ਪੁਲੀ ਨਾਲ ਟਕਰਾਉਣ ਉਪਰੰਤ ਟਿੱਪਰ ਪਲਟਿਆ, ਦਰਦਨਾਕ ਸੜਕ ਹਾਦਸੇ 'ਚ ਡਰਾਈਵਰ ਨੌਜਵਾਨ ਦੀ ਮੌਕੇ 'ਤੇ ਮੌਤ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 9 ਮਈ 2024: ਅੱਜ ਤੜਕੇ ਸਾਢੇ 3 ਵਜੇ ਦੇ ਕਰੀਬ ਘਨੌਲੀ ਬੈਰੀਅਰ ਦੇ ਨੇੜੇ ਮਨਜੀਤ ਢਾਬੇ ਦੇ ਸਾਹਮਣੇ ਥਲੀ ਕਲਾਂ ਦੇ ਚੋਏ ਦੀ ਪੁਲੀ ਨਾਲ ਟਕਰਾਉਣ ਨਾਲ ਟਿੱਪਰ ਪਲਟ ਗਿਆ ਤੇ ਟਿੱਪਰ ਥੱਲੇ ਆਉਣ ਨਾਲ ਚਾਲਕ ਨੌਜਵਾਨ ਦੀ ਮੌਕੇ ਤੇ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ । ਇਸ ਸਬੰਧੀ ਘਨੌਲੀ ਚੌਂਕੀ ਦੇ ਏ.ਐਸ.ਆਈ ਕਮਲ ਕਿਸ਼ੋਰ ਨੇ ਦੱਸਿਆ ਕਿ ਤੜਕੇ ਸੁਖਵਿੰਦਰ ਸਿੰਘ (28) ਪੁੱਤਰ ਪਿਆਰਾ ਸਿੰਘ ਟੱਪਰੀਆਂ ਬੈਸਾ ( ਨੂਰਪੁਰ ਬੇਦੀ) ਦਾ ਨੌਜਵਾਨ ਪ੍ਰਾਈਵੇਟ ਕੰਪਨੀ ਦੇ ਟਿੱਪਰ ਰਾਹੀਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਟ ਰੂਪਨਗਰ ਵਿੱਖੇ ਸਵਾਹ ਭਰਨ ਲਈ ਰਵਾਨਾ ਹੋਇਆ ਜਦੋਂ ਉਹ ਘਨੌਲੀ ਬੈਰੀਅਰ ਦੇ ਨੇੜੇ ਮਨਜੀਤ ਢਾਬੇ ਦੇ ਸਾਹਮਣੇ ਪਹੁੰਚਿਆ ਤਾਂ ਨੌਜਵਾਨ ਦਾ ਟਿੱਪਰ ਥਲੀ ਕਲਾਂ ਦੀ ਚੋਏ ਦੀ ਪੁਲੀ ਨਾਲ ਟਕਰਾ ਗਿਆ।
ਹਾਦਸਾ ਐਨਾ ਜ਼ਬਰਦਸਤ ਹੋਇਆ ਕਿ ਟਿੱਪਰ ਹਾਈਵੇ ਤੇ ਪਲਟ ਗਿਆ ਤੇ ਜਿਸ ਕਾਰਨ ਨੌਜਵਾਨ ਦੀ ਟਿੱਪਰ ਥੱਲੇ ਆਉਣ ਨਾਲ ਮੌਕੇ ਤੇ ਮੌਤ ਹੋ ਗਈ । ਉਹਨਾਂ ਨੇ ਕਿਹਾ ਉਹਨਾਂ ਨੂੰ ਸੂਚਨਾ ਮਿਲਣ ਤੇ ਉਹਨਾਂ ਦੀ ਟੀਮ ਮੌਕੇ ਤੇ ਪਹੁੰਚੀ ਤੇ ਹਾਈਡਰਾ ਮਸ਼ੀਨ ਨਾਲ ਟਿੱਪਰ ਨੂੰ ਚੁਕਵਾਉਣ ਦੇ ਲਈ ਜੱਦੋ ਜਹਿਦ ਕੀਤੀ ਤੇ ਟਿੱਪਰ ਨੂੰ ਚੁਕਵਾ ਕੇ ਉਸਦੇ ਥੱਲੇ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਕੱਢਿਆ ਗਿਆ ਤੇ ਰੂਪਨਗਰ ਭੇਜਣ ਉਪਰੰਤ ਮ੍ਰਿਤਕ ਦੇਹ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ । ਉਹਨਾਂ ਨੇ ਕਿਹਾ ਕਿ ਇਹ ਹਾਦਸਾ ਡਰਾਈਵਰ ਨੂੰ ਅੱਖ ਲੱਗਣ ਕਾਰਨ ਵਾਪਰਿਆ ਲੱਗਦਾ ਹੈ।