ਪੀ.ਏ.ਯੂ. ਨੇ ਬਾਸਮਤੀ ਦੇ ਝੰਡਾ ਰੋਗ ਦੀ ਰੋਕਥਾਮ ਲਈ ਬਾਇਓਕੰਟਰੋਲ ਏਜੰਟ ਬਣਾਇਆ
ਲੁਧਿਆਣਾ , 7 ਮਈ 2024 : ਪੀ.ਏ.ਯੂ. ਨੇ ਬਾਸਮਤੀ ਦੇ ਝੰਡਾ ਰੋਗ ਦੀ ਰੋਕਥਾਮ ਲਈ ਪਹਿਲੀ ਵਾਰ ਇਕ ਬਾਇਓਕੰਟਰੋਲ ਏਜੰਟ ਵਿਕਸਿਤ ਕੀਤਾ ਹੈ| ਬੀਤੇ ਦਿਨੀਂ ਇਸ ਤਕਨੀਕ ਨੂੰ ਸੈਂਟਰਲ ਇਨਸੈਕਟੀਸਾਈਡ ਬੋਰਡ ਅਤੇ ਰਜਿਸਟ੍ਰੇਸ਼ਨ ਕਮੇਟੀ ਨੇ ਦਰਜ ਕੀਤਾ| ਇਹ ਬਾਇਓਕੰਟਰੋਲ ਏਜੰਟ ਟ੍ਰਾਈਕੋਡਰਮਾ ਐਸਪੈਰੇਲਮ 2 ਪ੍ਰਤੀਸ਼ਤ ਡਬਲਯੂ ਪੀ ਹੈ ਜਿਸਦੀ ਵਰਤੋਂ ਨਾਲ ਬਾਸਮਤੀ ਵਿਚ ਪਾਏ ਜਾਣ ਵਾਲੇ ਮੁੱਢਾਂ ਦਾ ਗਾਲਾ ਜਾਂ ਝੰਡਾ ਰੋਗ ਦੀ ਰੋਕਥਾਮ ਹੋ ਸਕੇਗੀ|
ਆਪਣੇ ਵਿਸ਼ੇਸ਼ ਮਹਿਕ ਅਤੇ ਸਵਾਦ ਲਈ ਜਾਣ ਵਾਲੀ ਬਾਸਮਤੀ ਭਾਰਤ ਦੀ ਮਹੱਤਵਪੂਰਨ ਫਸਲ ਹੈ| ਅੰਤਰਰਾਸ਼ਟਰੀ ਮਾਰਕੀਟ ਵਿਚ ਇਹ ਫਸਲ ਭਾਰਤ ਲਈ ਵੱਡੀ ਹਿੱਸੇਦਾਰੀ ਅਤੇ ਮੁਨਾਫ਼ੇ ਦਾ ਸਬੱਬ ਹੈ| ਇਸ ਫਸਲ ਹੇਠ ਰਕਬਾ ਵਧਾਉਣ ਲਈ ਕੁਝ ਬਿਮਾਰੀਆਂ ਵਿਸ਼ੇਸ਼ ਤੌਰ ਤੇ ਮੁੱਢਾਂ ਦੇ ਗਾਲੇ ਜਾਂ ਝੰਡਾ ਰੋਗ ਦੀ ਰੋਕਥਾਮ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ| ਰਾਜ ਵਿਚ ਪੂਸਾ ਬਾਸਮਤੀ-1121 ਅਤੇ ਪੂਸਾ ਬਾਸਮਤੀ-1509 ਕਿਸਮਾਂ ਵਿਚ ਦਰਮਿਆਨੀ ਤੋਂ ਵਧੇਰੇ ਮਾਤਰਾ ਵਿਚ ਇਸ ਬਿਮਾਰੀ ਦੇ ਲੱਛਣ ਦੇਖੇ ਜਾ ਰਹੇ ਹਨ| ਇਸ ਨਾਲ ਨਾ ਸਿਰਫ ਫਸਲ ਦਾ ਝਾੜ ਘਟਦਾ ਹੈ ਬਲਕਿ ਚੌਲਾਂ ਦੇ ਘਟੀਆ ਮਿਆਰ ਕਾਰਨ ਸਿਹਤ ਸੰਬੰਧੀ ਖਤਰਿਆਂ ਦਾ ਖਦਸ਼ਾ ਵੀ ਬਣਿਆ ਰਹਿੰਦਾ ਹੈ|
ਟ੍ਰਾਈਕੋਡਰਮਾ ਐਸਪੈਰੇਲਮ ਇਕ ਅਜਿਹਾ ਬਾਇਓਕੰਟਰੋਲ ਏਜੰਟ ਹੈ ਜਿਹੜਾ ਵਾਤਾਵਰਨ ਪੱਖੀ ਅਤੇ ਰਸਾਇਣਕ ਕੀਟਨਾਸ਼ਕਾਂ ਦਾ ਜੈਵਿਕ ਬਦਲ ਬਣਦਾ ਹੈ| ਇਸ ਤਕਨੀਕ ਨੂੰ ਬੀਤੇ ਦਿਨੀਂ ਸੈਂਟਰਲ ਰਜਿਸਟਰੇਸ਼ਨ ਕਮੇਟੀ ਦੀ 455ਵੀਂ ਮੀਟਿੰਗ ਵਿਚ ਸਵੀਕਾਰ ਕਰ ਲਿਆ ਗਿਆ| ਇਸ ਨੂੰ ਵਾਤਾਵਰਨ ਪੱਖੀ ਖੇਤੀ ਦੀ ਦਿਸ਼ਾ ਵਿਚ ਇਕ ਵੱਡਾ ਕਦਮ ਗਿਣਿਆ ਜਾ ਰਿਹਾ ਹੈ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਬਾਇਓਕੰਟਰੋਲ ਏਜੰਟ ਦੇ ਵਿਕਾਸ ਨਾਲ ਜੁੜੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਅਤੇ ਇਸ ਵਿਧੀ ਨੂੰ ਪੰਜਾਬ ਵਿਚ ਸਥਿਰ ਖੇਤੀ ਦੀ ਦਿਸ਼ਾ ਵਿਚ ਇਤਿਹਾਸਕ ਕਦਮ ਕਿਹਾ| ਉਹਨਾਂ ਕਿਹਾ ਕਿ ਡਾ. ਨਰਿੰਦਰ ਸਿੰਘ, ਸਾਬਕਾ ਮੁਖੀ, ਪੌਦਾ ਰੋਗ ਵਿਗਿਆਨ ਵਿਭਾਗ ਅਤੇ ਡਾ. ਦਲਜੀਤ ਸਿੰਘ ਬੁੱਟਰ, ਪ੍ਰਮੁੱਖ ਪੌਦਾ ਰੋਗ ਵਿਗਿਆਨੀ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਬਾਸਮਤੀ ਦੇ ਝੰਡਾ ਰੋਗ ਦੀ ਰੋਕਥਾਮ ਲਈ ਇਸ ਬਾਇਓਕੰਟਰੋਲ ਏਜੰਟ ਦਾ ਵਿਕਾਸ ਸੰਭਵ ਹੋ ਸਕਿਆ|
ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਟ੍ਰਾਈਕੋਡਰਮਾ ਐਸਪੈਰੇਲਮ ਦੇ ਵਿਕਾਸ ਨਾਲ ਪੰਜਾਬ ਵਿਚ ਨਿਰੋਗ ਬਾਸਮਤੀ ਦੀ ਕਾਸ਼ਤ ਹੋ ਸਕੇਗੀ ਅਤੇ ਬਾਸਮਤੀ ਦੇ ਉਤਪਾਦਨ ਵਿਚ ਭਰਪੂਰ ਵਾਧਾ ਦੇਖਣ ਵਿਚ ਮਿਲਿਆ|