ਪੰਜਾਬ 'ਚ ਲੋਕ ਸਭਾ ਚੋਣਾਂ-2024 ਲਈ ਨਾਮਜ਼ਦਗੀਆਂ ਭਰਨ ਦੀ ਸ਼ੁਰੂਆਤ 7 ਮਈ ਤੋਂ
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਨਾਮਜ਼ਦਗੀਆਂ ਭਰਨ ਸਬੰਧੀ ਸਮੂਹ ਰਾਜਨੀਤੀਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਹਦਾਇਤਾਂ ਬਾਰੇ ਕਰਵਾਇਆ ਜਾਣੂ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕੋਰਟ ਰੂਮ, ਜ਼ਿਲ੍ਹਾ ਚੋਣ ਅਫ਼ਸਰ ਦਫ਼ਤਰ ਵਿਖੇ ਦਿੱਤੇ ਜਾ ਸਕਣਗੇ ਨਾਮਜ਼ਦਗੀ ਪੱਤਰ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ, 6 ਮਈ: ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ 01 ਜੂਨ ਨੂੰ ਪੰਜਾਬ ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ 2024 ਲਈ ਨਾਮਜ਼ਦਗੀਆਂ ਭਰਨ ਦਾ ਅਮਲ ਅੱਜ 07 ਮਈ ਦਿਨ ਮੰਗਲਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸਬੰਧੀ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ (06) ਵਿੱਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ ਵੱਲੋਂ ਨਾਮਜ਼ਦਗੀਆਂ ਭਰਨ ਸਬੰਧੀ ਸਮੂਹ ਰਾਜਨੀਤੀਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦਿਆਂ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਜਾਣੂ ਕਰਵਾਇਆ ਗਿਆ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਚੋਣ ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਮੁਤਾਬਕ 7 ਮਈ ਤੋਂ 14 ਮਈ ਤਕ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾ ਸਕਣਗੇ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 15 ਮਈ ਨੂੰ ਅਤੇ ਵਾਪਸੀ 17 ਮਈ ਤਕ ਹੋ ਸਕੇਗੀ। ਵੋਟਿੰਗ 1 ਜੂਨ 2024 ਨੂੰ ਹੋਵੇਗੀ ਅਤੇ ਗਿਣਤੀ 4 ਜੂਨ 2024 ਨੂੰ ਹੋਵੇਗੀ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਾਮਜ਼ਦਗੀਆਂ ਭਰਨ ਦਾ ਸਮਾਂ ਸਵੇਰੇ 11:00 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3:00 ਵਜੇ ਤੱਕ ਹੋਵੇਗਾ ਅਤੇ ਇਹ ਕੋਰਟ ਰੂਮ, ਰਿਟਰਨਿੰਗ ਅਫ਼ਸਰ ਕਮ ਡਿਪਟੀ ਕਮਿਸ਼ਨਰ ਰੂਪਨਗਰ ਵਿਖੇ ਲਏ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ 12 ਮਈ ਦਿਨ ਐਤਵਾਰ ਨੂੰ ਛੁੱਟੀ ਹੋਵੇਗੀ ਅਤੇ ਇਸ ਦਿਨ ਨਾਮਜ਼ਦਗੀ ਪੱਤਰ ਨਹੀਂ ਲਏ ਜਾਣਗੇ।
ਉਨ੍ਹਾਂ ਕਿਹਾ ਕਿ ਉਮੀਦਵਾਰ ਕੇਵਲ 5 ਵਿਅਕਤੀ ਤੇ 3 ਗੱਡੀਆਂ ਲੈਕੇ ਹੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ 100 ਮੀਟਰ ਘੇਰੇ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਆ ਸਕਦਾ ਹੈ, ਇਸ ਲਈ ਸਮੂਹ ਉਮੀਦਵਾਰ ਚੋਣ ਜਾਬਤੇ ਅਤੇ ਸਬੰਧਤ ਨਿਯਮਾਂ ਦੀ ਪਾਲਣਾ ਕਰਨ।
ਉਨ੍ਹਾਂ ਕਿਹਾ ਕਿ ਜੇਕਰ ਮਾਨਤਾ ਪ੍ਰਾਪਤ ਜਾਂ ਰਜਿਸਟਰਡ-ਗ਼ੈਰ ਮਾਨਤਾ ਪ੍ਰਾਪਤ ਰਾਜਨੀਤਿਕ ਦਲ ਵੱਲੋਂ ਚੋਣ ਲੜ ਰਿਹਾ ਹੈ ਤਾਂ ਫਾਰਮ ਏ ਤੇ ਬੀ ਅਤੇ ਟਿਕਟ ਅਸਲ ਰੂਪ ਵਿੱਚ ਨਾਲ ਲੱਗੇਗੀ ਤੇ ਇੱਕ ਵੋਟਰ ਉਸਦੇ ਨਾਮ ਦੀ ਤਜਵੀਜ਼ ਕਰੇਗਾ। ਜਦਕਿ ਉਮੀਦਵਾਰ ਆਜ਼ਾਦ ਚੋਣ ਲੜ ਰਿਹਾ ਹੈ ਤਾਂ ਉਸਦਾ ਨਾਮ ਹਲਕੇ ਦੇ 10 ਹੋਰ ਵੋਟਰਾਂ ਵੱਲੋਂ ਤਜਵੀਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਨਰਲ ਉਮੀਦਵਾਰ ਲਈ 25000 ਰੁਪਏ ਸੀਕਿਉਰਿਟੀ ਫੀਸ ਅਤੇ ਐਸ.ਸੀ. ਤੇ ਐਸ.ਟੀ. ਉਮੀਦਵਾਰ ਲਈ 12500 ਰੁਪਏ ਸੀਕਿਉਰਿਟੀ ਫੀਸ ਤੈਅ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਰੇਟ ਲਿਸਟ ਨੂੰ ਧਿਆਨ ਨਾਲ ਪੜ੍ਹ ਲਿਆ ਜਾਵੇ, ਤੇ ਉਸ ਅਨੁਸਾਰ ਹੀ ਖਰਚਾ ਪਾਇਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਚੋਣ ਮੁਕੰਮਲ ਹੋਣ ਉਪਰੰਤ 30 ਜੂਨ ਨੂੰ ਖ਼ਰਚੇ ਵਾਲੇ ਰਜਿਸਟਰ ਜਮ੍ਹਾ ਕਰਵਾਏ ਜਾਣ।
ਉਨ੍ਹਾਂ ਸੀ-ਵਿਜ਼ਿਲ ਐਪ ਸਬੰਧੀ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਕੋਈ ਵੀ ਨਾਗਰਿਕ ਇਸ ਐਪ ਦੀ ਵਰਤੋਂ ਕਰ ਕੇ ਚੋਣ ਜ਼ਾਬਤੇ ਦੀ ਉਲਘੰਣਾ ਸਬੰਧੀ ਸ਼ਿਕਾਇਤ ਕਰ ਸਕਦਾ ਹੈ, ਜਿਸ ਦਾ 100 ਮਿੰਟ ਦੇ ਅੰਦਰ-ਅੰਦਰ ਹੱਲ ਹੋਵੇਗਾ। ਇਸ ਤੋਂ ਇਲਾਵਾ ਟੋਲ ਫਰੀ ਨੰਬਰ 18001803469, ਐਨ ਵੀ ਐਸ ਪੀ (ਨੈਸ਼ਨਲ ਵੋਟਰ ਸਰਵਿਸ ਪੋਰਟਲ) ਸਮੇਤ ਟੋਲ ਫਰੀ ਹੈਲਪਲਾਈਨ ਨੰਬਰ 1950 ਉੱਤੇ ਆਪਣੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵ) ਸ਼੍ਰੀ ਸੰਜੀਵ ਕੁਮਾਰ, ਆਰ.ਟੀ.ਏ. ਸ. ਗੁਰਵਿੰਦਰ ਸਿੰਘ ਜੌਹਲ, ਚੋਣ ਤਹਿਸੀਲਦਾਰ ਸ. ਪਲਵਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਤੋਂ ਸ. ਗੁਰਿੰਦਰ ਸਿੰਘ ਗੋਗੀ, ਬਹੁਜਨ ਸਮਾਜ ਪਾਰਟੀ ਤੋਂ ਐਡਵੋਕੇਟ ਚਰਨਜੀਤ ਸਿੰਘ ਘਈ, ਆਮ ਆਦਮੀ ਪਾਰਟੀ ਤੋਂ ਸੰਦੀਪ ਜੋਸ਼ੀ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਸ. ਭੁਪਿੰਦਰ ਸਿੰਘ, ਸੀ.ਪੀ.ਆਈ ਤੋਂ ਸ. ਗੁਰਦੇਵ ਸਿੰਘ ਬਾਗੀ, ਭਾਰਤੀ ਜਨਤਾ ਪਾਰਟੀ ਤੋਂ ਸ. ਜਰਨੈਲ ਸਿੰਘ ਭਾਓਵਾਲ ਹਾਜ਼ਰ ਸਨ।