ਅਕਾਲੀ ਦਲ ਤੇ ਭਾਜਪਾ ਦਾ ਤੋੜ-ਵਿਛੋੜਾ ਮਹਿਜ ਲੋਕ ਵਿਖਾਵਾ: ਕੁਲਜੀਤ ਰੰਧਾਵਾ
ਮਲਕੀਤ ਸਿੰਘ ਮਲਕਪੁਰ
ਲਾਲੜੂ 6 ਮਈ 2024:ਸਿਹਤ ਮੰਤਰੀ ਪੰਜਾਬ ਡਾ.ਬਲਬੀਰ ਸਿੰਘ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਰਹਿਨਮਾਈ ਹੇਠ ਪੰਜਾਬ ਦੇ ਸਿਹਤ ਢਾਂਚੇ ਵਿੱਚ ਬਹੁਤ ਸੁਧਾਰ ਕੀਤਾ ਹੈ। ਹਸਪਤਾਲ, ਪੇਂਡੂ ਡਿਸਪੈਂਸਰੀਆਂ, ਆਮ ਆਦਮੀ ਕਲੀਨਿਕ,ਡਾਕਟਰ ਅਤੇ ਹੋਰ ਸਟਾਫ ਦੀ ਨਵੀਂ ਭਰਤੀ ਕਰਕੇ ਲੋਕਾਂ ਨੂੰ ਘਰਾਂ ਦੇ ਨੇੜੇ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਹ ਪ੍ਰਗਟਾਵਾ ਡੇਰਾਬੱਸੀ ਹਲ਼ਕੇ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪਟਿਆਲਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਡਾਕਟਰ ਬਲਬੀਰ ਸਿੰਘ ਦੇ ਹੱਕ ਵਿੱਚ ਵਾਰਡ ਨੰ: 8 ਬਹਾਵਲਪੁਰੀ ਧਰਮਸ਼ਾਲਾ ਲਾਲੜੂ ਮੰਡੀ, ਵਾਰਡ ਨੰ: 7 ਨਜ਼ਦੀਕ ਰੁੜਕੀ ਕਲੋਥ ਹਾਊਸ ਅਤੇ ਵਾਰਡ ਨੰ: 14 ਕਾਲੀ ਮਾਤਾ ਮੰਦਿਰ ਲਾਲੜੂ ਪਿੰਡ ਵਿਖੇ ਮੀਟਿੰਗਾਂ ਦੌਰਾਨ ਚੋਣ ਪ੍ਰਚਾਰ ਕਰਦਿਆਂ ਕੀਤਾ।ਉਨ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ ਨੂੰ ਵੱਧ ਤੋ ਵੱਧ ਵੋਟਾਂ ਪਾ ਕੇ ਕਾਮਯਾਬ ਕਰਨ ਲਈ ਅਪੀਲ ਕੀਤੀ। ਇਸ ਮੌਕੇ ਸ੍ਰ.ਰੰਧਾਵਾ ਨੇ ਕਿਹਾ ਕਿ 'ਅਕਾਲੀ ਦਲ ਅਤੇ ਭਾਜਪਾ ਦਾ ਤੋੜ-ਵਿਛੋੜਾ ਤਾਂ ਲੋਕ ਵਿਖਾਵਾ ਹੈ। ਸੱਚ ਇਹ ਹੈ ਕਿ ਅੰਦਰਖਾਤੇ ਦੋਵੇਂ ਘਿਓ-ਖਿਚੜੀ ਹਨ। ਉਨ੍ਹਾਂ ਕਿਹਾ ਕਿ ਭਾਜਪਾ ਉਹ ਤੋਤਾ ਹੈ, ਜਿਸ ਵਿੱਚ ਅਕਾਲੀ ਦਲ ਦੀ ਜਾਨ ਵਸਦੀ ਹੈ। ਤੁਹਾਡੀ ਅਕਾਲੀ ਦਲ ਨੂੰ ਪਾਈ ਹਰ ਇੱਕ ਵੋਟ ਸਿੱਧੀ ਭਾਜਪਾ ਦੇ ਖਾਤੇ ਵਿੱਚ ਜਾਵੇਗੀ।' ਉਨ੍ਹਾਂ ਅੱਗੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਦਾ ਵਖਰੇਵਾਂ ਮਹਿਜ਼ ਡਰਾਮੇਬਾਜ਼ੀ ਹੈ। ਇਹ ਡਰਾਮਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਭਾਜਪਾ ਪ੍ਰਤੀ ਉੱਠੇ ਲੋਕਾਂ ਦੇ ਰੋਹ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ 1 ਜੂਨ ਨੂੰ ਵੋਟਾਂ ਪੈਣ ਵਾਲੇ ਦਿਨ ਤੋਂ ਬਾਅਦ ਅਕਾਲੀ ਤੇ ਭਾਜਪਾਈ ਦੋਵੇਂ ਇੱਕੋ ਪਿੱਚ 'ਤੇ ਖੇਡਦੇ ਨਜ਼ਰ ਆਉਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਕੰਮਾਂ ਨੂੰ ਸਾਜਿਸ਼ ਤਹਿਤ ਅਣਡਿੱਠ ਕਰਕੇ ਅਤੇ ਪਾਣੀ ਪੀ-ਪੀ ਕੇ ਭੰਡਣ ਵਾਲੇ ਵਿਰੋਧੀ ਕੀ ਪਿਛਲੇ 70 ਸਾਲਾਂ 'ਚ ਆਪਣੇ ਕਾਰਜਕਾਲ ਦੀਆਂ ਪ੍ਰਾਪਤੀਆਂ ਗਿਣਵਾ ਸਕਣਗੇ ? ਰੰਧਾਵਾ ਨੇ ਕਿਹਾ ਕਿ ਬਗ਼ੈਰ ਵਜ੍ਹਾ ਆਲੋਚਨਾ ਕਰਨ ਵਾਲੇ ਵਿਰੋਧੀਆਂ ਤੋਂ ਬਿਨਾਂ, ਸਮੁੱਚੇ ਪੰਜਾਬ ਦੇ ਵਾਸੀ ਮਾਨ ਸਰਕਾਰ ਦੇ ਕੰਮਾਂ ਤੋਂ ਖ਼ੁਸ਼ ਹਨ ਅਤੇ ਉਹ ਇਨ੍ਹਾਂ ਚੋਣਾਂ 'ਚ 'ਆਪ' ਦੇ ਟੀਚੇ 13-0 ਨੂੰ ਪੂਰਾ ਕਰਨ ਲਈ ਸਿਰਫ ਇਕ ਜੂਨ ਦੀ ਉਡੀਕ ਕਰ ਰਹੇ ਹਨ।