ਗਰਮੀ ਦੇ ਮੌਸਮ ਦੇ ਮੱਦੇਨਜ਼ਰ ਵੈਕਸੀਨ ਦੇ ਰੱਖ-ਰਖਾਵ 'ਤੇ ਦਿੱਤਾ ਜਾਵੇ ਵਿਸ਼ੇਸ਼ ਧਿਆਨ : ਸਿਵਲ ਸਰਜਨ ਡਾ. ਜਸਪ੍ਰੀਤ ਕੌਰ
- ਟੀਕਾਕਰਨ ਉਪਰੰਤ ਲਾਭਪਾਤਰੀ ਦੀ ਤਕਰੀਬਨ ਅੱਧਾ ਘੰਟਾ ਨਿਗਰਾਨੀ ਜ਼ਰੂਰੀ
- ਸਿਵਲ ਸਰਜਨ ਨੇ ਕਮਿਊਨਿਟੀ ਹੈਲਥ ਸੈਂਟਰ, ਬੰਗਾ ਵਿਖੇ ਮਮਤਾ ਦਿਵਸ ਕੀਤਾ ਚੈੱਕ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 8 ਮਈ 2024 : ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਅੱਜ ਕਮਿਊਨਿਟੀ ਹੈਲਥ ਸੈਂਟਰ, ਬੰਗਾ ਵਿਖੇ ਪਹੁੰਚ ਕੇ ਮਮਤਾ ਦਿਵਸ ਦਾ ਨਿਰੀਖਣ ਕੀਤਾ ਅਤੇ ਛੋਟੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਜ਼ਰੂਰੀ ਟੀਕੇ ਲਗਾਏ ਜਾਣ ਦੇ ਕੰਮ ਦਾ ਮੌਕੇ ’ਤੇ ਜਾਇਜ਼ਾ ਲਿਆ। ਇਸ ਮੌਕੇ ਕੋਲਡਚੇਨ ਪੁਆਇੰਟ 'ਤੇ ਵੈਕਸੀਨ ਦੇ ਰਖ-ਰਖਾਅ ਦੀ ਜਾਂਚ ਵੀ ਕੀਤੀ।
ਉਨ੍ਹਾਂ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਵੈਕਸੀਨ ਦੇ ਰੱਖ-ਰਖਾਵ 'ਤੇ ਵਿਸ਼ੇਸ਼ ਧਿਆਨ ਦੇਣ ਲਈ ਵੀ ਕਿਹਾ।
ਇਸ ਮੌਕੇ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਹੈਲਥ ਸੁਪਰਵਾਈਜਰਸ ਅਤੇ ਏ.ਐਨ.ਐਮਜ਼ ਨੂੰ ਬੱਚਿਆਂ ਤੇ ਗਰਭਵਤੀ ਔਰਤਾਂ ਦੇ ਟੀਕਾਕਰਨ ਸਮੇਂ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਮਮਤਾ ਦਿਵਸ ਹਰ ਬੁੱਧਵਾਰ ਨੂੰ ਮਨਾਇਆ ਜਾਂਦਾ ਹੈ, ਜਿਸ ਦੌਰਾਨ ਬੱਚਿਆਂ ਨੂੰ 11 ਜਾਨਲੇਵਾ ਬਿਮਾਰੀਆਂ ਤੋਂ ਬਚਾਅ ਲਈ ਟੀਕੇ ਲਗਾਏ ਜਾਂਦੇ ਹਨ। ਇਸਦੇ ਨਾਲ ਹੀ ਗਰਭਵਤੀ ਔਰਤਾਂ ਦਾ ਟੀਕਾਕਰਨ ਵੀ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਾਲ ਮੌਤ ਦਰ ਘਟਾਉਣ ਲਈ ਸੰਪੂਰਨ ਟੀਕਾਕਰਨ ਯਕੀਨੀ ਬਣਾਉਣਾ ਜ਼ਰੂਰੀ ਹੈ।
ਡਾ ਕੌਰ ਨੇ ਦੱਸਿਆ ਕਿ ਸੈਸ਼ਨ ਮੌਕੇ ਟੀਕਾਕਰਨ, ਮੁੱਢਲੀ ਜਾਂਚ ਅਤੇ ਜਾਗਰੂਕਤਾ ਦਾ ਕੰਮ ਤਸੱਲੀਬਖ਼ਸ਼ ਸੀ। ਉਨ੍ਹਾਂ ਨੇ ਦੱਸਿਆ ਕਿ ਸਿਹਤ ਵਿਭਾਗ ਦਾ ਮੁੱਖ ਮਕਸਦ ਜੱਚਾ ਅਤੇ ਬੱਚਾ ਮੌਤ ਦਰ ਨੂੰ ਘੱਟ ਕਰਨਾ ਹੈ, ਇਸ ਲਈ ਗਰਭਵਤੀ ਔਰਤਾਂ ਅਤੇ ਬੱਚਿਆਂ ਦਾ ਸਮੇਂ ਸਿਰ ਟੀਕਾਕਰਨ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।
ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਨੇੜਲੇ ਸਬ-ਸੈਂਟਰ ਜਾਂ ਸਰਕਾਰੀ ਡਿਸਪੈਂਸਰੀ ਵਿੱਚ ਹਰ ਬੁੱਧਵਾਰ ਨੂੰ ਆਪਣੇ ਬੱਚਿਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮਨਦੀਪ ਕਮਲ ਨੇ ਏ.ਈ.ਐੱਫ.ਆਈ. ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਏ.ਈ.ਐੱਫ.ਆਈ. ਨੂੰ ਟੀਕਾਕਰਨ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਮੈਡੀਕਲ ਘਟਨਾ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ। ਟੀਕਾਕਰਨ ਉਪਰੰਤ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਮੈਡੀਕਲ ਘਟਨਾ/ਸਥਿਤੀ ਨਾਲ ਨਜਿੱਠਣਾ ਬਹੁਤ ਮਹੱਤਵਪੂਰਨ ਹੈ। ਹਰੇਕ ਟੀਕਾ ਲਗਾਉਣ ਪਿੱਛੋਂ ਲਾਭਪਾਤਰੀ ਨੂੰ ਤਕਰੀਬਨ ਅੱਧਾ ਘੰਟਾ ਆਬਜ਼ਰਵ ਕੀਤਾ ਜਾਵੇ ਤਾਂ ਜੋ ਟੀਕਾਕਰਨ (ਏ.ਈ.ਐੱਫ.ਆਈ.) ਦੇ ਬਾਅਦ ਕਿਸ ਕਿਸਮ ਦੇ ਮਾੜੇ ਪ੍ਰਭਾਵ ਜਾਂ ਪ੍ਰੇਸ਼ਾਨੀ (ਜੇ ਕੋਈ ਹੈ) ਨੂੰ ਵਾਚਿਆ ਜਾ ਸਕੇ। ਜੇ ਕੋਈ ਕੇਸ ਸਾਹਮਣੇ ਆਉਂਦਾ ਹੈ ਤਾਂ ਉਸ ਦੀ ਸਮੇਂ ਸਿਰ ਮੈਨੇਜਮੈੰਟ ਕੀਤੀ ਜਾਵੇ। ਜੇ ਕੋਈ ਸੀਰੀਅਸ ਜਾਂ ਸਵੀਅਰ ਏ.ਈ.ਐੱਫ.ਆਈ. ਕੇਸ ਸਾਹਮਣੇ ਆਉਂਦਾ ਹੈ ਉਸ ਨੂੰ ਸੇਫ-ਵੈਕ ਆਨਲਾਈਨ ਪੋਰਟਲ 'ਤੇ ਐਂਟਰ ਕਰਨਾ ਵੀ ਜ਼ਰੂਰੀ ਹੈ, ਜਦੋਕਿ ਮਾਈਨਰ ਕੇਸਾਂ ਦਾ ਰਿਕਾਰਡ ਏ ਐੱਨ.ਐੱਮ. ਨੇ ਰੱਖਣਾ ਹੁੰਦਾ ਹੈ। ਉਨਾਂ ਕਿਹਾ ਕਿ ਏ.ਈ.ਐੱਫ.ਆਈ. ਕੇਸਾਂ ਦੀ ਸਮੇਂ ਸਿਰ ਰਿਪੋਰਟਿੰਗ ਕੀਤੀ ਜਾਵੇ। ਏ.ਈ.ਐੱਫ.ਆਈ. ਨਿਗਰਾਨੀ ਪ੍ਰਣਾਲੀ ਦਾ ਉਦੇਸ਼ ਜਨਤਕ ਸਿਹਤ 'ਤੇ ਏ.ਈ.ਐੱਫ.ਆਈ. ਦੇ ਮਾੜੇ ਪ੍ਰਭਾਵ ਨੂੰ ਘੱਟ ਕਰਨਾ ਹੈ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਜਸਵਿੰਦਰ ਸਿੰਘ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ, ਵੈਕਸੀਨ ਕੋਲਡਚੇਨ ਮੈਨੇਜਰ (ਵੀ.ਸੀ.ਸੀ.ਐੱਮ.) ਅੰਮ੍ਰਿਤਪਾਲ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਕਰਮਚਾਰੀ ਅਤੇ ਆਮ ਲੋਕ ਮੌਜੂਦ ਸਨ।