ਖੇਤੀ ਵਿਰਾਸਤ ਮਿਸ਼ਨ ਦੁਆਰਾ ਵਿਸ਼ਵ ਧਰਤੀ ਦਿਵਸ ਮਨਾਇਆ
ਬਿਮਾਰੀਆਂ ਤੋਂ ਬੱਚਣਾ ਚਾਹੁੰਦੇ ਹਾਂ ਤਾਂ ਸਾਨੂੰ ਕੁਦਰਤੀ ਖੇਤੀ ਵੱਲ ਮੁੜਨਾ ਪਵੇਗਾ : ਉਮੇਂਦਰ ਦੱਤ
ਮਨਜੀਤ ਸਿੰਘ ਢੱਲਾ
ਜੈਤੋ,07 ਮਈ 2024 : ਪਿੰਡ ਚੈਨੇ ਦੇ ਪਰਮਹੰਸ ਸਵਾਮੀ ਵਚਿਤਰਾ ਨੰਦ ਡੇਰੇ ਵਿਖੇ ਖੇਤੀ ਵਿਰਾਸਤ ਮਿਸ਼ਨ ਦੁਆਰਾ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ। ਪ੍ਰੋਗਰਾਮ ਵਿੱਚ ਜੈਤੋ ਦੇ ਡੀ.ਐਸ.ਪੀ ਸੁਖਦੀਪ ਸਿੰਘ ਜੀ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਸਮੇਂ-ਸਮੇਂ ਤੇ ਖੇਤੀ ਵਿਰਾਸਤ ਮਿਸ਼ਨ ਅਜਿਹੇ ਉੱਪਰਾਲੇ ਕਰਦਾ ਰਹਿੰਦਾ ਹੈ ਜਿਸ ਨਾਲ ਸਾਡੇ ਸਮਾਜ ਨੂੰ ਜ਼ਹਿਰ-ਮੁਕਤ ਕੁਦਰਤੀ ਖੇਤੀ, ਸਾਡੇ ਜੀਵਨ ਦੇਣ ਵਾਲੇ ਕੁਦਰਤੀ ਸੋਮਿਆਂ ਜਿਵੇਂ ਹਵਾ, ਪਾਣੀ ਅਤੇ ਮਿੱਟੀ ਨੂੰ ਕਿਵੇਂ ਸਾਫ਼ ਅਤੇ ਸਵਛ ਰੱਖਿਆ ਜਾ ਸਕੇ ਅਤੇ ਇਹਨਾਂ ਬਾਰੇ ਸਾਡੇ ਲੋਕਾਂ ਨੂੰ ਸੇਧ ਦਿੱਤੀ ਜਾ ਸਕੇ, ਇਸੇ ਉਪਰਾਲੇ ਦੇ ਸਦਕੇ ਖੇਤੀ ਵਿਰਾਸਤ ਮਿਸ਼ਨ ਨੇ ਵਿਸ਼ਵ ਧਰਤੀ ਦਿਵਸ ਦੇ ਇਸ ਖਾਸ ਮੌਕੇ ਤੇ ਖਾਸ ਤੌਰ ਤੇ ਬੀਬੀਆਂ ਭੈਣਾ ਦੇ ਨਾਲ ਇਸ ਦਿਵਸ ਨੂੰ ਮਨਾਇਆ।
ਪ੍ਰੋਗਰਾਮ ਦੀ ਸ਼ੁਰੂਆਤ ਮਿਸ਼ਨ ਵੱਲੋ ਗੋਰਾ ਸਿੰਘ ਦੁਆਰਾ ਕੀਤੀ ਗਈ। ਪਿੰਡ ਚੈਨਾ ਦੇ ਰਹਿਣ ਵਾਲੇ ਗੋਰਾ ਸਿੰਘ ਜੀ ਨੇ ਦੱਸਿਆ ਕਿ ਉਹ ਪਿੱਛਲੇ ਕਈ ਸਾਲਾਂ ਤੋਂ ਮਿਸ਼ਨ ਨਾਲ ਮਿਲ ਕੇ ਪਿੰਡ ਵਿੱਚ ਕੁਦਰਤੀ ਖੇਤੀ ਦੇ ਮੁੱਦੇ ਉੱਪਰ ਕੰਮ ਕਰ ਰਹੇ ਹਨ। ਇਸਦੇ ਨਾਲ ਹੀ ਕਪਾਹ ਦੀ ਖੇਤੀ ਨੂੰ ਮੁੜ ਸੁਰਜੀਤ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹਨ। ਗੋਰਾ ਸਿੰਘ ਜੀ ਨੇ ਦੱਸਿਆ ਕਿ ਪਿੰਡ ਚੈਨਾ ਵਿੱਚ ਖੇਤੀ ਵਿਰਾਸਤ ਮਿਸ਼ਨ ਦੀ ਸਖ਼ਤ ਮਿਹਨਤ ਨਾਲ ਅੱਜ ਪਿੰਡ ਦੇ ਲੱਗਭਗ ਹਰੇਕ ਘਰ ਦੇ ਵਿੱਚ ਜ਼ਹਿਰ-ਮੁਕਤ ਘਰੇਲੂ ਬਗੀਚੀ ਲਗਾਈ ਹੋਈ ਹੈ। ਉਹਨਾਂ ਨੇ ਦੱਸਿਆ ਕਿ ਘਰੇਲੂ ਬਗੀਚੀ ਤੋਂ ਪ੍ਰਾਪਤ ਸਬਜੀਆਂ ਖਾਣ ਵਾਲੇ ਪਰਿਵਾਰਾਂ ਦੇ ਅੰਦਰ ਬਿਮਾਰੀਆਂ ਵਿੱਚ ਬਹੁਤ ਕਮੀ ਆਈ ਹੈ। ਪ੍ਰੋਗਰਾਮ ਨੂੰ ਅੱਗੇ ਵਧਾਉਦਿਆਂ ਮਿਸ਼ਨ ਵੱਲੋਂ ਜਗਤਾਰ ਸਿੰਘ ਸਹੋਤਾ ਜੀ ਨੇ ਦੱਸਿਆ ਕਿ ਕਿਸ ਤਰ੍ਹਾਂ ਅਸੀਂ ਪੈਸਟੀਸਾਈਡ, ਕੈਮੀਕਲਾਂ ਦੀ ਵਰਤੋਂ ਕਰ-ਕਰ ਕੇ ਧਰਤੀ ਨੂੰ ਬੁਖਾਰ ਚੜ੍ਹਾ ਲਿਆ ਹੈ। ਇਹ ਕਾਰਨ ਹੈ ਕਿ ਮਿੱਟੀ ਦੀ ਸਿਹਤ ਖਰਾਬ ਹੋ ਗਈ ਹੈ ਜਿਸਦਾ ਸਿੱਧਾ ਅਸਰ ਸਾਡੇ ਭੋਜਨ ਉੱਪਰ ਵੀ ਪੈ ਰਿਹਾ ਹੈ। ਜਿਸ ਕਾਰਨ ਅੱਜ ਹਾਈ ਬੱਲਡ ਪ੍ਰੈਸ਼ਰ, ਸ਼ੂਗਰ, ਖੂਨ ਦੀ ਕਮੀ, ਜਿਹੀਆਂ ਬਿਮਾਰੀਆਂ ਵੱਧ ਰਹੀਆਂ ਹਨ। ਜੇਕਰ ਅਸੀਂ ਇਹਨਾਂ ਬਿਮਾਰੀਆਂ ਤੋਂ ਬੱਚਣਾ ਚਾਹੁੰਦੇ ਹਾਂ ਤਾਂ ਸਾਨੂੰ ਕੁਦਰਤੀ ਖੇਤੀ ਵੱਲ ਮੁੜਨਾ ਪਵੇਗਾ ਜਿਸ ਦੀ ਸ਼ੁਰੂਵਾਤ ਅਸੀਂ ਆਪਣੇ ਘਰ ਤੋਂ ਹੀ ਕਰ ਸਕਦੇ ਹਾਂ। ਅਸੀਂ ਆਪਣੇ ਆਂਡ-ਗੁਆਢ ਅਤੇ ਆਪਣੇ ਪਰਿਵਾਰ ਦੇ ਲਈ ਆਪਣੇ ਖੇਤ ਵਿੱਚ ਜ਼ਹਿਰ-ਮੁਕਤ ਖੇਤੀ ਕਰ ਸਕਦੇ ਹਾਂ। ਇਸ ਤੋਂ ਅੱਗੇ ਮਿਸ਼ਨ ਵੱਲੋਂ ਮਿਲਟ ਸ਼ੈੱਫ ਸਰਬਜੀਤ ਕੋਰ ਜੀ ਨੇ ਦੱਸਿਆ ਕਿ ਜੇਕਰ ਅਸੀਂ ਮੂਲ ਅਨਾਜਾਂ ਦੀ ਖੇਤੀ ਕਰੀਏ ਤਾਂ ਨਾ ਸਿਰਫ਼ ਮਿੱਟੀ ਦੀ ਸਿਹਤ ਨੂੰ ਠੀਕ ਕੀਤਾ ਜਾ ਸਕਦਾ ਹੈ ਬਲਕਿ ਖੇਤੀ ਵਿੱਚ ਵਰਤੋਂ ਹੋਣ ਵਾਲੇ ਪਾਣੀ ਦੀ ਵੀ ਬੱਚਤ ਕੀਤੀ ਜਾ ਸਕਦੀ ਹੈ। ਸਰਬਜੀਤ ਜੀ ਨੇ ਦੱਸਿਆ ਕਿ ਮੋਟੇ ਅਨਾਜ ਜਿਵੇਂ ਕਿ ਕੋਧਰਾ, ਕੁਟਕੀ, ਕੰਗਣੀ, ਸਵਾਂਕ, ਰਾਗੀ ਅਤੇ ਹਰੀ ਕੰਗਣੀ ਅਨਾਜਾਂ ਤੋਂ ਅਨੇਕਾਂ ਪ੍ਰਕਾਰ ਦੇ ਸਵਾਦ ਭਰਪੂਰ ਭੋਜਨ ਪਕਾਏ ਜਾ ਸਕਦੇ ਹਨ। ਇਸਦੇ ਨਾਲ ਹੀ ਨਿਰਮਲ ਪ੍ਰੀਤਮ ਨੇ ਦੱਸਿਆ ਕਿ ਅਸੀਂ ਘਰੇਲੂ ਬਗੀਚੀ ਵਿੱਚ ਸਬਜੀਆਂ ਤੋਂ ਇਲਾਵਾ ਫਲਦਾਰ ਬੂਟੇ ਜਿਵੇਂ ਅੰਬ, ਚੀਕੂ, ਕਿਨੂੰ, ਅਨਾਰ ਆਦਿ ਲਗਾ ਸਕਦੇ ਹਾਂ।ਇਸ ਤੋਂ ਇਲਾਵਾ ਅਸੀਂ ਆਪਣੇ ਆਲੇ-ਦੁਆਲੇ ਦੀ ਹਵਾ ਨੂੰ ਸ਼ੁੱਧ ਕਰਨ ਦੇ ਲਈ ਸਪਾਈਡਰ ਪਲਾਂਟ, ਐਲੋਵੀਰਾ ਅਤੇ ਪੀਸ ਲੀਲੀ ਜਿਹੇ ਪੌਦੇ ਲਗਾ ਸਕਦੇ ਹਾਂ। ਇਸ ਤੋਂ ਇਲਾਵਾ ਪ੍ਰੋਗਰਾਮ ਵਿੱਚ ਛੋਟੀਆਂ ਬੱਚੀਆਂ ਨੇ ਵੀ ‘ਧਰਤੀਏ ਰੰਗੀਲੀਏ’ ਜਿਹੀਆਂ ਕਵੀਤਾਵਾਂ ਅਤੇ ਧਰਤੀ ਮਾਂ ਉੱਪਰ ਆਪਣੇ ਵਿਚਾਰ ਪੇਸ਼ ਕੀਤੇ। ਧਰਤੀ ਸਿਰਫ ਸਾਡਾ ਹੀ ਨਹੀਂ ਬਲਕਿ ਅਨੇਕਾਂ ਹੋਰ ਜੀਵਾਂ ਦੀ ਵੀ ਘਰ ਹੈ ਜਿਸਨੂੰ ਸਾਫ਼-ਸੁਥਰਾ ਅਤੇ ਸੁਰੱਖਿਅਤ ਰੱਖਣਾ ਸਾਡੀ ਸਭ ਦੀ ਸਾਂਝੀ ਜਿਮੇਂਦਾਰੀ ਹੈ।ਪ੍ਰੋਗਰਾਮ ਦੇ ਅਖੀਰ ਵਿੱਚ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਉਮੇਂਦਰ ਜੀ ਨੇ ਮੁੱਖ ਮਹਿਮਾਨ ਵੱਜੋਂ ਪੁੱਜੇ ਜੈਤੋ ਦੇ ਡੀ.ਐਸ.ਪੀ ਸੁਖਦੀਪ ਸਿੰਘ ਜੀ ਅਤੇ ਉਹਨਾਂ ਦੇ ਨਾਲ ਆਏ ਨੀਰਜ ਜਿੰਦਲ ਜੀ ਦਾ ਮਿਸ਼ਨ ਦੇ ਤ੍ਰਿੰਝਣ ਵਿਭਾਗ ਵਿੱਚ ਦੇਸੀ ਕਪਾਹ ਨਾਲ ਖੱਡੀ ਉੱਪਰ ਤਿਆਰ ਹੋਏ ਖਾਦੀ ਕੱਪੜੇ ਦੀ ਸ਼ਾਲ ਭੇਂਟ ਕੀਤੀ। ਡੀ.ਐਸ.ਪੀ ਜੀ ਨੇ ਕਿ ਖੇਤੀ ਵਿਰਾਸਤ ਮਿਸ਼ਨ ਪ੍ਰਸ਼ੰਸਾ ਦਾ ਭਾਗੀਦਾਰ ਹੈ, ਮਿਸ਼ਨ ਬਹੁਤ ਸੋਹਣਾ ਕੰਮ ਕਰ ਰਿਹਾ ਹੈ ਤੇ ਇਸੇ ਪ੍ਰਕਾਰ ਹੋਰ ਵੀ ਲੋਕ ਭਲਾਈ ਕੰਮ ਕਰਦਾ ਰਹੇ। ਉਮੇਂਦਰ ਜੀ ਨੇ ਪਿੰਡ ਚੈਨਾ ਅਤੇ ਆਸ-ਪਾਸ ਤੋਂ ਪੁੱਜੀਆਂ ਬੀਬੀਆਂ ਨਾਲ ਧਰਤੀ ਦਿਵਸ ਦੇ ਇਸ ਖਾਸ ਮੌਕੇ ਉੱਪਰ ਗੱਲਬਾਤ ਕੀਤੀ।
