ਐਕਸਪ੍ਰੈਸ ਵੇਅ ਉੱਤੇ ਮਿੱਟੀ ਪਾਉਣ ਵਾਲੇ ਟਿੱਪਰ ਨਿਯਮਾਂ ਦੀਆਂ ਉਡਾ ਰਹੇ ਨੇ ਧੱਜੀਆਂ
ਓਵਰ ਲੋਡ ਅਤੇ ਬਿਨਾਂ ਮਿੱਟੀ ਢੱਕੇ ਟਿੱਪਰ ਰਾਹਗੀਰਾਂ ਲਈ ਬਣ ਰਹੇ ਦੁਰਘਟਨਾਵਾਂ ਦਾ ਕਾਰਨ ਜੀ ਕਿੰਨੇ ਆ ਜਿਹੜਾ
ਰੋਹਿਤ ਗੁਪਤਾ
ਗੁਰਦਾਸਪੁਰ , 1 ਮਈ 2024 : ਜ਼ਿਲ੍ਹਾ ਗੁਰਦਾਸਪੁਰ ਵਿਚੋਂ ਲੰਘਣ ਵਾਲੇ ਦਿੱਲੀ-ਕਟੜਾ ਉਸਾਰੀ ਅਧੀਨ ਐਕਸਪ੍ਰੈਸ ਵੇਅ ਉੱਤੇ ਮਿੱਟੀ ਪਾਉਣ ਵਾਲੇ ਟਿੱਪਰ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਇਸ ਸਬੰਧੀ ਗੱਲ ਕਰਦਿਆਂ ਕਿਸਾਨ ਆਗੂ ਸੁਖਵੰਤ ਸਿੰਘ ਅਤੇ ਮਾਰਕੀਟ ਕਮੇਟੀ ਦੇ ਪ੍ਰਧਾਨ ਅਸ਼ਵਨੀ ਕੁਮਾਰ, ਅਨਿਲ ਤਿਵਾੜੀ, ਧਰਮਪਾਲ , ਸੁਖਵਿੰਦਰ ਸਿੰਘ,ਸੁਖਵਿੰਦਰ ਸਿੰਘ ਸੈਣੀ , ਸੋਨੂ ਠਾਕਰ, ਰਾਣਾ, ਲਵਲੀ ਸਵੀਟ, ਰਮੇਸ਼ ਕੁਮਾਰ ਬੰਟੀ ਸਵੀਟ , ਲਖਵਿੰਦਰ ਜਾਗੋਵਾਲ ,ਜਨਕ ਰਾਜ ਸਾਬੀ ਅਤੇ ਜਸਵੀਰ ਸਿੰਘ ਜੱਸ ਨੇ ਕਿਹਾ ਕਿ ਦਿੱਲੀ ਕਟੜਾ ਐਕਸਪ੍ਰੈਸ ਵੇਅ ਜਿਸ ਦੀ ਉਸਾਰੀ ਜੰਗੀ ਪੱਧਰ ਉੱਤੇ ਚੱਲ ਰਹੀ ਹੈ। ਇਸ ਮਾਰਗ ਦੀ ਉਸਾਰੀ ਦਾ ਕੰਮ ਹੁਣ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੀ ਪੂਰੇ ਜ਼ੋਰ ਸ਼ੋਰ ਨਾਲ ਸ਼ੁਰੂ ਹੋ ਚੁੱਕਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਅਜਿਹੇ ਐਕਸਪ੍ਰੈਸ ਵੇਅ ਦੀ ਉਸਾਰੀ ਕਰਨਾ ਦੇਸ਼ ਦੀ ਤਰੱਕੀ ਵਿੱਚ ਮੀਲ ਪੱਥਰ ਸਾਬਤ ਹੋਵੇਗਾ।
ਅਜਿਹੇ ਮਾਰਗਾਂ ਨੂੰ ਸਮੇਂ ਸਿਰ ਪੂਰਾ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਪਰ ਇਸ ਐਕਸਪ੍ਰੈਸ ਵੇਅ ਉੱਤੇ ਮਿੱਟੀ ਪਾਉਣ ਦਾ ਕੰਮ ਕਰਨ ਵਾਲੇ ਟਿਪਰਾਂ ਦੇ ਡਰਾਈਵਰ ਟਰੈਫ਼ਿਕ ਦੇ ਨਿਯਮਾਂ ਦੀ ਸ਼ਰੇਆਮ ਧੱਜੀਆਂ ਉਡਾ ਰਹੇ ਹਨ। ਕਿਉਂਕਿ ਇਹ ਭਾਰੀ ਭਰਕਮ ਟਿੱਪਰ ਮਿੱਟੀ ਨਾਲ ਓਵਰ ਲੋਡ ਹਾਲਤ ਵਿੱਚ ਪਿੰਡਾਂ ਅਤੇ ਬਾਜ਼ਾਰਾਂ ਵਿੱਚੋਂ ਦੀ ਲੰਘਦੇ ਹਨ। ਟਿੱਪਰਾਂ ਵਿੱਚ ਪਾਈ ਮਿੱਟੀ ਨੂੰ ਨਿਯਮਾਂ ਅਨੁਸਾਰ ਪੂਰੀ ਤਰਾਂ ਢੱਕਣਾਂ ਜ਼ਰੂਰੀ ਹੈ। ਪਰ ਹਕੀਕਤ ਵਿੱਚ ਇਹ ਟਿੱਪਰ ਓਵਰ ਲੋਡ ਹੋਣ ਦੇ ਨਾਲ ਨਾਲ ਟਿੱਪਰ ਉੱਤੇ ਲੱਦੀ ਮਿੱਟੀ ਨੂੰ ਵੀ ਨਹੀਂ ਢੱਕਦੇ। ਜਿਸ ਕਾਰਨ ਮਿੱਟੀ ਉਡ ਉਡ ਕੇ ਰਾਹਗੀਰਾਂ ਦੀਆਂ ਅੱਖਾਂ ਵਿੱਚ ਪੈ ਕੇ ਦੁਰਘਟਨਾਵਾਂ ਦਾ ਸਬੱਬ ਬਣ ਰਹੀ ਹੈ ਅਤੇ ਨਾਲ ਹੀ ਸੜਕ ਕਿਨਾਰੇ ਪਗਡੰਡੀ ਤੇ ਵੀ ਚੁਪਰਾ ਤੋਂ ਉੱਡ ਕੇ ਆਈ ਮਿੱਟੀ ਨੇ ਇੱਕ ਵੱਖਰੀ ਹੀ ਪਰਤ ਬਣਾ ਦਿੱਤੀ ਹੈ।
ਇਸ ਤੋਂ ਇਲਾਵਾ ਬਹੁਤ ਸਾਰੇ ਟਿੱਪਰ ਬਿਨਾਂ ਨੰਬਰ ਪਲੇਟਾਂ ਦੇ ਚੱਲ ਰਹੇ ਹਨ ਜਦੋਂ ਕਿ ਇਹ ਸਭ ਗੈਰ ਕਾਨੂੰਨੀ ਹੈ। ਹਾਲਾਂਕਿ ਮਾਈਨਿੰਗ ਵਿਭਾਗ ਦੇ ਅਧਿਕਾਰੀ ਅਭਿਸ਼ੇਕ ਅਨੁਸਾਰ ਐਕਸਪ੍ਰੈਸ ਵੇ ਦਾ ਕੰਮ ਕਰ ਰਹੀ ਕੰਪਨੀ ਐਮ ਕੇ ਸੀ ਦੇ ਅਧਿਕਾਰੀਆਂ ਨੂੰ ਨਿਯਮਾਂ ਦਾ ਪਾਲਣ ਕਰਨ ਦੇ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ ਪਰ ਮਾਈਨਿੰਗ ਵਿਭਾਗ ਦੀਆਂ ਇਨਾ ਹਿਦਾਇਤਾਂ ਨੂੰ ਕੰਪਨੀ ਦੇ ਅਧਿਕਾਰੀਆਂ ਵੱਲੋਂ ਦਰਕਿਨਾਰ ਕਰ ਦਿੱਤਾ ਗਿਆ ਹੈ। ਜਿਸ ਤੋਂ ਸਾਫ ਜਾਹਰ ਹੈ ਕਿ ਕੰਪਨੀ ਦੇ ਅਧਿਕਾਰੀ ਜਾਣ ਬੁੱਝ ਕੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ
ਦੂਜੇ ਪਾਸੇ KMC ਦੇ ਉੱਚ ਅਧਿਕਾਰੀ ਅਸ਼ਵਨੀ ਡੋਗਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜੇਕਰ ਢੋਆ ਢੁਆਈ ਦੇ ਕੰਮ ਵਿੱਚ ਅਜਿਹੀਆਂ ਬੇਨਿਯਮੀਆਂ ਚੱਲ ਰਹੀਂ ਹਨ ਤਾਂ ਉਹ ਤੁਰੰਤ ਹੀ ਇਸ ਵੱਲ ਧਿਆਨ ਦੇ ਕੇ ਅਜਿਹੀਆਂ ਬੇਨਿਯਮੀਆਂ ਨੂੰ ਨੱਥ ਪਾਉਣਗੇ। ਐਕਸਪ੍ਰੈਸ ਵੇਅ ਬਣਾਉਣ ਦਾ ਕੰਮ ਆਮ ਰਾਹਗੀਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਪ੍ਰੇਸ਼ਾਨ ਕੀਤੇ ਬਿਨਾਂ ਕਰਵਾਇਆ ਜਾਵੇਗਾ।