ਥੈਲੇਸੀਮੀਆ ਪ੍ਰਤੀ ਸਮਾਜ ਦੇ ਹਰੇਕ ਵਰਗ ਨੂੰ ਸੁਚੇਤ ਕਰਨਾ ਜ਼ਰੂਰੀ : ਡਾ. ਸਤਵਿੰਦਰਪਾਲ ਸਿੰਘ
- ਜ਼ਿਲ੍ਹੇ ਵਿੱਚ ਹੀਮੋਫੀਲੀਆ ਤੇ ਥੈਲੇਸੀਮੀਆ ਦੇ ਸੰਦਰਭ ਵਿਚ ਦਸ ਦਿਨਾ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 8 ਮਈ 2024 ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜ਼ਿਲ੍ਹਾ ਸਿਹਤ ਅਫ਼ਸਰ ਡਾ. ਰੇਣੂ ਅਗਰਵਾਲ ਤੇ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵਿੰਦਰਪਾਲ ਸਿੰਘ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਵਿਖੇ ਜ਼ਿਲ੍ਹਾ ਪੱਧਰੀ ਵਿਸ਼ਵ ਹੀਮੋਫੀਲੀਆ ਦਿਵਸ ਤੇ ਵਿਸ਼ਵ ਥੈਲੇਸੀਮੀਆ ਦਿਵਸ ਦੇ ਸੰਦਰਭ ਵਿਚ ਦਸ ਦਿਨਾ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਸਤਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮੰਤਵ ਇਨ੍ਹਾਂ ਬਿਮਾਰੀਆਂ ਪ੍ਰਤੀ ਸਮਾਜ ਦੇ ਹਰੇਕ ਵਰਗ ਨੂੰ ਸੁਚੇਤ ਕਰਨਾ ਜ਼ਰੂਰੀ ਹੈ।
ਡਾ. ਸਤਵਿੰਦਰਪਾਲ ਸਿੰਘ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਹੀਮੋਫੀਲੀਆ ਖ਼ੂਨ ਨਾਲ ਸਬੰਧਤ ਇਕ ਜੈਨੇਟਿਕ ਬਿਮਾਰੀ ਹੈ, ਜਿਸ ਵਿਚ ਖ਼ੂਨ ਦਾ ਥੱਕਾ ਨਹੀਂ ਬਣਦਾ। ਉਨ੍ਹਾਂ ਦੱਸਿਆ ਕਿ ਹੀਮੋਫੀਲੀਆ ਦੇ ਲੱਛਣਾਂ ਵਿੱਚ ਆਮ ਸੱਟ ਅਤੇ ਡੂੰਘੀ ਸੱਟ ਲੱਗਣ ਤੋਂ ਬਾਅਦ ਦੇਰ ਤੱਕ ਖੂਨ ਦਾ ਲਗਾਤਾਰ ਵਗਣਾ, ਨੱਕ ਵਿੱਚੋੰ ਖੂਨ ਵਗਣਾ ਅਤੇ ਆਸਾਨੀ ਨਾਲ ਨਾ ਰੁਕਣਾ, ਸ਼ਰੀਰ ਦੇ ਵੱਖ-ਵੱਖ ਜੋੜਾਂ ਵਿੱਚ ਦਰਦ ਅਤੇ ਸੋਜ਼ ਹੋਣਾ, ਸ਼ਰੀਰ ਦੇ ਕਿਸੇ ਵੀ ਹਿੱਸੇ ਵਿੱਚ ਅਚਾਨਕ ਸੋਜ ਹੋਣਾ ਤੇ ਪਿਸ਼ਾਬ ਵਿੱਚ ਖੂਨ ਆਉਣਾ ਸ਼ਾਮਲ ਹਨ। ਇਸ ਬਿਮਾਰੀ ਦਾ ਸਮੇਂ 'ਤੇ ਇਲਾਜ ਨਾ ਹੋਣ ਦੀ ਸੂਰਤ ਵਿਚ ਪੀੜਿਤ ਦੀ ਜਾਨ ਦਾ ਜੋਖਮ ਵਧ ਸਕਦਾ ਹੈ। ਇਸ ਬਿਮਾਰੀ ਤੋਂ ਪੀੜਿਤ ਲੋਕਾਂ ਨੂੰ ਪੂਰੀ ਜ਼ਿੰਦਗੀ ਆਪਣੀ ਸਿਹਤ ਦੀ ਦੇਖਭਾਲ ਅਤੇ ਨਿਯਮਤ ਨਿਗਰਾਨੀ ਕਰਨ ਦੀ ਜ਼ਰੂਰਤ ਪੈਂਦੀ ਹੈ। ਇਸ ਲਈ ਜ਼ਿਲ੍ਹੇ ਵਿਚ ਇਸ ਬਿਮਾਰੀ ਨੂੰ ਲੈ ਕੇ ਜਾਗਰੂਕਤਾ ਵਧਾਉਣ ਦੇ ਨਾਲ-ਨਾਲ ਇਸਦੇ ਇਲਾਜ ਪ੍ਰਬੰਧਨ ਨੂੰ ਹਰ ਪੀੜਤ ਤੱਕ ਪਹੁੰਚਾਉਣ ਲਈ ਦਸ ਦਿਨਾ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਹੀਮੋਫੀਲੀਆ ਬਿਮਾਰੀ ਬਾਰੇ ਅਜੇ ਵੀ ਆਮ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਹੈ। ਸਿਹਤ ਵਿਭਾਗ ਇਸ ਬਿਮਾਰੀ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਇਸ ਦੇ ਇਲਾਜ ਪ੍ਰਬੰਧਨ ਨੂੰ ਹਰ ਪੀੜਿਤ ਤੱਕ ਪਹੁੰਚਾਉਣ ਲਈ ਯਤਨਸ਼ੀਲ ਹੈ।
ਇਸ ਮੌਕੇ ਡਾ. ਗੁਰਪਾਲ ਕਟਾਰੀਆ ਨੇ ਦੱਸਿਆ ਕਿ ਹੀਮੋਫੀਲੀਆ ਬਾਰੇ ਜਾਗਰੂਕਤਾ ਦੀ ਘਾਟ ਕਾਰਨ ਇਸ ਦੇ ਜ਼ਿਆਦਾਤਰ ਮਰੀਜ਼ਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹ ਇਸ ਬਿਮਾਰੀ ਤੋਂ ਪੀੜਤ ਹਨ ਅਤੇ ਇਸ ਦੇ ਚੱਲਦਿਆਂ ਉਹ ਗੰਭੀਰ ਹਾਲਤ ਵਿਚ ਪਹੁੰਚ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਜ਼ਿਲ੍ਹਾ ਸਰਕਾਰੀ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਵਿੱਚ ਹੀਮੋਫੀਲੀਆ ਜਾਂਚ ਅਤੇ ਇਲਾਜ ਉਪਲੱਬਧ ਹੈ।
