ਸੰਧੂ ਦੀ ਅਗਵਾਈ 'ਚ ਜੈਇੰਦਰ ਕੌਰ ਵਲੋਂ ਮਹਾਰਾਣੀ ਪ੍ਰਨੀਤ ਕੌਰ ਦੇ ਦਫ਼ਤਰਾਂ ਦੇ ਉਦਘਾਟਨ
- ਕਿਹਾ, ਮੋਦੀ ਦੀ ਅਗਵਾਈ ਹੇਠ ਆਉਣ ਵਾਲਾ ਸਮਾਂ ਸੁਨਹਿਰਾ
ਡੇਰਾਬੱਸੀ/ਲਾਲੜੂ, ਜ਼ੀਰਕਪੁਰ 4 ਮਈ 2024 - ਅੱਜ ਹਲਕਾ ਡੇਰਾਬੱਸੀ ਵਿਚ ਪਟਿਆਲਾ ਲੋਕ ਸਭਾ ਹਲਕੇ ਤੋ ਭਾਜਪਾ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦੇ ਚੋਣ ਦਫਤਰਾਂ ਦੇ ਉਦਘਾਟਨ ਕੀਤੇ ਗਏ। ਇਸ ਮੌਕੇ ਉਚੇਚੇ ਤੌਰ ਉੱਤੇ ਪਹੁੰਚੇ ਮਹਾਰਾਣੀ ਦੀ ਸਪੁੱਤਰੀ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਬੀਬਾ ਜੈਇੰਦਰ ਕੌਰ ਨੇ ਚੋਣ ਇੰਚਾਰਜ ਐੱਸਐੱਮਐੱਸ ਸੰਧੂ ਦੀ ਦੇਖ ਰੇਖ ਹੇਠ ਰੀਬਨ ਕੱਟ ਕੇ ਲਾਲੜੂ, ਡੇਰਾਬਸੀ ਅਤੇ ਢਕੋਲੀ ਵਿਖੇ ਚੋਣ ਦਫਤਰਾਂ ਦੇ ਉਦਘਾਟਨ ਕੀਤੇ।ਮਹਿਲਾ ਵਰਕਰਾਂ ਅਤੇ ਆਗੂਆਂ ਵਿੱਚ ਬੀਬਾ ਦੇ ਪਹੁੰਚਣ ਤੇ ਗਰਮਜੋਸ਼ੀ ਨਾਲ ਉਨਾਂ ਦਾ ਸਵਾਗਤ ਕੀਤਾ।
ਉਹਨਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਆਉਣ ਵਾਲਾ ਸਮਾਂ ਸੁਨਹਿਰਾ ਹੋਵੇਗਾ। ਇਹ ਸਪਸ਼ਟ ਹੈ ਕਿ ਕੇਦਰ ਵਿਚ ਮੁੜ ਮੋਦੀ ਸਰਕਾਰ ਸੱਤਾ ਸੰਭਾਲ ਰਹੀ ਹੈ ਅਤੇ ਪਟਿਆਲਾ ਸੀਟ ਭਾਜਪਾ ਦੇ ਹਿੱਸੇ ਵਿਚ ਆ ਰਹੀ ਹੈ। ਉਹਨਾਂ ਸਾਰੇ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਇਕਜੁੱਟ ਹੋਕੇ ਹੰਭਲਾ ਮਾਰਨ ਦੀ ਅਪੀਲ ਕੀਤੀ। ਕਿਸਾਨਾਂ ਦੇ ਹੱਕ ਵਿਚ ਗੱਲ ਕਰਦਿਆਂ ਉਹਨਾਂ ਕਿਹਾ ਕਿ ਉਹਨਾਂ ਦਾ ਸਮੁੱਚਾ ਪਰਿਵਾਰ ਹਮੇਸ਼ਾ ਕਿਸਾਨੀ ਪੱਖੀ ਹੀ ਰਿਹਾ ਹੈ ਅਤੇ ਅੱਗੇ ਵੀ ਨਾਲ ਹੀ ਰਹੇਗਾ। ਇਸ ਮੌਕੇ ਐੱਸਐੱਮਐੱਸ ਸੰਧੂ ਨੇ ਜੈਇੰਦਰ ਕੌਰ ਦਾ ਸਵਾਗਤ ਕਰਦਿਆਂ ਕਿਹਾ ਕਿ ਭਾਜਪਾ ਚੋਣ ਪ੍ਰਚਾਰ ਵਿਚ ਸਭ ਤੋਂ ਅੱਗੇ ਹੈ ਦੂਜੀਆਂ ਪਾਰਟੀਆਂ ਤਾਂ ਹਲੇ ਤੱਕ ਆਪਣੇ ਦਫਤਰ ਤੱਕ ਨਹੀਂ ਖੋਲ ਸਕੀਆਂ।
ਉਹਨਾਂ ਭਰੋਸਾ ਦਿੱਤਾ ਕਿ ਹਲਕਾ ਡੇਰਾਬੱਸੀ ਵਿਚੋਂ ਮਹਾਰਾਣੀ ਸਾਹਿਬਾ ਵੱਡੀ ਲੀਡ ਨਾਲ ਜਿੱਤ ਦਰਜ ਕਰਵਾਉਣਗੇ। ਇਸ ਮੌਕੇ ਐਡਵੋਕੇਟ ਮੁਕੇਸ਼ ਗਾਂਧੀ, ਰਵਿੰਦਰ ਵੈਸ਼ਨਵ, ਅਮਨ ਰਾਣਾ, ਦੇਵ ਰਾਣਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਭਾਜਪਾ ਪੂਰੀ ਤਰ੍ਹਾਂ ਇਕਜੁਟ ਹੈ ਅਤੇ ਇਸਦੇ ਸਾਰੇ ਆਗੂ ਤੇ ਵਰਕਰ ਪੂਰੀ ਤਨਦੇਹੀ ਨਾਲ ਆਪਣੇ ਬੂਥਾਂ ਉਤੇ ਕੰਮ ਕਰ ਰਹੇ ਹਨ। ਉਪਰੰਤ ਬੀਬਾ ਜੈਇੰਦਰ ਵਲੋਂ ਡੇਰਾਬੱਸੀ ਦੇ ਬਜ਼ਾਰ ਵਿਚ ਪੈਦਲ ਚਲ ਕਿ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਅਤੇ ਲੋਕਾਂ ਨੇ ਵੀ ਉਹਨਾਂ ਦਾ ਸਤਿਕਾਰ ਕਰਦਿਆਂ ਵੋਟਾਂ ਸਮਰਥਨ ਦਾ ਭਰੋਸਾ ਦਿੱਤਾ।