ਸਿਹਤ ਵਿਭਾਗ ਨੇ ਮਲੇਰੀਆ ਵਿਰੋਧੀ ਗਤੀਵਿਧੀਆਂ ਕੀਤੀਆਂ ਤੇਜ਼ — ਡਾ. ਦਵਿੰਦਰਜੀਤ ਕੌਰ
300 ਥਾਵਾਂ ਤੇ ਮੱਛਰ ਦਾ ਲਾਰਵਾ ਕਰਾਇਆ ਨਸ਼ਟ
ਫਤਿਹਗੜ੍ਹ ਸਾਹਿਬ , 07 ਮਈ 2024 : ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰੇਦਸ਼ਾ ਅਨੁਸਾਰ ਅਤੇ ਸਿਵਲ ਸਰਜਨ ਫਤਿਹਗੜ੍ਹ ਸਾਹਿਬ, ਡਾ. ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਜ਼ਿਲ੍ਹੇ ਅੰਦਰ ਮਲੇਰੀਆ ਵਿਰੋਧੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ,ਜਿਸ ਤਹਿਤ ਸਾਰੇ ਸਰਕਾਰੀ, ਗੈਰ ਸਰਕਾਰੀ ਅਦਾਰਿਆ, ਕਾਲਜ, ਯੂਨੀਵਰਸਿਟੀਆਂ ਤੇ ਘਰ—ਘਰ ਸਿਹਤ ਵਿਭਾਗ ਦੀਆ ਟੀਮਾਂ ਵੱਲੋਂ ਪੁਹੰਚ ਕੀਤੀ ਜਾ ਰਹੀ ਹੈ ਅਤੇ ਆਮ ਲੋਕਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ।ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਅਧੀਨ ਗਠਿਤ ਕੀਤੀਆਂ ਮਲੇਰੀਆ ਵਿਰੋਧੀ 55 ਟੀਮਾਂ ਵੱਲੋਂ ਹੁਣ ਤੱਕ 7444 ਘਰਾਂ/ਸੰਸਥਾਵਾਂ ਦੀਆਂ ਇਮਾਰਤਾ ਦੀ ਚੈਕਿੰਗ ਕੀਤੀ ਗਈ, ਜਿਨਾਂ ਵਿੱਚੋਂ 300 ਥਾਂਵਾਂ ਤੋਂ ਮੱਛਰ ਦਾ ਲਾਰਵਾ ਮਿਲਿਆਂ ਜਿਸ ਨੂੰ ਮੌਕੇ ਤੇ ਨਸ਼ਟ ਕਰਵਾਇਆ ਗਿਆ ਅਤੇ 983 ਥਾਵਾਂ ਤੇ ਸਪਰੇਅ ਕਰਵਾਈ ਗਈ। ਉਨਾਂ ਇਹ ਵੀ ਦੱਸਿਆ ਕਿ ਹੁਣ ਤੱਕ ਜ਼ਿਲੇ ਅੰਦਰ ਮਲੇਰੀਆ ਬੁਖਾਰ ਦੇ 151ਸ਼ੱਕੀ ਮਰੀਜ਼ਾਂ ਦੀਆਂ ਲਹੂ ਸਲਾਈਡਾਂ ਬਣਾਈਆਂ ਗਈਆਂ ਸਨ ਜਿਨਾਂ ਵਿੱਚੋਂ ਕੋਈ ਵੀ ਮਲੇਰੀਆ ਪਾਜੇਟਿਵ ਕੇਸ ਨਹੀਂ ਨਿਕਲਿਆ । ਉਨ੍ਹਾਂ ਦੱਸਿਆ ਕਿ ਮੁਹਿੰਮ ਤਹਿਤ ਸਾਰੀਆਂ ਸਿਹਤ ਸੰਸਥਾਵਾਂ ਰਾਹੀ ਪਿੰਡਾਂ ਵਿਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਅਤੇ ਹੁਣ ਤੱਕ 277 ਥਾਵਾਂ ਤੇ ਗਰੁੱਪ ਮੀਟਿੰਗਾਂ ਵੀ ਕੀਤੀਆਂ ਗਈਆ।ਇਸ ਮੌਕੇ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਮਲੇਰੀਆਂ ਨਾਲ ਨਜਿਠਨ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ।
ਉਹਨਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਿਭਾਗ ਵੱਲੋਂ ਸੁਝਾਈਆਂ ਗਈਆਂ ਮਲੇਰੀਆ ਵਿਰੋਧੀ ਸਾਵਧਾਨੀਆਂ ਤੇ ਅਮਲ ਕਰਨਾ ਯਕੀਨੀ ਬਣਾਉਣ। ਇਸ ਮੌਕੇ ਤੇ ਜਿਲਾ ਐਪੀਡਮੋਲੋਜਿਸਟ ਡਾ ਗੁਰਪ੍ਰੀਤ ਕੌਰ ਨੇ ਕਿਹਾ ਕਿ ਮਲੇਰੀਆਂ ਦਾ ਟੈਸਟ ਤੇ ਇਲਾਜ਼ ਸਾਰੀਆਂ ਸਿਹਤ ਸੰਸਥਾਵਾਂ ਵਿਚ ਕੀਤਾ ਜਾਂਦਾ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦੀ ਸਿਹਤ ਸਮੱਸਿਆ ਹੋਣ ਤੇ ਸਰਕਾਰੀ ਸਿਹਤ ਸੰਸਥਾ ਵਿਚ ਆਪਣਾ ਚੈਕਅੱਪ ਕਰਵਾਓ। ਉਨ੍ਹਾਂ ਕਿਹਾ ਕਿ ਮਲੇਰੀਆ ਵਾਲਾ ਮੱਛਰ ਜ਼ਿਆਦਾਤਰ ਰਾਤ ਦੇ ਸਮੇਂ ਕੱਟਦਾ ਹੈ ਅਤੇ ਇਹ ਲੰਮੇ ਸਮੇਂ ਤੋਂ ਖੜ੍ਹੇ ਹੋਏ ਪਾਣੀ ਅਤੇ ਛੱਪੜਾਂ ਆਦਿ ਵਿਚ ਪੈਦਾ ਹੁੰਦਾ ਹੈ ਇਸ ਦੀ ਪੈਦਾਇਸ਼ ਨੂੰ ਰੋਕਣ ਲਈ ਪਾਣੀ ਨੂੰ ਇਕੱਠਾ ਨਾ ਹੋਣ ਦਿੱਤਾ ਜਾਵੇ ਅਤੇ ਗੰਦੇ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਰੱਖਿਆ ਜਾਵੇ। ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ, ਸਿਰ ਦਰਦ, ਠੰਡ ਲੱਗਣਾ, ਉਲਟੀਆਂ, ਪੇਟ ਦਰਦ, ਸਰੀਰ ਵਿਚ ਦਰਦਾਂ, ਥਕਾਵਟ, ਸਾਹ ਚੜਨਾ ਆਦਿ ਚਿੰਨ ਆਉਂਦੇ ਹਨ ਤਾਂ ਤੁਰੰਤ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ।