆ ਕਿ ਡਾ. ਅਨੁਸ਼ਕਾ ਦੀ ਦੋਸਤ ਜੀਆ ਮੌਂਗਾ ਨੇ ਦੁੱਖ ਭਰੀ ਸ਼ਬਦਾਵਲੀ ਵਿੱਚ ਅੰਤ ’ਤੇ ਲਿਖਿਆ ਹੈ ਕਿ ਮਾਪੇ ਆਪਣੀਆਂ ਧੀਆਂ ਨੂੰ ਸਿਰਫ ਤੇ ਸਿਰਫ ਖੁਸ਼ ਦੇਖਣਾ ਚਾਹੁੰਦੇ ਹਨ। ਇਸੇ ਤਰਾਂ ਪਰਿਵਾਰ ਦੇ ਇਕ ਹੋਰ ਜਾਣਕਾਰ ਕੁਲਦੀਪ ਸਿੰਘ ਨੇ ਬੇਵੱਸ ਤੇ ਲਾਚਾਰ ਦੇਖਿਆ ਮੈਂ ਸ਼ਮਸ਼ਾਨ ’ਚ ਬਾਪ ਖੜਾ, ਧੀ ਦੀ ਲਾਸ਼ ਨੂੰ ਲਾਂਬੂ ਦਿੰਦਾ ਭੰਨਦਾ ਦੇਖਿਆ ਮੈਂ ਘੜਾ, ਵਾਲੀ ਕਵਿਤਾ ਰੂਪੀ ਸ਼ਬਦਾਵਲੀ ਨੂੰ ਪੜ ਕੇ ਪੱਥਰ ਦਿਲ ਵੀ ਪਿਘਲ ਜਾਂਦੇ ਹਨ। ਅਰਥਾਤ ਅੱਖਾਂ ’ਚੋਂ ਅੱਥਰੂ ਪਰਲ-ਪਰਲ ਵਹਿ ਤੁਰਦੇ ਹਨ।