ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਭਾਜਪਾ ਨੇ ਬਦਲ ਲਈ ਰਣਨੀਤੀ
ਹੁਣ ਵਰਕਰਾਂ ਦੇ ਭਰੋਸੇ ਅੱਗੇ ਵਧੇਗੀ ਪ੍ਰਚਾਰ ਮੁਹਿੰਮ
ਰੋਹਿਤ ਗੁਪਤਾ
ਗੁਰਦਾਸਪੁਰ , 3 ਮਈ 2024 : ਲੋਕ ਸਭਾ ਚੋਣਾਂ ਵਿੱਚ ਪੂਰੇ ਸੂਬੇ ਵਿੱਚ ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨ ਭਾਜਪਾ ਉਮੀਦਵਾਰਾਂ ਨੂੰ ਘੇਰ ਕੇ ਉਹਨਾਂ ਕੋਲੋਂ ਸਵਾਲ ਪੁੱਛ ਰਹੇ ਹਨ ਜਦ ਕਿ ਮੌਕੇ ਤੇ ਮੌਜੂਦ ਪੁਲਿਸ ਕਰਮਚਾਰੀ ਵੀ ਕਿਸਾਨਾਂ ਅੱਗੇ ਬੇਬਸ ਨਜ਼ਰ ਆ ਰਹੇ ਹਨ ਜਿਸ ਕਾਰਨ ਭਾਜਪਾ ਉਮੀਦਵਾਰਾਂ ਨੂੰ ਆਪਣਾ ਪ੍ਰਚਾਰ ਕਰਨ ਵਿੱਚ ਮੁਸ਼ਕਿਲ ਪੇਸ਼ ਆ ਰਹੀ ਹੈ।
ਹੁਣ ਭਾਜਪਾ ਹਾਈਕਮਾਨ ਦੇ ਨਿਰਦੇਸ਼ਾਂ ਤੇ ਪਾਰਟੀ ਦੀ ਸੂਬਾ ਇਕਾਈ ਵੱਲੋ ਪੰਜਾਬ ਵਿੱਚ ਆਪਣੀ ਰਣਨੀਤੀ ਬਦਲਣ ਦੇ ਸੰਕੇਤ ਮਿਲ ਰਹੇ ਹਨ। ਪਾਰਟੀ ਦੇ ਅੰਦਰੂਨੀ ਸੂਤਰਾਂ ਅਨੁਸਾਰ ਭਾਜਪਾ ਵੱਲੋਂ ਹੁਣ ਪੰਜਾਬ ਦੀਆਂ ਲੋਕ ਸਭਾ ਚੋਣਾਂ ਆਪਣੇ ਵਰਕਰਾਂ ਦੇ ਸਿਰ ਤੇ ਲੜਨ ਦੀ ਰਣਨੀਤੀ ਅਪਣਾ ਲਈ ਗਈ ਹੈ। ਇਸ ਦੇ ਤਹਿਤ ਵੱਖ-ਵੱਖ ਇਲਾਕਾਈ ਆਗੂਆਂ ਅਤੇ ਵਰਕਰਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਕੰਮਾਂ ਤੇ ਭਾਜਪਾ ਦੀਆ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਦੀ ਜਿੰਮੇਦਾਰੀ ਦਿੱਤੀ ਜਾ ਰਹੀ ਹੈ। ਇਨਾਂ ਕੰਮਾਂ ਵਿੱਚ 370 ਤੋੜਨਾ, ਰਾਮ ਮੰਦਿਰ ਦਾ ਨਿਰਮਾਣ, ਸਿਹਤ ਬੀਮਾ,ਉਜਵਲਾ ਤੇ ਹੋਰ ਵੱਖ ਵੱਖ ਯੋਜਨਾਵਾਂ ਅਤੇ ਵਿਦੇਸ਼ਾਂ ਵਿੱਚ ਭਾਰਤ ਦੀ ਚੜਤ ਆਦਿ ਜਿਹੀਆਂ ਕੇਂਦਰ ਸਰਕਾਰ ਦੀਆਂ ਸਫਲਤਾਵਾਂ ਮੁੱਖ ਤੌਰ ਤੇ ਸ਼ਾਮਿਲ ਹਨ ਜਿਨਾਂ ਦੀ ਜਾਣਕਾਰੀ ਆਮ ਲੋਕਾਂ ਤੱਕ ਪਹੁੰਚਾਉਣ ਦੀ ਜਿੰਮੇਦਾਰੀ ਭਾਜਪਾ ਵਰਕਰਾਂ ਅਤੇ ਆਗੂਆਂ ਨੂੰ ਦਿੱਤੀ ਜਾ ਰਹੀ ਹੈ।
