ਝੋਨੇ ਦੀ ਕਿਸਮ ਪੂਸਾ 44 ਦੀ ਵਿਕਰੀ ਅਤੇ ਬਿਜਾਈ ਦੇ ਵਿਭਾਗ ਵੱਲੋਂ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ- ਮੁੱਖ ਖੇਤੀਬਾੜੀ ਅਫ਼ਸਰ
ਰੂਪਨਗਰ, 7 ਮਈ 2024: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਖੇਤੀਬਾੜੀ ਡਾਇਰੈਕਟਰ ਵੱਲੋ ਜਾਰੀ ਹਦਾਇਤਾਂ ਅਨੁਸਾਰ ਮੁੱਖ ਖੇਤੀਬਾੜੀ ਅਫ਼ਸਰ ਰੂਪਨਗਰ ਡਾ. ਗੁਰਬਚਨ ਸਿੰਘ ਨੇ ਬਲਾਕ ਮੋਰਿੰਡਾ ਅਤੇ ਸ੍ਰੀ ਚਮਕੌਰ ਸਾਹਿਬ ਵਿਖੇ ਬੀਜ ਡੀਲਰਾਂ ਦੀ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਡਾ. ਗੁਰਬਚਨ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਸੂਬੇ ਵਿੱਚ ਪੀ.ਏ.ਯੂ. ਦੀ ਸਿਫਾਰਿਸ਼ਾਂ ਅਨੁਸਾਰ ਘੱਟ ਪਾਣੀ ਅਤੇ ਪੱਕਣ ਵਿੱਚ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਕਿ ਪੀ.ਆਰ.126 ਅਤੇ ਹੋਰ ਘੱਟ ਪਾਣੀ ਵਾਲੀਆਂ ਕਿਸਮਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਵਿਧੀ ਰਾਹੀ ਬਿਜਵਾਉਣ ਦੀ ਸਿਫਾਰਿਸ਼ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਧੀਨ ਝੋਨੇ ਦੀ ਪੂਸਾ 44 ਕਿਸਮ ਨੂੰ ਨਾ ਲਗਾਉਣ ਸਬੰਧੀ ਕਿਹਾ ਗਿਆ ਹੈ ਕਿਉਂਕਿ ਪੂਸਾ 44 ਕਿਸਮ ਜਿੱਥੇ ਵੱਧ ਪਾਣੀ ਅਤੇ ਪੱਕਣ ਵਿੱਚ ਵੱਧ ਸਮਾਂ ਲੈਂਦੀ ਹੈ ਨਾਲ ਹੀ ਕਟਾਈ ਉਪਰੰਤ ਇਹ ਕਿਸਮ ਪਰਾਲ ਜਿਆਦਾ ਛੱਡਦੀ ਹੈ। ਜਿਆਦਾ ਪਰਾਲ ਛੱਡਣ ਕਰਕੇ ਕਈ ਵਾਰ ਕਿਸਾਨ ਮਜਬੂਰਨ ਇਸ ਨੂੰ ਅੱਗ ਲਗਾ ਦਿੰਦੇ ਹਨ ਤਾਂ ਕਿ ਅਗਲੀ ਫਸਲ ਦੀ ਬਿਜਾਈ ਜਲਦੀ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਦੇ ਪਰਾਲ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਅਤੇ ਕਈ ਹਾਦਸੇ ਧੂੰਏ ਕਾਰਨ ਵਾਪਰਦੇ ਹਨ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੂਸਾ 44 ਕਿਸਮ ਝੁਲਸ ਰੋਗ ਦੀ ਬਿਮਾਰੀ ਅਤੇ ਕਈ ਪ੍ਰਕਾਰ ਦੇ ਰੱਸ ਚੁੱਸਣ ਵਾਲੇ ਕੀੜੇ ਮਕੌੜਿਆਂ ਤੋ ਜਲਦੀ ਪ੍ਰਭਾਵਿਤ ਹੋਣ ਦਾ ਖਦਸ਼ਾ ਰੱਖਦੀ ਹੈ ਤੇ ਕਿਸਾਨਾਂ ਨੂੰ ਮਜਬੂਰਨ ਮਹਿੰਗੇ ਪੈਸਟੀਸਾਈਡ/ਜਹਿਰਾਂ ਦਾ ਪ੍ਰਯੋਗ ਕਰਨਾ ਪੈਂਦਾ ਹੈ ਜੋ ਆਰਥਿਕ ਤੌਰ ਤੇ ਕਿਸਾਨਾਂ ਦੇ ਖਰਚੇ ਵਧਾਉਦਾ ਹੈ ਨਾਲ ਹੀ ਸੂਬੇ ਦੇ ਮੱਦੇਨਜਰ ਆਪ ਨੂੰ ਵਿਸ਼ੇਸ ਹਦਾਇਤ ਕੀਤੀ ਜਾਂਦੀ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ,ਲੁਧਿਆਣਾ ਦੀ ਸ਼ਿਫਾਰਿਸ਼ ਦੇ ਸਨਮੁੱਖ ਸਾਉਣੀ ਸੀਜ਼ਨ 2024 ਦੌਰਾਨ ਝੋਨੇ ਦੀ ਕਿਸਮ ਪੂਸਾ 44 ਦੀ ਵਿਕਰੀ ਅਤੇ ਬਿਜਾਈ ਦੇ ਪੂਰਨ ਤੌਰ ਤੇ ਪਾਬੰਦੀ ਲਗਾਈ ਜਾਂਦੀ ਹੈ।
ਇਸ ਮੌਕੇ ਡਾ. ਲਵਪ੍ਰੀਤ ਸਿੰਘ ਏ.ਡੀ.ੳ, ਪਵਿੱਤਰ ਸਿੰਘ ਏ.ਐਸ.ਆਈ ਅਤੇ ਡੀਲਰ ਹਾਜ਼ਰ ਸਨ।