ਸਬਜ਼ੀ ਮੰਡੀ ਦੀ ਫੜੀ ਯੂਨੀਅਨ ਦਾ ਠੇਕੇਦਾਰ ਅਤੇ ਮੰਡੀ ਬੋਰਡ ਦੇ ਸੈਕਰਟਰੀ ਨਾਲ ਪਿਆ ਕਲੇਸ਼
ਰੋਹਿਤ ਗੁਪਤਾ
ਗੁਰਦਾਸਪੁਰ 6 ਮਈ 2024 : ਸਬਜ਼ੀ ਮੰਡੀ ਵਿੱਚ ਫੜੀਆਂ ਲਗਾ ਕੇ ਸਬਜ਼ੀ ਵੇਚਣ ਵਾਲੇ ਸਬਜੀ ਮੰਡੀ ਦੇ ਠੇਕੇਦਾਰ ਅਤੇ ਮੰਡੀ ਬੋਰਡ ਦੇ ਸੈਕਟਰੀ ਦੇ ਖਿਲਾਫ ਪਰਚੀ ਕੱਟਣ ਨੂੰ ਲੈ ਕੇ ਵਿਰੋਧ ਤੇ ਉੱਤਰ ਆਏ ਹਨ। ਕੁਝ ਸਮਾਂ ਪਹਿਲਾਂ ਸਬਜ਼ੀ ਮੰਡੀ ਦੀ ਕੰਟੀਨ, ਪਾਰਕਿੰਗ ਅਤੇ ਫੜੀਆਂ ਦਾ ਠੇਕਾ ਕਰੀਬ 55 ਲੱਖ ਰੁਪਏ ਵਿੱਚ ਮੰਡੀ ਬੋਰਡ ਵੱਲੋਂ ਜੀਤ ਮਸੀਹ ਨਾਂ ਦੇ ਠੇਕੇਦਾਰ ਨੂੰ ਦਿੱਤਾ ਗਿਆ ਹੈ ਅਤੇ ਉਸ ਤੋਂ ਬਾਅਦ ਠੇਕੇਦਾਰ ਵੱਲੋਂ ਫੜੀ ਵਾਲਿਆਂ ਕੋਲੋਂ ਵੀ ਉਨਾਂ ਵੱਲੋਂ ਵਰਤੀ ਜਾ ਰਹੀ ਜਗਹਾ ਦੀ ਮਿਣਤੀ ਦੇ ਹਿਸਾਬ ਨਾਲ ਰੋਜਾਨਾ ਵਸੂਲੀ ਕਰਨੀ ਸ਼ੁਰੂ ਕਰ ਦਿੱਤੀ ਗਈ। ਜਿਸ ਦਾ ਫੜੀ ਵਾਲਿਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਦਾ ਪੱਖ ਹੈ ਕਿ ਰੋਜਾਨਾ ਡੇਢ ਦੋ ਸੋ ਰੁਪਏ ਦਿਹਾੜੀ ਕਮਾਉਣ ਵਾਲੇ ਸਬਜੀ ਮੰਡੀ ਦੇ ਫੜੀਦਾਰ ਜੇਕਰ 100 ਰੁਪਏ ਫੜੀ ਦੀ ਪਰਚੀ ਕਟਾ ਲੈਣਗੇ ਤਾਂ ਫਿਰ ਟੱਬਰ ਕਿਵੇਂ ਪਾਲਣਗੇ ?
ਫੜੀ ਵਾਲੇ ਅਨੁਸਾਰ ਪਹਿਲਾ ਕਦੀ ਸਬਜੀ ਮੰਡੀ ਵਿੱਚ ਫੜੀ ਵਾਲਿਆਂ ਕੋਲੋਂ ਪੈਸੇ ਨਹੀਂ ਲਏ ਗਏ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਫੜੀ ਵਾਲਿਆਂ ਕੋਲੋਂ ਜਬਰਦਸਤੀ ਵਸੂਲੀ ਕੀਤੀ ਜਾ ਰਹੀ ਹੈ ਪਰ ਉਹ ਧੱਕੇਸ਼ਾਹੀ ਸਹਿਣ ਨਹੀਂ ਕਰਨਗੇ। ਨਾਲ ਹੀ ਉਹਨਾਂ ਦਾ ਦੋਸ਼ ਹੈ ਕਿ ਜਦੋਂ ਉਹ ਇਸ ਬਾਰੇ ਮੰਡੀ ਬੋਰਡ ਦੇ ਸੈਕਰਟਰੀ ਵਿਜੇ ਕੁਮਾਰ ਨਾਲ ਗੱਲ ਕਰਨ ਲਈ ਗਏ ਤਾਂ ਉਹਨਾਂ ਨੇ ਫੜੀ ਯੂਨੀਅਨ ਦੇ ਮੈਂਬਰਾਂ ਨਾਲ ਦੁਰਵਿਹਾਰ ਕੀਤਾ ਤੇ ਕਥਤ ਤੌਰ ਤੇ ਕਿਹਾ ਕਿ ਪੈਸੇ ਦੇਣੇ ਪੈਣਗੇ ਜੋ ਮਰਜ਼ੀ ਕਰ ਲਵੋ। ਫੜੀ ਯੂਨੀਅਨ ਦੇ ਪ੍ਰਧਾਨ ਕੁੱਕਾ ਭਲਵਾਨ , ਅਮਿਤ ਮਸੀਹ, ਨਸ਼ਬੀ ਮਸੀਹ , ਬੰਟੀ, ਅਜੇ ਸ਼ਰਮਾ ਬੁੱਗੀ ਭਲਵਾਨ ,ਰਕੇਸ਼ ਮਸੀਹ ,ਗਗਨ ਕਲੂਪੀਆ ,ਰਵਿੰਦਰ ਮਹਾਜਨ ,ਸੰਜੂ, ਸੋਨੂੰ ਅਤੇ ਸਮੂਹ ਮੈਂਬਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਕੋਲੋਂ ਜ਼ਬਰਦਸਤੀ ਵਸੂਲੀ ਕੀਤੀ ਗਈ ਤਾਂ ਉਹ ਸੰਘਰਸ਼ ਕਰਨਗੇ।
ਜਾਣਕਾਰੀ ਦਿੰਦਿਆਂ ਪ੍ਰਧਾਨ ਕੁੱਕਾ ਪਹਿਲਵਾਨ , ਗਗਨ ਕਲੂਪੀਆ ਤੇ ਰਵਿੰਦਰ ਮਹਾਜਨ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਸਬਜੀ ਮੰਡੀ ਵਿੱਚ ਫੜੀ ਲਗਾ ਕੇ ਆਪਣਾ ਪਰਿਵਾਰ ਪਾਲ ਰਹੇ ਹਨ ਪਰ ਕਦੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਵਸੂਲੀ ਨਹੀਂ ਕੀਤੀ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਠੇਕੇਦਾਰ ਵੱਲੋਂ ਉਹਨਾਂ ਕੋਲੋਂ ਜ਼ਬਰਦਸਤੀ ਸੋ ਰੁਪਏ ਰੋਜ਼ਾਨਾ ਵਸੂਲੇ ਜਾ ਰਹੇ ਹਨ। ਉਹਨਾਂ ਦੋਸ਼ ਲਗਾਇਆ ਕਿ ਇਸ ਦੇ ਨਾਲ ਹੀ ਠੇਕੇਦਾਰ ਵੱਲੋਂ ਸਾਈਕਲ, ਸਕੂਟਰ, ਮੋਟਰਸਾਈਕਲ ,ਕਾਰ ਅਤੇ ਟਰੱਕ ਦੀ ਪਾਰਕਿੰਗ ਵੀ ਲੋਕਾਂ ਕੋਲੋਂ ਜਿਆਦਾ ਵਸੂਲੀ ਜਾ ਰਹੀ ਹੈ। ਟਰੱਕ ਵਾਲਿਆਂ ਕੋਲੋਂ ਤਾਂ ਕਥਤ ਤੌਰ ਤੇ 200 ਰੁਪਏ ਵਸੂਲੇ ਜਾ ਰਹੇ ਹਨ ਜਦਕਿ ਜਦੋਂ ਉਹਨਾਂ ਵੱਲੋਂ ਇਸ ਬਾਬਤ ਮੰਡੀ ਬੋਰਡ ਦੇ ਸੈਕਟਰੀ ਪਵਨ ਕੁਮਾਰ ਨਾਲ ਗੱਲ ਕਰਨੀ ਚਾਹੀਦੀ ਤਾਂ ਉਹਨਾਂ ਨੇ ਫੜੀ ਯੂਨੀਅਨ ਵਾਲਿਆਂ ਨਾਲ ਦੁਰਵਿਹਾਰ ਕੀਤਾ ਤੇ ਦਫਤਰ ਵਿੱਚੋਂ ਬਾਹਰ ਚਲੇ ਜਾਣ ਲਈ ਕਿਹਾ। ਨਾਲ ਹੀ ਇਹ ਵੀ ਕਿਹਾ ਕਿ ਜਿੱਥੇ ਮਰਜ਼ੀ ਦੌੜ ਲਓ ਪੈਸੇ ਦੇਣੇ ਹੀ ਪੈਣਗੇ। ਉਹਨਾਂ ਕਿਹਾ ਕਿ ਸਬਜੀ ਮੰਡੀ ਵਿੱਚ ਫੜੀਆਂ ਲਗਾਉਣ ਵਾਲੇ ਮੁਸ਼ਕਲ ਨਾਲ ਡੇਢ ਦੋ ਸੋ ਰੁਪਏ ਦਿਹਾੜੀ ਕਮਾਉਂਦੇ ਹਨ ਇਸ ਵਿੱਚੋਂ ਜੇਕਰ ਸੋ ਰੁਪਆ ਉਹਨਾਂ ਕੋਲੋਂ ਜਬਰਦਸਤੀ ਲਿਆ ਜਾਂਦਾ ਹੈ ਤਾਂ ਉਹ ਆਪਣੇ ਟੱਬਰ ਦਾ ਗੁਜ਼ਾਰਾ ਕਿਵੇਂ ਕਰਨਗੇ? ਉਹਨਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਹ ਵਸੂਲੀ ਰੋਕੀ ਨਹੀਂ ਗਈ ਤਾਂ ਉਹ ਲਗਾਤਾਰ ਸੰਘਰਸ਼ ਤੇ ਚੱਲਣ ਲਈ ਮਜਬੂਰ ਹੋ ਜਾਣਗੇ।
ਦੂਜੇ ਪਾਸੇ ਮਾਰਕੀਟ ਕਮੇਟੀ ਦੇ ਸੈਕਟਰੀ ਵਿਜੇ ਕੁਮਾਰ ਨੇ ਦੱਸਿਆ ਕਿ ਮਾਰਕੀਟ ਕਮੇਟੀ ਵੱਲੋਂ 55 ਲੱਖ ਰੁਪਏ ਵਿੱਚ ਠੇਕਾ ਠੇਕੇਦਾਰ ਨੂੰ ਦਿੱਤਾ ਗਿਆ ਹੈ ਜਿਸ ਵਿੱਚ ਪਾਰਕਿੰਗ ,ਕੈਂਟੀਨ ਅਤੇ ਫੜੀ ਵਾਲਿਆਂ ਕੋਲੋਂ ਵਸੂਲੀ ਸ਼ਾਮਿਲ ਹੈ। ਉਹਨਾਂ ਕਿਹਾ ਕਿ ਮੰਡੀ ਬੋਰਡ ਪੰਜਾਬ ਵੱਲੋਂ ਨਿਰਧਾਰਤ ਕੀਤੇ ਗਏ ਨਿਯਮਾਂ ਅਨੁਸਾਰ ਠੇਕੇਦਾਰ ਵੱਲੋਂ 50 ਸਕੁਅਰ ਫੁੱਟ ਦੀ ਜਗ੍ਹਾ ਵਰਤਣ ਵਾਲੇ ਫੜੀ ਵਾਲਿਆਂ ਕੋਲੋਂ 50 ਰੁਪਏ ਅਤੇ ਸੋ ਸਕੁਅਰ ਫੁੱਟ ਜਗਹਾ ਵਰਤਣ ਵਾਲਿਆਂ ਕੋਲੋਂ ਸੋ ਰੁਪਏ ਰੋਜਾਨਾ ਵਸੂਲੇ ਜਾ ਸਕਦੇ ਹਨ। ਇਹ ਵਸੂਲੀ ਹੋਰ ਸ਼ਹਿਰਾਂ ਦੀਆਂ ਵੱਡੀਆਂ ਮੰਡੀਆਂ ਵਿੱਚ ਕਰਮਵਾਰ 100 ਰੁਪਏ ਅਤੇ 200 ਰੁਪਏ ਯਾਨੀ ਗੁਰਦਾਸਪੁਰ ਨਾਲੋਂ ਦੁਗਨੀ ਹੈ। ਇਸ ਵਿੱਚ ਠੇਕੇਦਾਰ ਵੱਲੋਂ ਕੋਈ ਨਾਜਾਇਜ਼ ਵਸੂਲੀ ਨਹੀਂ ਕੀਤੀ ਜਾ ਰਹੀ। ਇਹ ਪੁੱਛੇ ਜਾਣ ਤੇ ਕਿ ਪਾਰਕਿੰਗ ਫੀਸ ਜਿਆਦਾ ਵਸੂਲੇ ਜਾਣ ਦੇ ਦੋਸ਼ ਲਗਾਏ ਜਾ ਰਹੇ ਹਨ ਉਹਨਾਂ ਕਿ ਜੇਕਰ ਠੇਕੇਦਾਰ ਖਿਲਾਫ ਕੋਈ ਅਜਿਹੀ ਸ਼ਿਕਾਇਤ ਆਉਂਦੀ ਹੈ ਅਤੇ ਠੇਕੇਦਾਰ 'ਓਵਰ ਚਾਰਜ 'ਕਰਨ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ ਤੇ ਜੁਰਮਾਨਾ ਵੀ ਪਾਇਆ ਜਾਵੇਗਾ। ਉਨਾਂ ਇਸ ਦੋਸ਼ ਨੂੰ ਵੀ ਸਿਰੇ ਤੋਂ ਨਕਾਰਿਆ ਕਿ ਉਹਨਾਂ ਵੱਲੋਂ ਫੜੀ ਯੂਨੀਅਨ ਦੇ ਮੈਂਬਰਾਂ ਨਾਲ ਦੁਰਵਿਹਾਰ ਕੀਤਾ ਗਿਆ ਹੈ।