ਇਸੇ ਦੌਰਾਨ ਡਾ ਹਰਪਿੰਦਰ ਸਿੰਘ ਨੇ ਥੈਲੇਸੀਮੀਆ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥੈਲੇਸੀਮੀਆ ਇੱਕ ਜੈਨੇਟਿਕ ਬਿਮਾਰੀ ਹੈ, ਜਿਸ ਵਿੱਚ ਪੀੜਤ ਦੇ ਸਰੀਰ ਵਿੱਚ ਲਾਲ ਖੂਨ ਦੇ ਸੈੱਲਾਂ ਦਾ ਉਤਪਾਦਨ ਬੰਦ ਹੋ ਜਾਂਦਾ ਹੈ ਅਤੇ ਸਰੀਰ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ। ਇਸ ਬਿਮਾਰੀ ਵਿੱਚ ਪੀੜਤ ਨੂੰ ਹਰ 15-20 ਦਿਨਾਂ ਬਾਅਦ ਖੂਨ ਚੜ੍ਹਾਉਣਾ ਪੈਂਦਾ ਹੈ। ਇਸ ਬਿਮਾਰੀ ਦੇ ਵਧਣ ਦਾ ਮੁੱਖ ਕਾਰਨ ਲੋਕਾਂ ਵਿੱਚ ਵੀ ਜਾਗਰੂਕਤਾ ਦੀ ਘਾਟ ਹੈ। ਥੈਲੇਸੀਮੀਆ ਦੀ ਰੋਕਥਾਮ ਲਈ ਵਿਆਹ ਤੋਂ ਪਹਿਲਾਂ "ਸਿਹਤ ਕੁੰਡਲੀ" ਮਿਲਾਉਣਾ ਇਕ ਅਹਿਮ ਉਪਾਅ ਹੈ ਮਤਲਬ ਸਿਹਤ ਕੁੰਡਲੀ ਵਿਚ ਵਿਆਹ ਤੋਂ ਪਹਿਲਾਂ ਲੜਕੇ-ਲੜਕੀ ਦੀ ਥੈਲੇਸੀਮੀਆ, ਏਡਜ਼, ਹੈਪੇਟਾਈਟਸ ਬੀ ਤੇ ਸੀ, ਆਰ.ਐੱਚ. ਫੈਕਟਰ ਆਦਿ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
ਡਾ. ਸਿੰਘ ਨੇ ਦੱਸਿਆ ਕਿ ਥੈਲੇਸੀਮੀਆ ਰੋਗ ਦੇ ਪ੍ਰਮੱਖ ਲੱਛਣਾਂ ਵਿਚ ਪੀੜਤ ਵਿਅਕਤੀ ਦੇ ਵਾਧੇ ਅਤੇ ਵਿਕਾਸ ਵਿਚ ਦੇਰੀ, ਜ਼ਿਆਦਾ ਕਮਜ਼ੋਰੀ ਤੇ ਥਕਾਵਟ ਮਹਿਸੂਸ ਕਰਨਾ, ਚਿਹਰੇ ਦੀ ਬਣਾਵਟ ਵਿਚ ਬਦਲਾਅ ਹੋਣਾ, ਚਮੜੀ ਦਾ ਰੰਗ ਪੀਲਾ ਪੈਣਾ, ਪੇਸ਼ਾਬ ਗਾੜਾ ਆਉਣਾ ਅਤੇ ਜ਼ਿਗਰ ਤੇ ਤਿੱਲੀ ਦੇ ਆਕਾਰ ਵਧਣਾ ਆਦਿ ਸ਼ਾਮਲ ਹਨ।
ਦੇਸ਼ ਵਿੱਚ ਹਰ ਸਾਲ 10 ਹਜ਼ਾਰ ਤੋਂ ਵੱਧ ਬਾਲ ਮਰੀਜ਼ਾਂ ਦੀ ਪਛਾਣ ਹੁੰਦੀ ਹੈ। ਭਾਰਤ ਵਿਚ 4 ਕਰੋਡ਼ ਤੋਂ ਵੱਧ ਔਰਤ-ਮਰਦ ਥੈਲੇਸੀਮਿਕ ਮਾਇਨਰ ਹਨ ਜੋ ਕਿ ਮਾਈਨਰ ਥੈਲੇਸੀਮਿਕ ਜੀਨ ਕਰੀਅਰ (ਵਾਹਕ) ਬਣ ਸਕਦੇ ਹਨ। ਜਦੋਂ ਦੋ ‘ਥੈਲੇਸੀਮਿਕ ਮਾਇਨਰਾਂ’ ਦਾ ਵਿਆਹ ਹੁੰਦਾ ਹੈ ਤਾਂ ਉਨ੍ਹਾਂ ਦੀ ਔਲਾਦ ਦੇ ‘ਥੈਲੇਸੀਮਿਕ ਮੇਜਰ’ ਹੋਣ ਦੇ ਆਸਾਰ ਹੁੰਦੇ ਹਨ। ਇਸ ਲਈ ਇਸ ਦੀ ਰੋਕਥਾਮ ਲਈ ਜਾਗਰੂਕਤਾ ਮੁਹਿੰਮ ਸਮੇਤ ਹੋਰ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਜੇਕਰ ਮਾਤਾ ਜਾਂ ਪਿਤਾ ਕਿਸੇ ਇਕ ਵਿੱਚ ਜਾਂ ਦੋਵਾਂ ਵਿੱਚ ਥੈਲੇਸੀਮੀਆ ਦੇ ਲੱਛਣ ਹਨ ਤਾਂ ਇਹ ਰੋਗ ਬੱਚੇ ਵਿੱਚ ਵੀ ਜਾ ਸਕਦਾ ਹੈ। ਇਸ ਲਈ ਬਿਹਤਰ ਹੁੰਦਾ ਹੈ ਕਿ ਬੱਚਾ ਪਲਾਨ ਕਰਨ ਜਾਂ ਵਿਆਹ ਤੋਂ ਪਹਿਲਾਂ ਐੱਚਬੀਏ-2 ਟੈਸਟ ਕਰਵਾ ਲਿਆ ਜਾਵੇ।
ਜੇਕਰ ਮਾਤਾ-ਪਿਤਾ ਦੋਵਾਂ ਨੂੰ ਹੀ ਇਹ ਰੋਗ ਹੈ ਪਰ ਦੋਵਾਂ ਵਿਚ ਹੀ ਮਾਈਲਡ ਹੈ ਤਾਂ ਬੱਚੇ ਨੂੰ ਥੈਲੇਸੀਮੀਆ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ। ਨਾਲ ਹੀ ਬੱਚੇ ਵਿੱਚ ਇਹ ਰੋਗ ਗੰਭੀਰ ਸਥਿਤੀ ਵਿੱਚ ਹੋ ਸਕਦਾ ਹੈ, ਜਦੋਂਕਿ ਮਾਤਾ-ਪਿਤਾ ਵਿੱਚ ਰੋਗ ਦੀ ਗੰਭੀਰ ਸਥਿਤੀ ਨਹੀਂ ਹੁੰਦੀ ਪਰ ਜੇਕਰ ਮਾਤਾ-ਪਿਤਾ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਇਹ ਰੋਗ ਹੈ ਅਤੇ ਮਾਈਲਡ ਹੈ ਤਾਂ ਆਮ ਤੌਰ 'ਤੇ ਬੱਚਿਆਂ ਵਿੱਚ ਇਹ ਰੋਗ ਟਰਾਂਸਫਰ ਨਹੀਂ ਹੁੰਦਾ। ਜੇਕਰ ਹੋ ਵੀ ਜਾਂਦਾ ਹੈ ਤਾਂ ਬੱਚਾ ਆਪਣਾ ਜੀਵਨ ਲਗਭਗ ਆਮ ਤਰੀਕੇ ਨਾਲ ਜੀਅ ਪਾਉਂਦਾ ਹੈ। ਕਈ ਵਾਰ ਤਾਂ ਉਸ ਨੂੰ ਸਾਰੀ ਉਮਰ ਪਤਾ ਹੀ ਨਹੀਂ ਲੱਗਦਾ ਕਿ ਉਸ ਦੇ ਸਰੀਰ ਵਿੱਚ ਕੋਈ ਦਿੱਕਤ ਵੀ ਹੈ
ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਹਿਲੀ ਤਿਮਾਹੀ ਵਾਲੀਆਂ ਗਰਭਵਤੀ ਔਰਤਾਂ, ਵਿਆਹਯੋਗ ਜੋੜੇ ਅਤੇ ਉਹ ਔਰਤਾਂ ਜਿਨ੍ਹਾਂ ਦਾ ਅਨੀਮੀਆ ਠੀਕ ਨਹੀਂ ਹੋ ਰਿਹਾ, ਉਹ ਆਪਣਾ ਐੱਚਬੀਏ-2 ਟੈਸਟ ਕਰਵਾ ਕੇ ਇਸ ਰੋਗ ਦੇ ਵਾਧੇ ਦੀ ਰੋਕਥਾਮ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ ਅਤੇ ਆਪਣੇ ਥੈਲੇਸੀਮੀਆ ਲਈ ਜਾਂਚ ਕਰਵਾ ਕੇ ਆਉਣ ਵਾਲੇ ਬੱਚਿਆਂ ਨੂੰ ਇਸ ਰੋਗ ਤੋਂ ਬਚਾ ਸਕਦੇ ਹਨ।