ਬਾਰ੍ਹਵੀਂ ਦੇ ਨਤੀਜਿਆਂ ਵਿੱਚ ਲੜਕਿਆਂ ਨੇ ਫੇਰ ਮਾਰੀ ਬਾਜ਼ੀ: ਪਰਮਿੰਦਰ ਕੌਰ ਨੇ ਜਿਲੇ ਵਿੱਚ ਪਹਿਲਾ, ਅਵਨੀਤ ਕੌਰ ਦੂਜਾ ਅਤੇ ਅਮਨਦੀਪ ਕੌਰ ਨੇ ਤੀਜਾ ਸਥਾਨ ਕੀਤਾ ਹਾਸਲ
ਰੋਹਿਤ ਗੁਪਤਾ
ਗੁਰਦਾਸਪੁਰ 30 ਅਪ੍ਰੈਲ 2024 - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀਂ ਦੀਆਂ ਪ੍ਰੀਖਿਆਵਾਂ ਦਾ ਪਰਿਣਾਮ ਘੋਸ਼ਿਤ ਕਰ ਦਿੱਤਾ ਗਿਆ ਹੈ। ਹਾਲਾਂਕਿ ਸੂਬੇ ਵਿੱਚੋਂ ਜ਼ਿਲਾ ਗੁਰਦਾਸਪੁਰ ਪਾਸ ਪ੍ਰਤੀਸ਼ਤ ਦੇ ਹਿਸਾਬ ਨਾਲ 97.21% ਨਾਲ ਦੂਜੇ ਨੰਬਰ ਤੇ ਆਇਆ ਹੈ ਅਤੇ ਜਿਲੇ ਵਿੱਚ ਕੁੱਲ 21625 ਵਿਦਿਆਰਥੀਆਂ ਨੇ ਬਾਰਵੀਂ ਦੀ ਪ੍ਰੀਖਿਆ ਦਿੱਤੀ ਸੀ ਜਿਨਾਂ ਵਿੱਚੋਂ 21022 ਵਿਦਿਆਰਥੀ ਪਾਸ ਹੋਏ ਹਨ। ਜਿਲੇ ਦੇ ਕੁਲ 14 ਵਿਦਿਆਰਥੀਆਂ ਵੱਲੋਂ ਮੈਰਿਟ ਵਿੱਚ ਸਥਾਨ ਹਾਸਿਲ ਕੀਤਾ ਗਿਆ ਹੈ । ਇਹਨਾਂ ਮੈਰਿਟ ਵਿੱਚ ਆਏ ਵਿਦਿਆਰਥੀਆਂ ਦੀ ਬਦੌਲਤ ਮੈਰਿਟ ਸੂਚੀ ਵਿੱਚ ਜਿਲਾ ਗੁਰਦਾਸਪੁਰ ਨੇ ਸੱਤਵਾਂ ਰੈਂਕ ਹਾਸਿਲ ਕੀਤਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਇਹਨਾਂ ਵਿੱਚੋਂ 12 ਵਿਦਿਆਰਥੀ ਸਰਕਾਰੀ ਸਕੂਲਾਂ ਨਾਲ ਸੰਬੰਧਿਤ ਹਨ।
ਮੈਰੀਟੋਰੀਅਸ ਸਕੂਲ ਗੁਰਦਾਸਪੁਰ ਦੇ 8 ਵਿਦਿਆਰਥੀਆਂ ਨੇ ਮੈਰਿਟ ਵਿੱਚ ਸਥਾਨ ਹਾਸਲ ਕੀਤਾ ਹੈ ਜਦਕਿ ਚਾਰ ਹੋਰ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਮੈਰਿਟ ਵਿੱਚ ਆਏ ਹਨ। ਜਦਕਿ ਮੈਰਿਟ ਵਿੱਚ ਆਉਣ ਵਾਲੇ ਦੋ ਵਿਦਿਆਰਥੀ ਨਿਜੀ ਸਕੂਲਾਂ ਦੇ ਵਿੱਚ ਪੜ੍ਨ ਵਾਲੇ ਹਨ। ਬਾਰਵੀਂ ਦੇ ਨਤੀਜੇ ਵਿੱਚ ਵੀ ਹਮੇਸ਼ਾ ਦੀ ਤਰ੍ਹਾਂ ਲੜਕੀਆਂ ਨੇ ਬਾਜ਼ੀ ਮਾਰੀ ਹੈ ਤੇ ਜਿਲਾ ਗੁਰਦਾਸਪੁਰ ਦੀਆਂ 10 ਲੜਕੀਆਂ ਮੈਰਿਟ ਵਿੱਚ ਆਈਆਂ ਹਨ ਜਦਕਿ ਮੈਰਿਜ ਟੂ ਇੱਥੇ ਆਉਣ ਵਾਲੇ ਲੜਕਿਆਂ ਦੀ ਗਿਣਤੀ ਸਿਰਫ ਚਾਰ ਹੈ।
