ਸਿਵਲ ਸਰਜਨ ਡਾ. ਜਗਦੀਪ ਚਾਵਲਾ ਵੱਲੋਂ ਚਾਈਲਡ ਡੈੱਥ ਰੀਵਿਊ ਮੀਟਿੰਗ ਦੌਰਾਨ ਸਿਹਤ ਸਟਾਫ ਨੂੰ ਦਿੱਤੀਆਂ ਗਈਆਂ ਜਰੂਰੀ ਹਦਾਇਤਾਂ
ਜਲੰਧਰ (09-05-2024) : ਸਿਵਲ ਸਰਜਨ ਡਾ. ਜਗਦੀਪ ਚਾਵਲਾ ਵੱਲੋਂ ਸਿਵਲ ਸਰਜਨ ਦਫ਼ਤਰ ਵਿਖੇ ਵੀਰਵਾਰ ਨੂੰ ਚਾਈਲਡ ਡੈੱਥ ਰੀਵਿਊ ਮੀਟਿੰਗ ਕਰਕੇ ਜਿਲ੍ਹੇ ਵਿੱਚ ਮਾਰਚ ਮਹੀਨੇ ਦੌਰਾਨ ਹੋਈਆਂ ਬੱਚਿਆਂ ਦੀ ਮੌਤ ਦੀ ਸਮੀਖਿਆ ਕੀਤੀ ਗਈ। ਸਿਵਲ ਸਰਜਨ ਡਾ. ਜਗਦੀਪ ਚਾਵਲਾ ਨੇ ਕਿਹਾ ਕਿ ਸਿਹਤ ਵਿਭਾਗ ਦਾ ਮੰਤਵ ਜਣੇਪੇ ਦੌਰਾਨ ਹੋਣ ਵਾਲੇ ਬੱਚਿਆਂ ਦੀ ਮੌਤ ਦੀ ਦਰ ਨੂੰ ਘਟਾਉਣਾ ਹੈ। ਉਨ੍ਹਾਂ ਕਿਹਾ ਕਿ ਬਾਲ ਮੌਤਾਂ ਵਿੱਚ ਜਣੇਪੇ ਦੋਰਾਨ ਅਤੇ ਨਵਜਨਮੇ ਤੋਂ ਲੈ ਕੇ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੀ ਮੌਤਾਂ ਦੇ ਕਾਰਨਾਂ ਦੀ ਭਾਲ ਕਰਕੇ ਉਨ੍ਹਾਂ ਨੂੰ ਦੂਰ ਕਰਨਾ ਸਿਹਤ ਵਿਭਾਗ ਦਾ ਮਕਸਦ ਹੈ।
ਡਾ. ਜਗਦੀਪ ਚਾਵਲਾ ਨੇ ਬਾਲ ਮੌਤਾਂ ਦੀ ਸਮੀਖਿਆ ਕਰਦੇ ਹੋਏ ਇਹ ਹਦਾਇਤ ਕੀਤੀ ਕਿ ਸਰਕਾਰੀ ਹਸਪਤਾਲਾਂ ਵਿੱਚ ਹੀ ਗਰਭਵਤੀ ਅੋਰਤਾਂ ਦੀ ਡਿਲੀਵਰੀ ਨੂੰ 100 ਫੀਸਦੀ ਯਕੀਨੀ ਬਣਾਇਆ ਜਾਵੇ ਜੇਕਰ ਕੋਈ ਬੱਚਾ ਗੰਭੀਰ ਹੋਵੇ ਤਾਂ ਉਸ ਨੂੰ ਤੁਰੰਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੋਲ ਪਹੁੰਚਾਇਆ ਜਾਵੇ। ਉਨ੍ਹਾਂ ਕਿਹਾ ਕਿ ਆਸ਼ਾ ਅਤੇ ਏ.ਐਨ.ਐਮਜ਼ ਵੱਲੋਂ ਹੋਮ ਵਿਜਿਟ ਕਰਨਾ ਅਤੇ ਹਾਈ ਰਿਸਕ ਕੇਸਾਂ ਦਾ ਫਾਲੋਅਪ ਕਰਨਾ ਯਕੀਨੀ ਬਣਾਇਆ ਜਾਵੇ। ਜੇਕਰ ਬੱਚਾ ਜਿਆਦਾ ਰੋਂਦਾ ਹੈ, ਜਿਆਦਾ ਸੌਂਦਾ ਹੈ ਅਤੇ ਖਾਣਾ ਪੀਣਾ ਛੱਡ ਗਿਆ ਹੈ ਤਾਂ ਆਸ਼ਾ ਵਰਕਰ ਘਰ ਵਾਲਿਆਂ ਨੂੰ ਸਮਝਾ ਕੇ ਉਨ੍ਹਾਂ ਨੂੰ ਬੱਚਿਆਂ ਦੇ ਮਾਹਿਰ ਡਾਕਟਰ ਕੋਲ ਭੇਜਣਾ ਯਕੀਨੀ ਬਣਾਉਣ ਤਾਂ ਜੋ ਬੱਚਿਆਂ ਦਾ ਇਲਾਜ ਸਮੇਂ ਸਿਰ ਕੀਤਾ ਜਾ ਸਕੇ ਅਤੇ ਬਾਲ ਮੌਤ ਦਰ ਨੂੰ ਘਟਾਇਆ ਜਾ ਸਕੇ।
ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਨੇ ਕਿਹਾ ਕਿ ਹਾਈ ਰਿਸਕ ਗਰਭਵਤੀ ਔਰਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਸਦੇ ਨਾਲ ਹੀ ਡਿਲੀਵਰੀ ਤੋਂ ਬਾਅਦ ਔਰਤਾਂ ਅਤੇ ਬੱਚਿਆਂ ਦੀ ਸਹੀ ਦੇਖਭਾਲ ਕੀਤੀ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਨਵਜਨਮੇ ਬੱਚੇ ਨੂੰ ਜਨਮ ਦੇ ਇਕ ਘੰਟੇ ਵਿਚ ਮਾਂ ਦਾ ਦੁੱਧ ਪਿਲਾਇਆ ਜਾਵੇ ਅਤੇ ਮਾਵਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕ ਕਰਦੇ ਹੋਏ ਬੱਚੇ ਨੂੰ ਦੁੱਧ ਪਿਲਾਉਣ ਦੀ ਸਹੀ ਵਿਧੀ ਬਾਰੇ ਵੀ ਦੱਸਿਆ ਜਾਵੇ ਅਤੇ ਬੱਚਿਆਂ ਦਾ 100 ਫੀਸਦੀ ਟੀਕਾਕਰਨ ਯਕੀਨੀ ਬਣਾਇਆ ਜਾਵੇ। ਇਸ ਮੀਟਿੰਗ ਵਿੱਚ ਜਿਲ੍ਹਾ ਬੀ.ਸੀ.ਜੀ. ਅਫ਼ਸਰ ਡਾ. ਚਸ਼ਮ ਮਿਤਰਾ, ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਰਿਸ਼ੀ ਮਾਰਕੰਡਾ, ਜਿਲ੍ਹਾ ਐਪੀਡਿਮੋਲੋਜਿਸਟ ਡਾ. ਸ਼ੋਭਨਾ ਬਾਂਸਲ, ਅਰਬਨ ਕੋਆਰਡੀਨੇਟਰ ਡਾ. ਸੁਰਭੀ, ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੀਰਜ ਸ਼ਰਮਾ ਹਾਜਰ ਸਨ।