ਉਮੇਂਦਰ ਜੀ ਨੇ ਗੱਲ ਕਰਦਿਆਂ ਕਿ ਜਿਸ ਪ੍ਰਕਾਰ ਧਰਤੀ ਮਾਂ ਰੂਪ ਵਿੱਚ ਸਿਰਜਣਾਤਮਕ ਕਾਰਜ ਕਰਦੀ ਹੈ। ਉਸੇ ਪ੍ਰਕਾਰ ਕੁਦਰਤ ਨੇ ਸਿਰਫ਼ ਔਰਤ ਨੂੰ ਹੀ ਨਵ-ਜੀਵਨ ਦੇਣ ਦੀ ਸ਼ਕਤੀ ਬਖ਼ਸ਼ੀ ਹੈ। ਇਹ ਹੀ ਕਾਰਨ ਹੈ ਕਿ ਧਰਤੀ ਦਿਵਸ ਦੇ ਇਸ ਖਾਸ ਮੌਕੇ ਉੱਪਰ ਖਾਸ ਤੌਰ ਤੇ ਔਰਤਾਂ ਨੂੰ ਸੱਦਾ ਦਿੱਤਾ ਗਿਆ। ਉਮੇਂਦਰ ਜੀ ਨੇ ਦੱਸਿਆ ਕਿ ਅਸੀਂ ਧਰਤੀ ਮਾਂ ਦੇ ਉੱਪਰ ਜੋ ਅੱਤਿਆਚਾਰ ਕੀਤੇ ਹਨ ਜਿਸਦੇ ਅਸਰ ਕਾਰਨ ਹੀ ਅੱਜ ਅਸੀਂ ਪਾਣੀ ਦਾ ਸੰਕਟ, ਧਰਤੀ ਦਾ ਵੱਧ ਰਿਹਾ ਤਾਪਮਾਨ, ਇਸ ਤੋਂ ਕੈਂਸਰ, ਫਰਟੀਲਿਟੀ ਜਿਹੀਆਂ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਾਂ। ਇਹਨਾਂ ਸੰਕਟਾਂ ਤੋਂ ਬੱਚਣ ਦੇ ਲਈ ਸਾਨੂੰ ਆਪਣੀ ਧਰਤੀ ਮਾਂ ਨੂੰ ਬਚਾਉਣ ਦੇ ਕਾਰਜ ਕਰਨੇ ਪੈਣਗੇ। ਇਸ ਦੇ ਨਾਲ ਹੀ ਕੁਦਰਤੀ ਖੇਤੀ ਨੂੰ ਹੋਰ ਵਧਾਉਣ ਦੀ ਗੱਲ ਕਹੀ। ਅਖੀਰ ਵਿੱਚ ਉਮੇਂਦਰ ਜੀ ਨੇ ਕਿਹਾ ਕਿ ਪਿੰਡ ਵਿੱਚ ਘਰੇਲੂ ਬਗੀਚੀਆਂ ਦੀ ਗਿਣਤੀ ਵਧਾਈ ਜਾਵੇਗੀ। ਇਸ ਦੇ ਨਾਲ ਹੀ ਕਿਹਾ ਕਿ ਹਰ ਘਰ ਉਗਾਵੇ ਜ਼ਹਿਰ-ਮੁਕਤ ਅਤੇ ਹਰ ਘਰ ਖਾਵੇ ਮੁਕਤ। ਪ੍ਰੋਗਰਾਮ ਵਿੱਚ ਖੇਤੀ ਵਿਰਾਸਤ ਮਿਸ਼ਨ ਦੇ ਏ.ਪੀ.ਪੀ.ਆਈ ਪ੍ਰੋਜੈਕਟ ਦੇ ਮੈਂਬਰ, ਕੁਦਰਤੀ ਖੇਤੀ ਕਰਨ ਵਾਲੇ ਕਿਸਾਨ, ਮਿਸ਼ਨ ਦੇ ਤ੍ਰਿੰਝਣ ਵਿਭਾਗ ਵਿੱਚ ਖਾਦੀ ਕੱਪੜਾ ਬੁਣਨ ਵਾਲੀਆਂ ਬੀਬੀਆਂ ਅਤੇ ਨੇੜੇ ਦੇ ਇਲਾਕਿਆਂ ਤੋਂ ਪਹੁੰਚੀਆਂ ਬੀਬੀਆਂ ਸ਼ਾਮਿਲ ਹਨ।