ਭਾਜਪਾ ਸੂਤਰਾਂ ਦੇ ਹਵਾਲੇ ਤੋਂ ਮਿਲੀ ਇਸ ਜਾਣਕਾਰੀ ਦੀ ਪੁਸ਼ਟੀ ਗੁਰਦਾਸਪੁਰ ਦੇ ਇੱਕ ਨਿਜੀ ਰੈਸਟੋਰੈਂਟ ਵਿੱਚ ਬੀਤੇ ਦਿਨ ਹੋਈ ਇੱਕ ਵੱਡੀ ਮੀਟਿੰਗ ਤੋਂ ਹੁੰਦੀ ਹੈ ਜਿਸ ਵਿੱਚ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ, ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਜਿਹੇ ਉੱਘੇ ਲੀਡਰਾਂ ਦੇ ਸ਼ਾਮਿਲ ਹੋਣ ਦੇ ਬਾਵਜੂਦ ਕਿਸਾਨਾਂ ਦੇ ਵਿਰੋਧ ਦੀ ਸੰਭਾਵਨਾ ਦੇ ਚਲਦਿਆਂ ਜਨਤਕ ਤੌਰ ਤੇ ਇਹ ਮੀਟਿੰਗ ਨਹੀਂ ਕੀਤੀ ਗਈ ਅਤੇ ਮੀਡੀਆ ਨੂੰ ਵੀ ਇਸ ਦੀ ਅੱਗੇਤੀ ਜਾਣਕਾਰੀ ਦੇਣ ਦੀ ਬਜਾਏ ਮੀਟਿੰਗ ਤੋਂ ਬਾਅਦ ਸਿਰਫ ਪ੍ਰੈਸ ਨੋਟ ਭੇਜਿਆ ਗਿਆ । ਜਦੋਂ ਇਸ ਬਾਰੇ ਭਾਜਪਾ ਆਗੂਆਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਹ ਸਿਰਫ ਵਰਕਰ ਮੀਟਿੰਗ ਸੀ। ਇਸ ਲਈ ਇਸ ਵਿੱਚ ਆਮ ਲੋਕਾਂ ਅਤੇ ਮੀਡੀਆ ਨੂੰ ਨਹੀਂ ਬੁਲਾਇਆ ਗਿਆ।
ਇਹ ਵੀ ਖੁਲਾਸਾ ਹੋਇਆ ਹੈ ਕਿ ਇਸ ਮੀਟਿੰਗ ਵਿੱਚ ਸ਼ਾਮਿਲ ਆਗੂਆਂ ਤੇ ਵਰਕਰਾਂ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਫਲਤਾਵਾਂ ਘਰ ਘਰ ਪਹੁੰਚਾਉਣ ਦੀ ਜਿੰਮੇਦਾਰੀ ਸੌਂਪੀ ਗਈ ਹੈ। ਜਾਹਰ ਹੈ ਕਿ ਹੁਣ ਉਮੀਦਵਾਰ ਦੇ ਪ੍ਰਚਾਰ ਦੀ ਜ਼ਿੰਮੇਦਾਰੀ ਭਾਜਪਾ ਵਲੋਂ ਆਪਣੇ ਵਰਕਰਾਂ ਤੇ ਸੁੱਟ ਦਿੱਤੀ ਗਈ ਹੈ ਅਤੇ ਕਿਸਾਨਾਂ ਦੇ ਵਿਰੋਧ ਦੇ ਚਲਦਿਆਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਵੱਲੋਂ ਵੀ ਆਪਣੀਆਂ ਜਨਤਕ ਰੈਲੀਆਂ ਤੇ ਮੀਟਿੰਗਾਂ ਗੁਪ ਚੁਪ ਤਰੀਕੇ ਨਾਲ ਕਰਨ ਦੀ ਰਣਨੀਤੀ ਅਪਣਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਭਾਜਪਾ ਵੱਲੋਂ ਅਪਣਾਈ ਜਾ ਰਹੀ ਇਸ ਰਣਨੀਤੀ ਦਾ ਸਿੱਟਾ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਤਾਂ ਚਾਰ ਜੂਨ ਨੂੰ ਵੋਟਾਂ ਦੀ ਗਿਣਤੀ ਦੇ ਦਿਨ ਹੀ ਪਤਾ ਚੱਲੇਗਾ ।