ਜਿਲਾ ਗੁਰਦਾਸਪੁਰ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਲੜਕੀ ਪਰਮਿੰਦਰ ਕੌਰ ਪੁੱਤਰੀ ਦਲਬੀਰ ਸਿੰਘ ਸ਼੍ਰੀ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਕੰਡਿਆਲ ਬਟਾਲਾ ਨਾਲ ਸੰਬੰਧਿਤ ਹੈ ਜਿੰਨੇ 497 ਅੰਕ ਹਾਸਲ ਕਰਕੇ ਜਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਪਰਮਿੰਦਰ ਕੌਰ ਨੇ ਪੰਜਾਬ ਵਿੱਚੋਂ ਚੌਥਾ ਰੈਂਕ ਹਾਸਲ ਕੀਤਾ ਹੈ। ਜ਼ਿਲ੍ਹੇ ਵਿੱਚ ਦੂਜਾ ਸਥਾਨ ਹਾਸਿਲ ਕਰਨ ਵਾਲੀ ਮੈਰਿਟੋਰੀਅਸ ਸਕੂਲ ਗੁਰਦਾਸਪੁਰ ਦੀ ਵਿਦਿਆਰਥਨ ਅਵਨੀਤ ਕੌਰ ਪੁੱਤਰੀ ਲਖਵਿੰਦਰ ਸਿੰਘ ਹਕੀਮਪੁਰ ਦੀ ਰਹਿਣ ਵਾਲੀ ਹੈ੍। ਸੂਬੇ ਵਿੱਚ ਇਸ ਨੇ ਗਿਆਰਵਾਂ ਰੈਂਕ ਹਾਸਿਲ ਕੀਤਾ ਹੈ ਅਤੇ ਉਸ ਨੇ 490 ਅੰਕ ਹਾਸਿਲ ਕੀਤੇ ਹਨ ਜਦ ਕਿ ਜ਼ਿਲੇ ਵਿੱਚ ਤੀਸਰੇ ਸਥਾਨ ਤੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸਕੂਲ ਧੁੱਪਸੜੀ ਦੀ ਵਿਦਿਆਰਥਣ ਸੁਸ਼ੀਮ ਮਹਾਜਨ ਪੁੱਤਰੀ ਮੁਕੇਸ਼ ਮਹਾਜਨ ਨੇ 489 ਅੰਕ ਹਾਸਿਲ ਕੀਤੇ ਹਨ ਅਤੇ ਸੂਬੇ ਵਿੱਚ ਬਾਰਵਾਂ ਰੈਂਕ ਹਾਸਲ ਕੀਤਾ ਹੈ। ਇਸੇ ਤਰ੍ਹਾਂ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਬਟਾਲਾ ਦੀ ਵਿਦਿਆਰਥਨ ਅਮਨਦੀਪ ਕੌਰ ਪੁੱਤਰੀ ਅਰਜਿੰਦਰ ਸਿੰਘ ਨੇ ਵੀ 489 ਅੰਕ ਹਾਸਲ ਕੀਤੇ ਹਨ।
ਜ਼ਿਲਾ ਸਿੱਖਿਆ ਅਧਿਕਾਰੀ ਸਕੈਂਡਰੀ ਰਜੇਸ਼ ਕੁਮਾਰ ਸ਼ਰਮਾ, ਉਪ ਜਿਲ੍ਹਾ ਸਿੱਖਿਆ ਅਧਿਕਾਰੀ ਲਖਵਿੰਦਰ ਸਿੰਘ ਅਤੇ ਜਿਲਾ ਗਾਈਡੈਂਸ ਕੌਂਸਲਰ ਪਰਵਿੰਦਰ ਸਿੰਘ ਸੈਨੀ ਨੇ ਮੈਰਿਟ ਵਿੱਚ ਆਏ ਜਿਲੇ ਦੇ ਸਾਰੇ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਆਸ ਪ੍ਰਗਟ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਹੋਰ ਮਿਹਨਤ ਕਰਕੇ ਆਪਣੇ ਮਨਪਸੰਦ ਖੇਤਰਾਂ ਵਿੱਚ ਕਾਮਯਾਬੀ ਹਾਸਿਲ ਕਰਕੇ ਇਸੇ ਤਰ੍ਹਾਂ ਆਪਣਾ ਅਤੇ ਜਿਲੇ ਦਾ ਨਾਮ ਰੋਸ਼ਨ ਕਰਨਗੇ।