ਸਪੀਕਰ ਸੰਧਵਾਂ ਨੇ ਤੜਕਸਾਰ ਹਰੀ ਨੌ ਦੀ ਦਾਣਾ ਮੰਡੀ ਦਾ ਕੀਤਾ ਅਚਾਨਕ ਦੌਰਾ
ਮੰਡੀਆਂ ’ਚ ਕਿਸਾਨਾ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ : ਸਪੀਕਰ ਸੰਧਵਾਂ
ਕੋਟਕਪੂਰਾ, 1 ਮਈ 2024 :- ਰਵਾਇਤੀ ਪਾਰਟੀਆਂ ਦੀਆਂ ਬਦਲ ਬਦਲ ਕੇ ਬਣਦੀਆਂ ਰਹੀਆਂ ਸਰਕਾਰਾਂ ਮੌਕੇ ਕਿਸਾਨ ਨੂੰ ਬਿਜਲੀ ਦੀ ਨਿਰੰਤਰ ਸਪਲਾਈ ਨਾ ਮਿਲਣ ਕਰਕੇ ਕਿਸਾਨ ਰਾਤਾਂ ਜਾਗ ਜਾਗ ਕੇ ਬੜੀ ਮੁਸ਼ਕਿਲ ਨਾਲ ਫਸਲ ਪਾਲਦਾ ਸੀ ਤੇ ਫਿਰ ਮੰਡੀ ਵਿੱਚ ਫਸਲ ਵੇਚਣ ਮੌਕੇ ਉਸਨੂੰ ਰੋਸ ਪ੍ਰਦਰਸ਼ਨ ਅਤੇ ਧਰਨੇ ਦੇਣ ਲਈ ਮਜਬੂਰ ਹੋਣਾ ਪੈਂਦਾ ਸੀ। ਨੇੜਲੇ ਪਿੰਡ ਹਰੀਨੋ ਦੀ ਦਾਣਾ ਮੰਡੀ ਵਿੱਚ ਅੱਜ ਤੜਕਸਾਰ ਅਚਾਨਕ ਪੁੱਜੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਖੇਤਾਂ ਲਈ ਬਿਜਲੀ ਦੀ ਨਿਰੰਤਰ ਸਪਲਾਈ ਕਰਕੇ ਜਿਸ ਤਰਾਂ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ, ਉਸੇ ਤਰਾਂ ਝੋਨੇ ਅਤੇ ਕਣਕ ਦੀ ਫਸਲ ਵੇਚਣ ਮੌਕੇ ਕਿਸਾਨਾ ਨੂੰ ਕਿਤੇ ਵੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਿਆ।
ਸਪੀਕਰ ਸੰਧਵਾਂ ਨੇ ਫਸਲ ਵੇਚਣ ਆਏ ਕਿਸਾਨਾ ਅਤੇ ਮੰਡੀਆਂ ਵਿੱਚ ਕੰਮ ਕਰ ਰਹੇ ਮਜਦੂਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਕਣਕ ਦੀ ਖਰੀਦ ਅਤੇ ਲਿਫਟਿੰਗ ਸਬੰਧੀ ਖਰੀਦ ਏਜੰਸੀਆਂ ਦੇ ਕੰਮ ’ਤੇ ਤਸੱਲੀ ਪ੍ਰਗਟ ਕਰਦਿਆਂ ਆਖਿਆ ਕਿ ਕਿਸੇ ਵੀ ਕਿਸਾਨ, ਮਜਦੂਰ, ਆੜਤੀਏ, ਪੱਲੇਦਾਰ ਆਦਿ ਨੂੰ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾ ਦੱਸਿਆ ਕਿ ਇਸ ਵਾਰ ਕਿਸਾਨ ਆਪਣੀ ਫਸਲ ਪੂਰੀ ਤਰਾਂ ਸੁਕਾ ਕੇ ਮੰਡੀ ਵਿੱਚ ਲਿਆ ਰਿਹਾ ਹੈ ਅਤੇ ਮੰਡੀ ਬੋਰਡ ਦੇ ਨਿਯਮਾ ਮੁਤਾਬਿਕ ਮਾਪਦੰਡ ’ਤੇ ਪੂਰੀ ਉਤਰਨ ਵਾਲੀ ਕਣਕ ਵੇਚਣ ਵਿੱਚ ਕੋਈ ਸਮੱਸਿਆ ਨਹੀਂ ਆ ਰਹੀ। ਸਪੀਕਰ ਸੰਧਵਾਂ ਨੇ ਮੰਨਿਆ ਕਿ ਮੌਸਮ ਦੀ ਬੇਯਕੀਨੀ, ਤੇਜ ਝੱਖੜ ਅਤੇ ਗੜੇਮਾਰੀ ਦੇ ਬਾਵਜੂਦ ਵੀ ਕਣਕ ਦਾ ਝਾੜ ਵਧੀਆ ਦੇਖਣ ਨੂੰ ਮਿਲਿਆ ਹੈ। ਇਸ ਮੌਕੇ ਪਾਰਟੀ ਆਗੂ ਨਿਰਭੈ ਸਿੰਘ ਸਿੱਧੂ ਸਮੇਤ ਹੋਰ ਵੀ ਪਿੰਡ ਵਾਸੀ ਹਾਜਰ ਸਨ।