ਕਣਕ ਦੇ ਨਾੜ ਨੂੰ ਅੱਗ ਲਾਉਣ ਨਾਲ ਵਾਤਾਵਰਨ ਪਲੀਤ ਹੁੰਦਾ ਹੈ - ਡਾ. ਸ਼ਰਮਾ
ਮਲਕੀਤ ਸਿੰਘ ਮਲਕਪੁਰ
ਲਾਲੜੂ 7 ਮਈ 2024: ਕਣਕ ਦੀ ਵਾਢੀ ਖ਼ਤਮ ਹੋਣ ਤੋਂ ਬਾਅਦ ਤੂੜੀ ਬਣਾਉਣ ਦਾ ਕੰਮ ਵੀ ਲਗਭਗ ਖ਼ਤਮ ਹੋ ਚੁੱਕਾ ਹੈ, ਪ੍ਰੰਤੂ ਫਿਰ ਵੀ ਜੋ ਰਹਿੰਦ ਖੂੰਹਿਦ ਖੇਤਾਂ ਵਿੱਚ ਰਹਿ ਜਾਂਦੀ ਹੈ, ਉਸ ਨੂੰ ਵਾਹ ਕੇ ਖੇਤਾਂ ਵਿਚ ਮਿਲਾਉਣ ਦੀ ਥਾਂ ਕਿਸਾਨ ਭਰਾਵਾਂ ਵੱਲੋਂ ਨਿਰੰਤਰ ਅੱਗ ਲਗਾਈ ਜਾ ਰਹੀ ਹੈ ਜੋ ਕਿ ਬਹੁਤ ਹੀ ਚਿੰਤਾਜਨਕ ਹੈ ਕਿਉਕਿ ਕਣਕ ਦੇ ਨਾੜ ਨੂੰ ਸਾੜਨ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ,ਉੱਥੇ ਹੀ ਇਸ ਵਿੱਚੋਂ ਨਿਕਲੇ ਧੂਏਂ ਨਾਲ ਮਨੁੱਖ ਅਤੇ ਪਸ਼ੂਆਂ ਦੀ ਸਿਹਤ 'ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ।ਕਣਕ ਦੇ ਨਾੜ ਨੂੰ ਸਾੜਨ ਨਾਲ ਜਿੱਥੇ ਬਹੁਤ ਹੀ ਹਾਨੀਕਾਰਕ ਗੈਸਾਂ ਜਿਵੇਂ ਕਿ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ ਅਤੇ ਮੀਥੇਨ ਪੈਦਾ ਹੁੰਦੀਆਂ ਹਨ ਅਤੇ ਜਿਨ੍ਹਾਂ ਕਰਕੇ ਅੱਖਾਂ ਵਿੱਚ ਜਲਣ ਹੋਣਾ ਅਤੇ ਸਾਹ ਲੈਣ ਵਿੱਚ ਮੁਸ਼ਕਲ ਅਤੇ ਚਮੜੀ ਦੇ ਰੋਗ ਹੋਣ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਅਤੇ ਇਹ ਗੈਸਾਂ ਵਾਯੂਮੰਡਲ ਵਿੱਚ ਜਾ ਕੇ ਮੌਸਮ ਦੇ ਮਿਜਾਜ਼ ਵਿੱਚ ਤਬਦੀਲੀ ਦਾ ਕਾਰਨ ਬਣਦੀਆ ਹਨ।ਇਸ ਤੋਂ ਇਲਾਵਾ ਵਿਸ਼ਵ ਪੱਧਰ ਉਤੇ ਆਲਮੀ ਤਪਸ਼ ਵਧਣ ਕਾਰਨ ਹੋ ਰਹੀਆਂ ਮੌਸਮ ਤਬਦੀਲੀਆਂ ਦੇ ਪ੍ਰਤੀਕੂਲ ਪ੍ਰਭਾਵ ਪਿਛਲੇ ਸਾਲਾ ਦੌਰਾਨ ਫ਼ਸਲਾਂ ਦੀ ਕਾਸ਼ਤ ਉਪਰ ਵੇਖਣ ਨੂੰ ਮਿਲ ਰਹੇ ਹਨ,ਜਿਸ ਕਰਕੇ ਅਚਾਨਕ ਹੜ੍ਹ ਅਤੇ ਬੇਮੌਸਮੀ ਬਰਸਾਤਾਂ ਹੋ ਰਹੀਆਂ ਹਨ।
ਡਾਕਟਰ ਬਿਮਲ ਸ਼ਰਮਾ ਨੇ ਕਿਹਾ ਕਿ ਕਣਕ ਦੇ ਨਾੜ ਨੂੰ ਅੱਗ ਲਗਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ ਅਤੇ ਬਹੁਤ ਸਾਰੇ ਮਿੱਤਰ ਕੀੜੇ ਵੀ ਖਤਮ ਹੋ ਜਾਂਦੇ ਹਨ ਅਤੇ ਖੇਤਾਂ ਦੇ ਆਲੇ ਦੁਆਲੇ ਲੱਗੇ ਦਰੱਖਤਾਂ ਦਾ ਵੀ ਬਹੁਤ ਨੁਕਸਾਨ ਹੁੰਦਾ ਹੈ।ਇਸ ਨਾਲ ਦਰੱਖਤ ਉਪਰ ਆਲ੍ਹਣੇ ਬਣਾ ਕੇ ਰਹਿਣ ਵਾਲੇ ਪੰਛੀ ਵੀ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ ਅਤੇ ਇਸ ਦੇ ਨਾਲ ਹੀ ਨਿਕਲੇ ਧੂਏਂ ਕਾਰਨ ਵੱਡੇ ਵੱਡੇ ਹਾਦਸੇ ਵੀ ਵਾਪਰਦੇ ਹਨ।ਡਾਕਟਰ ਸ਼ਰਮਾ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੇ ਬਜਾਏ ਆਪਣੇ ਖੇਤਾਂ ਵਿੱਚ ਹੀ ਵਾਹੁਣ ਅਤੇ ਵਾਤਾਵਰਣ ਨੂੰ ਪ੍ਰਦੂਸ਼ਣ ਹੋਣ ਤੋਂ ਬਚਾਉਣ ਵਿੱਚ ਆਪਣਾ ਯੋਗਦਾਨ ਪਾਉਣ।