ਠੇਕੇ 'ਤੇ ਲਈ ਪੰਚਾਇਤੀ ਜ਼ਮੀਨ ਵਿੱਚ ਬੀਜੀ ਕਣਕ, ਕਿਸੇ ਹੋਰ ਨੇ ਵੱਢਣ ਦੀ ਕੀਤੀ ਕੋਸ਼ਿਸ਼, ਪੁਲਿਸ ਜਾਂਚ ਸ਼ੁਰੂ
- ਪੁਲਿਸ ਨੇ ਟਰੈਕਟਰ ,ਕੰਬਾਈਨ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਸ਼ੁਰੂ
ਰੋਹਿਤ ਗੁਪਤਾ
ਗੁਰਦਾਸਪੁਰ,2 ਅਪ੍ਰੈਲ 2024 - ਥਾਣਾ ਸਦਰ ਦੇ ਪਿੰਡ ਸਰਾਵਾਂ ਵਿੱਚ ਬੁੱਧਵਾਰ ਦੀ ਦੇਰ ਰਾਤ ਨੂੰ ਕੁਝ ਵਿਅਕਤੀਆਂ ਵਲੋਂ ਕਿਸੇ ਹੋਰ ਵੱਲੋਂ ਠੇਕੇ ਤੇ ਲਈ ਗਈ ਪੰਚਾਇਤੀ ਜਮੀਨ ਵਿੱਚ ਬੀਜੀ ਗਈ ਵੱਢਣ ਦੀ ਕੋਸ਼ਿਸ਼ ਕੀਤੀ ਗਈ। ਇਸ ਬਾਰੇ ਪਤਾ ਲੱਗਣ ’ਤੇ ਉਸ ਨੇ ਥਾਣਾ ਸਦਰ ਪੁਲੀਸ ਨੂੰ ਸੂਚਿਤ ਕੀਤਾ। ਜਦੋਂ ਪੁਲੀਸ ਦੀਆਂ ਗੱਡੀਆਂ ਮੌਕੇ ’ਤੇ ਪੁੱਜੀਆਂ ਤਾਂ ਕਣਕ ਵੱਢਣ ਵਾਲਿਆਂ ਵੱਲੋਂ ਟਰੈਕਟਰ ਟਰਾਲੀਆਂ ਅਤੇ ਕੰਬਾਈਨ ਸਮੇਤ ਉਥੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਰਸਤੇ ਵਿੱਚ ਕਣਕ ਦੀ ਭਰੀ ਟਰਾਲੀ ਫਸ ਗਈ ਅਤੇ ਕੁਝ ਦੂਰੀ ’ਤੇ ਜਾ ਕੇ ਕੰਬਾਈਨ ਵੀ ਬੰਦ ਹੋ ਜਾਣ ਕਾਰਨ ਪੁਲੀਸ ਨੇ ਦੋਵਾਂ ਨੂੰ ਕਾਬੂ ਕਰ ਲਿਆ। ਇਸ ਮਾਮਲੇ 'ਚ ਅਜੇ ਤੱਕ ਕਿਸੇ ਨੂੰ ਹਿਰਾਸਤ 'ਚ ਨਹੀਂ ਲਿਆ ਗਿਆ ਹੈ। ਇਸ ਸਬੰਧੀ ਪੀੜਤ ਧਿਰ ਨੇ ਥਾਣਾ ਸਦਰ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ।
ਪਿੰਡ ਸਰਾਏ ਦੇ ਵਸਨੀਕ ਸਤਨਾਮ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਪਿੰਡ ਸਰਾਏ ਦੀ 12 ਏਕੜ ਪੰਚਾਇਤੀ ਜ਼ਮੀਨ ’ਤੇ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ, ਜਿਸ ਦਾ ਪੰਚਾਇਤ ਨੇ ਹਾਈਕੋਰਟ ਵਿੱਚ ਕੇਸ ਜਿੱਤ ਲਿਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਪੁਲਿਸ ਫੋਰਸ ਦੇ ਨਾਲ ਜ਼ਮੀਨ ਦਾ ਕਬਜ਼ਾ ਛੁਡਵਾ ਲਿਆ ਸੀ। ਇਸ ਤੋਂ ਬਾਅਦ ਉਸ ਨੇ ਉਕਤ 12 ਏਕੜ ਪੰਚਾਇਤੀ ਜ਼ਮੀਨ ਠੇਕੇ 'ਤੇ ਲੈ ਲਈ ਸੀ, ਜਿਸ 'ਤੇ ਉਸ ਨੇ ਕਣਕ ਦੀ ਬਿਜਾਈ ਕੀਤੀ ਸੀ। ਇਹ ਲੋਕ ਕਥਿਤ ਤੌਰ ਤੇ ਇਸ ਜ਼ਮੀਨ 'ਤੇ ਮੁੜ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਹਰ ਰੋਜ਼ ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪਰੇਸ਼ਾਨ ਕਰਦੇ ਰਹਿੰਦੇ ਹਨ।
ਸਤਨਾਮ ਸਿੰਘ ਨੇ ਦੱਸਿਆ ਕਿ ਸਾਨੂੰ ਪਤਾ ਸੀ ਕਿ ਜਦੋਂ ਅਸੀਂ ਇਸ ਜ਼ਮੀਨ ਤੋਂ ਕਣਕ ਦੀ ਵਾਢੀ ਕਰਾਂਗੇ ਤਾਂ ਦੂਜੀ ਧਿਰ ਦੇ ਲੋਕ ਸਾਡੇ ਨਾਲ ਜ਼ਰੂਰ ਲੜਨਗੇ, ਜਿਸ ਲਈ ਅਸੀਂ ਪ੍ਰਸ਼ਾਸਨ ਤੋਂ ਪੁਲਸ ਸੁਰੱਖਿਆ ਦੀ ਮੰਗ ਕੀਤੀ ਸੀ ਤਾਂ ਜੋ ਅਸੀਂ ਕਣਕ ਦੀ ਵਾਢੀ ਕਰ ਸਕੀਏ। ਕਰੀਬ ਇੱਕ ਹਫ਼ਤਾ ਪਹਿਲਾਂ ਕੁਝ ਲੋਕਾਂ ਨੇ ਸਾਡੀ ਜ਼ਮੀਨ ਵਿੱਚੋਂ ਇੱਕ ਕਨਾਲ ਕਣਕ ਦੀ ਕਟਾਈ ਕਰਕੇ ਲੈ ਗਏ ਸਨ। ਅਸੀਂ ਇਸ ਸਬੰਧੀ ਥਾਣਾ ਸਦਰ ਵਿਖੇ ਸ਼ਿਕਾਇਤ ਵੀ ਦਰਜ ਕਰਵਾਈ ਸੀ। ਉਸ ਤੋਂ ਬਾਅਦ ਅਸੀਂ ਖੇਤਾਂ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਬੁੱਧਵਾਰ ਦੀ ਦੇਰ ਰਾਤ ਸਾਨੂੰ ਪਤਾ ਲੱਗਾ ਕਿ ਕੁਝ ਲੋਕ ਕੰਬਾਈਨ ਨਾਲ ਕਣਕ ਦੀ ਕਟਾਈ ਕਰ ਰਹੇ ਸਨ। ਅਸੀਂ ਉਸੇ ਸਮੇਂ ਸਦਰ ਥਾਣੇ ਨੂੰ ਸੂਚਿਤ ਕੀਤਾ। ਉਸ ਨੇ ਦੱਸਿਆ ਕਿ ਉਸ ਦੀ 12 ਏਕੜ ਕਣਕ ਵਿੱਚੋਂ ਚਾਰ ਕਣਕ ਦੀ ਕਟਾਈ ਹੋ ਚੁੱਕੀ ਹੈ।
ਥਾਣਾ ਸਦਰ ਦੇ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ। ਜਦੋਂ ਪੁਲੀਸ ਟੀਮ ਮੌਕੇ ’ਤੇ ਪੁੱਜੀ ਤਾਂ ਕਣਕ ਨਾਲ ਲੱਦੀ ਇੱਕ ਟਰੈਕਟਰ ਟਰਾਲੀ ਉਥੋਂ ਭੱਜ ਗਈ, ਜਦੋਂਕਿ ਪੁਲੀਸ ਨੇ ਇੱਕ ਹੋਰ ਟਰਾਲੀ ਅਤੇ ਕੰਬਾਈਨ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।