ਮੋਟਰਸਾਈਕਲ ਚੋਰ ਹਰ ਰੋਜ਼ ਪੁਲਿਸ ਨੂੰ ਦੇ ਰਹੇ ਚੁਣੌਤੀ
ਰੋਹਿਤ ਗੁਪਤਾ
ਗੁਰਦਾਸਪੁਰ 4 ਮਈ 2024 - ਇੱਕ ਪਾਸੇ ਚੋਣ ਜਾਬਤੇ ਦੇ ਚਲਦਿਆਂ ਪੁਲਿਸ ਸਾਰੀਆਂ ਤਿਆਰੀਆਂ ਮੁਕੰਮਲ ਕਰਨ, ਗੈਰ ਸਮਾਜਿਕ ਤੱਤਾ ਅਤੇ ਸ਼ਹਿਰੋਂ ਬਾਹਰ ਜਾਣ ਵਾਲੇ ਅਤੇ ਸ਼ਹਿਰ ਵਿੱਚ ਦਾਖਲ ਹੋਣ ਵਾਲੇ ਵਾਹਨ ਚਾਲਕਾਂ ਤੇ ਲਗਾਤਾਰ ਨਜ਼ਰ ਰੱਖਣ ਅਤੇ ਹਾਈਵੇ ਅਤੇ ਗਲੀਆਂ ਮੁਹੱਲਿਆਂ ਵਿੱਚ ਪੀਸੀਆਰ ਕਰਮਚਾਰੀਆਂ ਦੀ ਲਗਾਤਾਰ ਗਸ਼ਤ ਹੋਣ ਦੇ ਦਾਵੇ ਕਰ ਰਹੀ ਹੈ ਪਰ ਦੂਜੇ ਪਾਸੇ ਚੋਰੀ ਅਤੇ ਲੁੱਟ ਖੋਹ ਦੀਆਂ ਲਗਾਤਾਰ ਹੋ ਰਹੀਆਂ ਵਾਰਦਾਤਾਂ ਪੁਲਿਸ ਤੇ ਇਹਨਾਂ ਦਾਵਿਆਂ ਨੂੰ ਖੋਖਲਾ ਸਾਬਤ ਕਰ ਰਹੀਆਂ ਹਨ। ਚੋਰਾਂ ਦੇ ਹੌਸਲੇ ਇਨੇ ਬੁਲੰਦ ਹਨ ਕਿ ਉਹ ਸਰੇਆਮ ਅਤੇ ਦਿਨ ਦਿਹਾੜੇ ਘਰਾਂ ਦੇ ਬਾਹਰ ਲੱਗੇ ਮੋਟਰਸਾਈਕਲ ਚੋਰੀ ਕਰ ਰਹੇ ਹਨ।
ਪਿਛਲੇ ਦੋ ਦਿਨਾਂ ਵਿੱਚ ਘਰ ਦੇ ਅੱਗੇ ਲੱਗੇ ਦੋ ਮੋਟਰਸਾਈਕਲ ਚੋਰੀ ਹੋਣ ਦੀ ਵੱਖ ਵੱਖ ਵਾਰਦਾਤਾਂ ਸਾਹਮਣੇ ਆਈਆਂ ਹਨ । ਪਿੰਡ ਬਰਿਆਰ ਵਿਖੇ ਸਰਕਾਰੀ ਸਕੂਲ ਦੇ ਸਾਹਮਣੇ ਗਲੀ ਵਿੱਚ ਰਹਿਣ ਵਾਲੇ ਹਰਜਿੰਦਰ ਸਿੰਘ ਪੁੱਤਰ ਰੂੜ ਸਿੰਘ ਨੇ ਦੱਸਿਆ ਕਿ ਉਸਨੇ ਬੀਤੇ ਦਿਨ ਆਪਣਾ ਲਾਲ ਰੰਗ ਦਾ ਸਪਲੈਂਡਰ ਮੋਟਰਸਾਈਕਲ ਪੀਬੀ 06 Y 0975 ਘਰ ਦੇ ਗੇਟ ਦੇ ਬਾਹਰ ਲਗਾਇਆ ਸੀ। ਜਿਸ ਨੂੰ 15 ਮਿੰਟ ਦੇ ਅੰਤਰਾਲ ਵਿੱਚ ਕੋਈ ਅਣਪਛਾਤਾ ਚੋਰ ਚੋਰੀ ਕਰਕੇ ਲੈ ਗਿਆ ਹੈ। ਉਸਨੇ ਦੱਸਿਆ ਕਿ ਨੇੜੇ ਦੇ ਕਿਸੇ ਕੈਮਰੇ ਵਿੱਚ ਮੂੰਹ ਅਤੇ ਸਿਰ ਨੂੰ ਕੱਪੜੇ ਨਾਲ ਲਪੇਟੇ ਚੋਰ ਦੀ ਤਸਵੀਰ ਕੈਦ ਹੋਈ ਹੈ ਅਤੇ ਮਾਮਲੇ ਦੀ ਸ਼ਿਕਾਇਤ ਬਰਿਆਰ ਚੋਕੀ ਪੁਲਿਸ ਨੂੰ ਕਰ ਦਿੱਤੀ ਗਈ ਹੈ ।
ਇਸੇ ਤਰ੍ਹਾਂ ਸ਼ਹਿਰ ਦੇ ਆਦਰਸ਼ ਨਗਰ ਮੁਹੱਲੇ ਵਿੱਚ ਰਹਿਣ ਵਾਲੇ ਪੰਡਿਤ ਦਿਨੇਸ਼ ਸ਼ਾਸਤਰੀ ਨੇ ਦੱਸਿਆ ਕਿ ਨਜ਼ਦੀਕੀ ਪਿੰਡ ਕਰਵਾਲ ਵਿਖੇ ਰਹਿਣ ਵਾਲਾ ਉਹਨਾਂ ਦਾ ਭਤੀਜਾ ਦੀਪਕ ਕੁਮਾਰ ਅੱਜ ਸਵੇਰੇ 11:30 ਵਜੇ ਦੇ ਕਰੀਬ ਉਹਨਾਂ ਨੂੰ ਮਿਲਣ ਉਹਨਾਂ ਦੇ ਘਰ ਆਇਆ ਸੀ। ਉਸਨੇ ਆਪਣਾ ਸਿਲਵਰ ਰੰਗ ਦਾ ਸਪਲੈਂਡਰ ਮੋਟਰਸਾਈਕਲ ਜਿਸ ਦਾ ਨੰਬਰ ਪੀਬੀ 06 AT 5339 ਹੈ ਉਹਨਾਂ ਦੇ ਘਰ ਦੇ ਬਾਹਰ ਲਗਾਇਆ ਸੀ। ਲਗਭਗ 20 ਮਿਨਟ ਬਾਅਦ ਜਦੋਂ ਬਾਹਰ ਆਇਆ ਤਾਂ ਮੋਟਰਸਾਈਕਲ ਉਥੇ ਨਹੀਂ ਸੀ। ਨੇੜੇ ਦੇ ਸੀਸੀਟੀਵੀ ਕੈਮਰੇ ਵੇਖਣ ਤੇ ਪਤਾ ਲੱਗਿਆ ਕਿ ਇੱਕ ਨੌਜਵਾਨ ਵੱਲੋਂ ਇਹ ਚੋਰੀ ਕਰ ਲਿਆ ਗਿਆ ਹੈ ਜਿਸ ਦੀ ਸੂਚਨਾ ਪੁਲਿਸ ਥਾਨਾ ਸਿਟੀ ਗੁਰਦਾਸਪੁਰ ਨੂੰ ਦੇ ਦਿੱਤੀ ਗਈ ਹੈ।