ਕੇਂਦਰੀ ਵਿਦਿਆਲਾ ਖਾਨਪੁਰ ਚ ਮਨਾਇਆ ਪੁਸਤਕ ਮੇਲਾ ਤੇ ਕੈਰੀਅਰ ਸਬੰਧੀ ਬੱਚਿਆਂ ਨੂੰ ਕੀਤਾ ਜਾਗਰੂਕ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 4 ਮਈ 2024 : ਕੇਂਦਰੀ ਵਿਦਿਆਲਾ ਖਾਨਪੁਰ ਵਿਖੇ ਅੱਜ ਕੈਰੀਅਰ ਐਂਡ ਗਾਈਡੈਂਸ ਵਿਸ਼ੇ ਦੇ ਤਹਿਤ ਪ੍ਰਿੰਸੀਪਲ ਸ੍ਰੀਮਤੀ ਵੀਬਾ ਰਾਣੀ ਦੇ ਮਾਰਗਦਰਸ਼ਨ ਅਧੀਨ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਕੈਰੀਅਰ ਪ੍ਰਤੀ ਸੁਚੇਤ ਕਰਨ ਦੇ ਮਕਸਦ ਨਾਲ ਸੇਵਾ ਮੁਕਤ ਲੈਕਚਰਾਰ ਇੰਦਰਜੀਤ ਸਿੰਘ ਬਾਲਾ ਨੂੰ ਬਤੌਰ ਲੈਕਚਰਾਰ ਅੰਗਰੇਜ਼ੀ ਮਾਧਿਅਮ ਸੱਦਾ ਦਿੱਤਾ ਗਿਆ ।ਇਸ ਮੌਕੇ ਵਿਦਿਆਲਿਆ ਦੀ ਪ੍ਰਿੰਸੀਪਲ ਮੈਡਮ ਵੀਬਾ ਰਾਣੀ ਵੱਲੋਂ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ ਗਿਆ । ਆਏ ਹੋਏ ਮੁੱਖ ਮਹਿਮਾਨ ਨੇ ਆਪਣੇ ਸੰਬੋਧਨੀ ਭਾਸ਼ਣ ਵਿੱਚ ਬੱਚਿਆਂ ਨੂੰ ਅੱਜ ਦੇ ਸਮੇਂ ਦਾ ਮਹੱਤਵ ਤੇ ਆਉਣ ਵਾਲੇ ਸਮੇਂ ਦੇ ਮਹੱਤਵ ਤੇ ਚਾਨਣਾ ਪਾਉਂਦਿਆਂ ਉਹਨਾਂ ਬੱਚਿਆਂ ਨੂੰ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸੀ ਅਜੋਕੇ ਸਮੇਂ ਦੀ ਮੁੱਖ ਲੋੜ ਹੈ ,ਉਨ੍ਹਾਂ ਇੰਟਰਨੈਟ ਦੀ ਸੱਚੱਜੀ ਵਰਤੋਂ ਕਰਨ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ ।
ਉਹਨਾਂ ਆਪਣੇ ਸੰਬੋਧਨ ਵਿੱਚ ਬੱਚਿਆਂ ਨੂੰ ਪੜ੍ਹ ਲਿਖ ਕੇ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ ।ਇਸ ਤੋਂ ਇਲਾਵਾ ਇਸ ਮੌਕੇ ਉਹਨਾਂ ਨੇ ਪੁਸਤਕ ਮੇਲੇ ਦਾ ਉਦਘਾਟਨ ਕੀਤਾ, ਉਹਨਾਂ ਬੱਚਿਆਂ ਨੂੰ ਪੁਸਤਕਾਂ ਤੋਂ ਮਿਲਣ ਵਾਲੇ ਗਿਆਨ ਅਤੇ ਪੁਸਤਕਾਂ ਦਾ ਜਿੰਦਗੀ ਵਿੱਚ ਵਡਮੁੱਲੇ ਮਹੱਤਵ ਨੂੰ ਸਮਝਾਇਆ। ਉਹਨਾਂ ਕਿਹਾ ਕਿ ਜਿਹੜਾ ਬੱਚਾ ਜ਼ਿੰਦਗੀ ਵਿੱਚ ਕਿਤਾਬਾਂ ਨਾਲ ਦੋਸਤੀ ਕਰ ਲੈਂਦਾ ਹੈ ਉਹ ਜ਼ਿੰਦਗੀ ਵਿੱਚ ਸਫਲ ਹੋ ਜਾਂਦਾ ਹੈ। ਇਸ ਮੌਕੇ ਮੈਡਮ ਨਿਸ਼ਾ ਅਤੇ ਅਧਿਆਪਕ ਗੁਰਮੁਖ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਆਏ ਹੋਏ ਮੁੱਖ ਮਹਿਮਾਨ ਦਾ ਬੱਚਿਆਂ ਨੂੰ ਵਡਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ।