ਕਾਂਗਰਸੀ ਉਮੀਦਵਾਰ ਜੀਤਮਹਿੰਦਰ ਸਿੱਧੂ ਤੇ ਜ਼ਿਲ੍ਹਾ ਪ੍ਰਧਾਨ ਖ਼ੁਸਬਾਜ ਜਟਾਣਾ ਨੇ ਤਲਵੰਡੀ ਸਾਬੋ ’ਚ ਇੱਕਜੁਟ ਹੋਏ ਚਲਾਈ ਚੋਣ ਮੁਹਿੰਮ
ਵਰਕਰਾਂ ’ਚ ਭਾਰੀ ਉਤਸ਼ਾਹ, ਤਲਵੰਡੀ ਸਾਬੋ ਹਲਕੇ ਵਿਚੋਂ 25 ਹਜ਼ਾਰ ਲੀਡ ਦਿਵਾਉਣ ਦਾ ਦਿਵਾਇਆ ਭਰੋਸਾ
ਬਠਿੰਡਾ, 6 ਮਈ: ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਅਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਤੇ ਹਲਕਾ ਤਲਵੰਡੀ ਸਾਬੋ ਦੇ ਇੰਚਾਰਜ਼ ਖ਼ੁਸਬਾਜ ਸਿੰਘ ਜਟਾਣਾ ਵੱਲੋਂ ਤਲਵੰਡੀ ਸਾਬੋ ਵਿਚ ਅੱਜ ਇੱਕਜੁਟ ਹੋ ਕੇ ਚੋਣ ਮੁਹਿੰਮ ਚਲਾਈ। ਦੋਨਾਂ ਆਗੂਆਂ ਵੱਲੋਂ ਪੂਰੇ ਹਲਕੇ ਨੂੰ ਚਾਰ ਜੋਨਾਂ ਵਿਚ ਵੰਡ ਕੇ ਕੀਤੀਆਂ ਮੀਟਿੰਗਾਂ ਵੱਡੀਆਂ ਰੈਲੀਆਂ ਦਾ ਰੂਪ ਧਾਰਨ ਕਰ ਗਈਆਂ। ਇਸ ਮੌਕੇ ਵਰਕਰਾਂ ਵਿਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਦੌਰਾਨ ਵੱਖ ਵੱਖ ਮੰਚਾਂ ਤੋਂ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਸ: ਜਟਾਣਾ ਨੇ ਪਾਰਟੀ ਉਮੀਦਵਾਰ ਨੂੰ ਭਰੋਸਾ ਦਿਵਾਇਆ ਕਿ ਤਲਵੰਡੀ ਸਾਬੋ ਹਲਕੇ ਵਿਚੋਂ 25 ਹਜ਼ਾਰ ਵੋਟਾਂ ਦੇ ਅੰਤਰ ਨਾਲ ਉਹ ਲੀਡ ਦਿਵਾ ਕੇ ਭੇਜਣਗੇ। ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਵੀ ਇਕਜੁਟ ਹੋਣ ਦਾ ਸੁਨੇਹਾ ਦਿੰਦਿਆਂ ਸਪੱਸਟ ਕੀਤਾ ਕਿ ਜੇਕਰ ਕੋਈ ਆਪ ਜਾਂ ਅਕਾਲੀ ਦਲ ਨੂੰ ਵੋਟ ਪਾਏਗਾ ਤਾਂ ਉਹ ਭਾਜਪਾ ਨੂੰ ਜਾਏਗੀ, ਕਿਉਂਕਿ ਇਹ ਪਾਰਟੀਆਂ ਅੰਦਰਖ਼ਾਤੇ ਇੱਕਮਿਕ ਹਨ। ਜਟਾਣਾ ਨੇ ਦੋਸ਼ ਲਗਾਇਆ ਕਿ ਭਾਜਪਾ ਕਿਸਾਨਾਂ, ਮਜਦੂਰਾਂ ਤੇ ਨੌਜਵਾਨਾਂ ਨੂੰ ਕੁਚਲਣ ਵਾਲੀ ਪਾਰਟੀ ਹੈ, ਜਿਸਨੂੰ ਪੰਜਾਬੀ ਕਦੇ ਵੀ ਪਸੰਦ ਨਹੀਂ ਕਰਨਗੇ। ਉਨ੍ਹਾਂ ਅਕਾਲੀ ਦਲ ’ਤੇ ਤਕੜੇ ਹਮਲੇ ਬੋਲਦਿਆਂ ਕਿਹਾ ਕਿ ਵਿਕਾਸ ਦੀਆਂ ਗੱਲਾਂ ਵਾਲਾ ਬਾਦਲ ਪ੍ਰਵਾਰ ਦੱਸੇ ਕਿ ਉਨ੍ਹਾਂ ਤਲਵੰਡੀ ਸਾਬੋ ਲਈ ਕੀ ਕੰਮ ਕੀਤਾ ਹੈ। ਇਸੇ ਤਰ੍ਹਾਂ ਆਪ ਦੇ ਨਿਸ਼ਾਨੇ ਲਗਾਉਂਦਿਆਂ ਜਟਾਣਾ ਨੇ ਕਿਹਾ ਕਿ ਤਲਵੰਡੀ ਸਾਬੋ ਤੋਂ ਜਿੱਤੀ ਬੀਬੀ ਜੀ ਸਰਕਾਰ ਵਿਚ ਕੈਬਨਿਟ ਮੰਤਰੀ ਦਾ ਰੈਂਕ ਹਾਸਲ ਕਰਨ ਤੋਂ ਇਲਾਵਾ ਪਿਛਲੇ ਢਾਈ ਸਾਲਾਂ ਵਿਚ ਇੱਥੇ ਇੱਕ ਇੱਟ ਵੀ ਨਹੀਂ ਲਗਾਈ। ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਕੱਲੀ ਬਠਿੰਡਾ ਵਿਚ ਹੀ ਨਹੀਂ, ਪੂਰੇ ਦੇਸ਼ ਵਿਚ ਕਾਂਗਰਸ ਦੇਹੱਕ ਵਿਚ ਹਵਾ ਚੱਲ ਰਹੀ ਹੈ ਤੇ ਭਾਜਪਾ ਇੰਨ੍ਹਾਂ ਘਬਰਾ ਗਈ ਹੈ ਕਿ ਹੁਣ ਧਰਮ ਤੇ ਜਾਤੀ ਦੇ ਨਾਂ ’ਤੇ ਵੋਟਾਂ ਮੰਗਣ ਲੱਗੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਉਮੀਦਵਾਰ ਪਿਛਲੇ 15 ਸਾਲਾਂ ਤੋਂ ਇੱਥੋਂ ਜਿੱਤਦੀ ਰਹੀ ਹੈ ਪਰ ਸਿਵਾਏ ਝੂਠੇ ਵਾਅਦਿਆਂ ਤੇ ਗੱਲਾਂ ਤੋਂ ਕੁੱਝ ਨਹੀਂ ਕੀਤਾ। ਇਸੇ ਤਰ੍ਹਾਂ ਆਪ ਦਾ ਉਮੀਦਵਾਰ ਸੂਬਾ ਸਰਕਾਰ ਵਿਚ ਖੇਤੀਬਾੜੀ ਮੰਤਰੀ ਹੈ ਤੇ ਕਿਸਾਨਾਂ ’ਤੇ ਆਈਆਂ ਕੁਦਰਤੀ ਆਫ਼ਤਾਂ ਦੌਰਾਨ ਇੱਕ ਵਾਰ ਵੀ ਉਨ੍ਹਾਂ ਬਾਂਹ ਨਹੀਂ ਫ਼ੜੀ। ਉਨ੍ਹਾਂ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇੱਕ ਵਾਰ ਉਸਤੇ ਭਰੋਸਾ ਕਰੋਂ ਤੇ ਤੁਹਾਨੂੰ ਮਹਿਸੂਸ ਹੋਵੇਗਾ ਕਿ ਇੱਕ ਮੈਂਬਰ ਪਾਰਲੀਮੈਂਟ ਅਪਣੇ ਹਲਕੇ ਲਈ ਕੀ ਕੰਮ ਕਰ ਸਕਦਾ ਹੈ। ਇਸ ਮੌਕੇ ਕਾਂਗਰਸੀ ਉਮੀਦਵਾਰ ਦੇ ਪੁੱਤਰ ਗੁਰਬਾਜ ਸਿੰਘ ਸਿੱਧੂ ਨੇ ਵੀ ਸੰਬੋਧਨ ਕਰਦਿਆਂ ਤਲਵੰਡੀ ਸਾਬੋ ਹਲਕੇ ਦੇ ਲੋਕਾਂ ਨਾਲ ਅਪਣੇ ਪ੍ਰਵਾਰ ਦੇ ਪੁਰਾਣੇ ਮੋਹ ਦਾ ਹਵਾਲਾ ਦਿੰਦਿਆਂ ਕਿਹਾ ਕਿ ਇੱਥੋਂ ਇੱਕਪਾਸੜ ਵੋਟਾਂ ਦੀ ਹਨੇਰੀ ਚੱਲੇਗੀ।