ਗੁਰਦਾਸਪੁਰ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੋਲਿੰਗ ਸਟਾਫ਼ ਦੀ ਪਹਿਲੀ ਰਿਹਰਸਲ ਹੋਈ
- ਪੋਲਿੰਗ ਸਟਾਫ਼ ਨੇ ਈ.ਵੀ.ਐੱਮ ਦੇ ਨਾਲ ਸਮੁੱਚੀ ਚੋਣ ਪ੍ਰੀਕ੍ਰਿਆ ਦੀ ਜਾਣਕਾਰੀ ਹਾਸਲ ਕੀਤੀ
ਰੋਹਿਤ ਗੁਪਤਾ
ਗੁਰਦਾਸਪੁਰ, 5 ਮਈ 2024 - 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਤਇਨਾਤ ਕੀਤੇ ਗਏ ਪੋਲਿੰਗ ਸਟਾਫ਼ ਦੀ ਅੱਜ ਪਹਿਲੀ ਰਹਿਰਸਲ ਕਰਵਾਈ ਗਈ। ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪੋਲਿੰਗ ਸਟਾਫ ਦੀ ਰਿਹਰਸਲ ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ ਦੇ ਇੰਜੀਨੀਅਰ ਵਿੰਗ ਦੇ ਰੂਮ ਨੰਬਰ 101-104 ਵਿਖੇ ਹੋਈ ਜਦਕਿ ਵਿਧਾਨ ਸਭਾ ਹਲਕਾ ਦੀਨਾਨਗਰ (ਐੱਸ.ਸੀ.) ਦੀ ਰਿਹਰਸਲ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਵਿਖੇ ਕਰਵਾਈ ਗਈ।
ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਕਾਦੀਆਂ ਦੇ ਪੋਲਿੰਗ ਸਟਾਫ਼ ਦੀ ਰਿਹਰਸਲ ਸੁਖਜਿੰਦਰਾ ਗਰੁੱਪ ਆਫ਼ ਇੰਸਟੀਚਿਊਟ ਗੁਰਦਾਸਪੁਰ ਦੇ ਪੋਲੀਟੈਕਨਿਕ ਵਿੰਗ ਵਿੱਚ, ਵਿਧਾਨ ਸਭਾ ਹਲਕਾ ਬਟਾਲਾ ਦੀ ਰਿਹਰਸਲ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ, ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ (ਐੱਸ.ਸੀ.) ਦੀ ਰਿਹਰਸਲ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਕਿਸ਼ਨਕੋਟ ਘੁਮਾਣ, ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਚੂੜੀਆਂ ਦੀ ਰਿਹਰਸਲ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਗਰਲਜ਼) ਫ਼ਤਹਿਗੜ੍ਹ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਦੇ ਪੋਲਿੰਗ ਸਟਾਫ਼ ਦੀ ਰਿਹਰਸਲ ਸਕੂਲ ਆਫ਼ ਐਮੀਂਨੈਂਸ ਗੁਰਦਾਸਪੁਰ ਵਿਖੇ ਕਰਵਾਈ ਗਈ।
ਰਿਹਰਸਲ ਦੌਰਾਨ ਮਾਸਟਰ ਟਰੇਨਰਾਂ ਵੱਲੋਂ ਪੋਲਿੰਗ ਸਟਾਫ਼ ਨੂੰ ਈ.ਵੀ.ਐੱਮ, ਵੀਵੀਪੈਟ ਅਤੇ ਕੰਟਰੋਲ ਯੂਨਿਟ ਨੂੰ ਚਲਾਉਣਾ ਸਿਖਾਇਆ ਗਿਆ ਅਤੇ ਨਾਲ ਪੋਲਿੰਗ ਦੌਰਾਨ ਸੁਮੱਚੀ ਚੋਣ ਪ੍ਰੀਕ੍ਰਿਆ ਦੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਏ.ਆਰ.ਓਜ਼. ਵੱਲੋਂ ਰਿਹਰਸਲ ਦਾ ਨਿਰੀਖਣ ਕੀਤਾ ਗਿਆ।
ਸੁਖਜਿੰਦਰਾ ਗਰੁੱਪ ਆਫ਼ ਇੰਸਟੀਚਿਊਟ ਵਿਖੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪੋਲਿੰਗ ਸਟਾਫ਼ ਦੀ ਰਿਹਰਸਲ ਦਾ ਨਿਰੀਖਣ ਕਰਨ ਮੌਕੇ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐੱਸ.ਡੀ.ਐੱਮ. ਗੁਰਦਾਸਪੁਰ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਚੋਣਾਂ ਦੌਰਾਨ ਜਿਹੜੇ ਵੀ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਡਿਊਟੀ ਲੱਗੀ ਹੋਈ ਹੈ ਉਹ ਆਪਣੀ ਇਸ ਡਿਊਟੀ ਨੂੰ ਪੂਰੀ ਇਮਾਨਦਾਰੀ, ਜਿੰਮੇਵਾਰੀ ਅਤੇ ਤਨਦੇਹੀ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ਸਿਖਲਾਈ ਦੌਰਾਨ ਪੋਲਿੰਗ ਸਟਾਫ਼ ਦੇ ਹਰ ਮੈਂਬਰ ਨੂੰ ਈ.ਵੀ.ਐੱਮ ਸਮੇਤ ਪੂਰੀ ਚੋਣ ਪ੍ਰੀਕ੍ਰਿਆ ਦੀ ਚੰਗੀ ਤਰਾਂ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਨੂੰ ਵੋਟਾਂ ਪੈਣ ਸਮੇਂ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਚੋਣ ਪ੍ਰੀਕ੍ਰਿਆ ਦੌਰਾਨ ਇੱਕ ਛੋਟੀ ਜਿਹੀ ਗਲਤੀ ਵੀ ਬਰਦਾਸ਼ਤ ਨਹੀਂ ਕੀਤੀ ਜਾਂਦੀ, ਇਸ ਲਈ ਚੋਣ ਅਮਲੇ ਦਾ ਹਰ ਮੈਂਬਰ ਆਪਣੀ ਪੂਰੀ ਤਿਆਰੀ ਕਰੇ।