ਦਿੱਲੀ ਸ਼ਰਾਬ ਘਪਲਾ ਮਾਮਲਾ : ਵਕੀਲ ਵਿਨੋਦ ਚੌਹਾਨ ਨੂੰ 7 ਮਈ ਤੱਕ ਭੇਜਿਆ ਜੇਲ੍ਹ
ਨਵੀਂ ਦਿੱਲੀ, 4 ਮਈ 2024 : ਦਿੱਲੀ ਸ਼ਰਾਬ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਵਕੀਲ ਵਿਨੋਦ ਚੌਹਾਨ ਨੂੰ ਰੌਜ਼ ਐਵੇਨਿਊ ਅਦਾਲਤ ਨੇ 7 ਮਈ ਤੱਕ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਗ੍ਰਿਫਤਾਰ ਮੁਲਜ਼ਮ ਵਿਨੋਦ ਚੌਹਾਨ ਨੂੰ ਈਡੀ ਨੇ ਸ਼ਨੀਵਾਰ ਨੂੰ ਦਿੱਲੀ ਦੀ ਰੌਜ਼ ਐਵੇਨਿਊ ਅਦਾਲਤ ਵਿੱਚ ਪੇਸ਼ ਕੀਤਾ। ਈਡੀ ਨੇ ਦੋਸ਼ੀ ਵਿਨੋਦ ਚੌਹਾਨ ਦੀ 4 ਦਿਨ ਦੀ ਹਿਰਾਸਤ ਦੀ ਮੰਗ ਕੀਤੀ ਸੀ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਹੈ। ਵਿਨੋਦ ਚੌਹਾਨ 'ਤੇ ਗੋਆ ਚੋਣਾਂ ਲਈ ਆਮ ਆਦਮੀ ਪਾਰਟੀ ਨੂੰ ਕਥਿਤ ਤੌਰ 'ਤੇ ਰਿਸ਼ਵਤ ਦੇਣ ਦਾ ਦੋਸ਼ ਸੀ।
ਈਡੀ ਨੇ ਵਿਨੋਦ ਚੌਹਾਨ 'ਤੇ ਦੋਸ਼ ਲਗਾਇਆ ਸੀ ਕਿ ਵਿਨੋਦ ਚੌਹਾਨ ਤੋਂ 1.06 ਕਰੋੜ ਰੁਪਏ ਜ਼ਬਤ ਕੀਤੇ ਗਏ ਸਨ। ਜਾਂਚ ਏਜੰਸੀ ਨੇ ਅਦਾਲਤ ਨੂੰ ਦੱਸਿਆ ਕਿ ਵਿਨੋਦ ਚੌਹਾਨ ਨੂੰ ਪਤਾ ਸੀ ਕਿ ਇਹ ਪੈਸਾ ਦਿੱਲੀ ਸ਼ਰਾਬ ਘੁਟਾਲੇ ਤੋਂ ਜੁਰਮ ਦੀ ਕਮਾਈ ਤੋਂ ਲਿਆ ਗਿਆ ਸੀ। ਈਡੀ ਨੇ ਅਦਾਲਤ ਵਿੱਚ ਇਹ ਵੀ ਕਿਹਾ ਕਿ ਵਿਨੋਦ ਚੌਹਾਨ ਨੇ ਇਹ ਪੈਸਾ ਹਵਾਲਾ ਰਾਹੀਂ ਗੋਆ ਚੋਣਾਂ ਲਈ ਭੇਜਿਆ ਸੀ। ਇਨ੍ਹਾਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਵਿਨੋਦ ਚੌਹਾਨ ਨੂੰ 7 ਮਈ ਤੱਕ ਹਿਰਾਸਤ 'ਚ ਭੇਜ ਦਿੱਤਾ ਹੈ।