ਸਰਕਾਰੀ ਮਿਡਲ ਸਕੂਲ ਪੱਕਾ ’ਚ ਅੱਠਵੀਂ ਦੀ ਮੈਰਿਟ ’ਚ ਆਉਣ ਵਾਲੇ, ਸਕੂਲ ਆਫ਼ ਐਮੀਨੈਂਸ ਲਈ ਚੁਣੇ ਗਏ ਵਿਦਿਆਰਥੀ ਸਨਮਾਨੇ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 5 ਮਈ 2024 - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜੇ ’ਚ ਸਰਕਾਰੀ ਮਿਡਲ ਸਕੂਲ ਪੱਕਾ ਦਾ ਨਤੀਜਾ ਹਰ ਵਾਰ ਦੀ ਤਰ੍ਹਾਂ 100 ਪ੍ਰਤੀਸ਼ਤ ਰਿਹਾ ਹੈ। ਸਕੂਲ ਦੇ 24 ਵਿਦਿਆਰਥੀ ਪ੍ਰੀਖਿਆ ’ਚ ਬੈਠੇ ਸਨ ਅਤੇ ਸਾਰੇ ਹੀ ਸਫ਼ਲ ਰਹੇ ਹਨ। ਅੱਠਵੀਂ ਜਮਾਤ ਦੀ ਸਕੂਲ ਮੈਰਿਟ ’ਚ ਅਮਨਦੀਪ ਕੌਰ ਪੁੱਤਰੀ ਮਾਹੀਦਿੱਤਾ ਸਿੰਘ ਨੇ 600 ਅੰਕਾਂ ’ਚੋਂ 572 (95.33 ਪ੍ਰਤੀਸ਼ਤ) ਅੰਕ ਪ੍ਰਾਪਤ ਕਰਕੇ ਪਹਿਲਾ, ਪ੍ਰਵੀਨ ਕੌਰ ਪੁੱਤਰੀ ਲਖਵੀਰ ਸਿੰਘ ਨੇ 559 (93.16ਪ੍ਰਤੀਸ਼ਤ) ਅੰਕ ਪ੍ਰਾਪਤ ਕਰਕੇ ਦੂਜਾ ਅਤੇ ਗੁਰਦਿੱਤਾ ਸਿੰਘ ਪੁੱਤਰ ਸੰਦੀਪ ਸਿੰਘ ਨੇ 551 (91.83 ਪ੍ਰਤੀਸ਼ਤ) ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ ਸੀ।
ਇਨ੍ਹਾਂ ਵਿਦਿਆਰਥੀਆਂ ਦਾ ਸਕੂਲ ਮੁਖੀ ਜਸਬੀਰ ਸਿੰਘ ਜੱਸੀ,ਹਿੰਦੀ ਮਾਸਟਰ ਵਿਕਾਸ ਅਰੋੜਾ, ਸਾਇੰਸ ਮਿਸਟ੍ਰੈਸ ਕਵਿਤਾ ਚਾਵਲਾ, ਸਾਇੰਸ ਮਿਸਟ੍ਰੈਸ ਪ੍ਰਵੀਨ ਲਤਾ, ਐਸ.ਐਸ.ਮਾਸਟਰ ਸੁਦੇਸ਼ ਸ਼ਰਮਾ, ਐਸ.ਐਸ.ਮਿਸਟ੍ਰੈਸ ਜਸਵਿੰਦਰ ਕੌਰ ਨੇ ਮਿਲ ਕੇ ਸਨਮਾਨ ਕੀਤਾ। ਇਸ ਮੌਕੇ ਸਕੂਲ ਮੁਖੀ ਨੇ ਦਸਿਆ ਕਿ ਸਕੂਲ ਵਿਦਿਆਰਥਣ ਅਮਨਦੀਪ ਕੌਰ ਪੁੱਤਰ ਮਾਹੀਦਿੱਤਾ ਸਿੰਘ ਨੇ ਪੰਜਾਬੀ ਅਤੇ ਹਿੰਦੀ ’ਚ 100/100 ਅੰਕ ਹਾਸਲ ਕੀਤੇ ਹਨ। ਇਸੇ ਤਰ੍ਹਾਂ ਮਨਪ੍ਰੀਤ ਕੌਰ ਨੇ ਵੀ ਹਿੰਦੀ ’ਚ 100/100 ਅੰਕ ਪ੍ਰਾਪਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਦੇ ਬਹੁਤੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕੀਤੇ ਹਨ।
ਇਸ ਮੌਕੇ ਸਕੂਲ ਦੀ ਮੈਰਿਟ ’ਚ ਆਉਣ ਵਾਲੇ, 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਵਾਲੀਆਂ ਬੇਟੀਆਂ, ਸਰਕਾਰੀ ਬਲਬੀਰ ਸਕੂਲ ਆਫ਼ ਐਮੀਨੈਂਸ ਵਿਖੇ ਦਾਖਲਾ ਲੈਣ ਵਾਲੀਆਂ ਤਿੰਨੇ ਵਿਦਿਆਰਥਣਾਂ ਅਮਨਦੀਪ ਕੌਰ, ਪ੍ਰਵੀਨ ਕੌਰ ਅਤੇ ਜੈਸਮੀਨ ਕੌਰ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸ਼ਾਨਦਾਰ ਨਤੀਜਾ ਆਉਣ ਦੀ ਖੁਸ਼ੀ ’ਚ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਚਾਕਲੇਟ ਦਿੱਤੇ ਗਏ ਅਤੇ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਰਿਫ਼ਰੈਸ਼ਮੈਂਟ ਦਿੱਤੀ ਗਈ। ਇਸ ਮੌਕੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਮੁਕਾਬਲੇ ’ਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਮੈਡਲ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਬੱਚਿਆਂ ਦੇ ਮਾਪਿਆਂ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ’ਚ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਵੀ ਪ੍ਰੇਰਿਤ ਕੀਤਾ ਗਿਆ।