ਦਸੂਹਾ ਦੇ ਪਿੰਡ ਟੇਰਕੀਆਣਾ ਦੇ ਨੌਜਵਾਨ ਦੀ ਫਰਾਂਸ ਵਿੱਚ ਮੌਤ
ਰਾਕੇਸ਼ ਭੱਟੀ
ਹੁਸ਼ਿਆਰਪੁਰ , 7 ਮਈ 2024 : ਦਸੂਹਾ ਦੇ ਪਿੰਡ ਟੇਰਕੀਆਣਾ ਦੇ ਇੱਕ ਨੌਜਵਾਨ ਦੀ ਫਰਾਂਸ ਵਿੱਚ ਮੌਤ ਹੋ ਗਈ। ਕੰਮ ਕਰਦੇ ਸਮੇਂ ਪੈਰ ਫਿਸਲਣ ਅਤੇ 5 ਮੰਜ਼ਿਲਾ ਇਮਾਰਤ ਦੇ ਉੱਪਰੋਂ ਡਿੱਗਣ ਕਾਰਨ ਮੌਤ ਹੋ ਗਈ। ਕਮਲਜੀਤ ਨੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਵੀਡੀਓ ਵੀ ਪਾਈ ਸੀ ਕਿ ਵਿਦੇਸ਼ 'ਚ ਕੰਮ ਕਰਨਾ ਕਿੰਨਾ ਔਖਾ ਹੈ। ਬਿਲਕੁਲ ਉਸੇ ਥਾਂ ਤੋਂ ਡਿੱਗਣ ਕਾਰਨ ਮੌਤ ਹੋ ਗਈ।
ਹੁਸ਼ਿਆਰਪੁਰ ਦਸੂਹਾ ਦੇ ਪਿੰਡ ਟੇਰਕੀਆਣਾ ਦੇ 37 ਸਾਲਾ ਨੌਜਵਾਨ ਕਮਲਜੀਤ ਸਿੰਘ ਦੀ ਫਰਾਂਸ ਵਿਚ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਕਮਲਜੀਤ ਪਿਛਲੇ 17 ਸਾਲਾਂ ਤੋਂ ਫਰਾਂਸ ਦੇ ਸ਼ਹਿਰ ਸਿਲਾਂਚਸ ਵਿੱਚ ਰਹਿੰਦਾ ਸੀ ਅਤੇ ਉੱਥੇ ਉਸਾਰੀ ਦਾ ਕੰਮ ਕਰਦਾ ਸੀ। ਵਧੇਰੇ ਜਾਣਕਾਰੀ ਦਿੰਦੇ ਹੋਏ ਕਮਲਜੀਤ ਦੀ ਮਾਤਾ ਸੁਰਿੰਦਰ ਕੌਰ ਨੇ ਦੱਸਿਆ ਕਿ ਕਮਲਜੀਤ 17 ਸਾਲ ਪਹਿਲਾਂ ਫਰਾਂਸ ਗਿਆ ਸੀ ਅਤੇ ਕੁਝ ਦਿਨ ਪਹਿਲਾਂ ਹੀ ਸਾਡੀ ਫੋਨ 'ਤੇ ਗੱਲ ਹੋਈ ਸੀ।
ਕਮਲਜੀਤ ਨੇ ਮੈਨੂੰ ਕਿਹਾ ਕਿ ਮੰਮੀ, ਮੈਂ ਜਲਦੀ ਪਿੰਡ ਵਾਪਸ ਆਵਾਂਗਾ। ਪਰ ਕੌਣ ਜਾਣਦਾ ਸੀ ਕਿ ਉਸ ਦੇ ਪੁੱਤਰ ਦੀ ਮੌਤ ਦੀ ਦੁਖਦਾਈ ਖ਼ਬਰ ਆਵੇਗੀ। ਕਮਲਜੀਤ ਨਾਲ ਕੰਮ ਕਰਨ ਵਾਲੇ ਇੱਕ ਵਿਅਕਤੀ ਨੇ ਸਾਨੂੰ ਫ਼ੋਨ 'ਤੇ ਜਾਣਕਾਰੀ ਦਿੱਤੀ। ਪਰਿਵਾਰ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਕਮਲਜੀਤ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ।