ਮੰਡੀ ਗੋਬਿੰਦਗੜ੍ਹ, 16 ਅਕਤੂਬਰ, 2016 : ਜ਼ਿਲਾ ਫਤਿਹਗੜ੍ਹ ਸਾਹਿਬ 'ਚ ਫਿਰ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮੰਡੀ ਗੋਬਿੰਦਗੜ੍ਹ ਦੇ ਨਜ਼ਦੀਕੀ ਪਿੰਡ ਚਤਰਪੁਰਾ ਦੀ ਹੈ, ਜਿੱਥੇ ਸ਼ਰਾਰਤੀ ਅਨਸਰਾਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਵਨ ਗੁਟਕਾ ਸਾਹਿਬ ਦੇ ਅੰਗਾਂ ਨੂੰ ਪਾੜ ਕੇ ਸੂਏ ਅਤੇ ਗਲੀਆਂ-ਨਾਲੀਆਂ 'ਚ ਸੁੱਟਿਆ ਹੋਇਆ ਸੀ। ਸੂਚਨਾ ਮਿਲਣ 'ਤੇ ਜ਼ਿਲਾ ਪੁਲਸ ਮੁਖੀ ਹਰਚਰਨ ਸਿੰਘ ਭੁੱਲਰ, ਐੱਸ. ਪੀ. ਡੀ. ਰਾਜਵਿੰਦਰ ਸਿੰਘ ਸੋਹਲ, ਡੀ. ਐੈੱਸ. ਪੀ. ਅਮਲੋਹ ਪ੍ਰਸ਼ੋਤਮ ਸਿੰਘ ਬੱਲ, ਐੱਸ. ਐੱਚ. ਓ. ਅਮਲੋਹ ਇੰਸਪੈਕਟਰ ਦਲਵੀਰ ਸਿੰਘ ਗਰੇਵਾਲ ਮੌਕੇ 'ਤੇ ਪੁੱਜੇ ਤੇ ਉਨ੍ਹਾਂ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧੰਕ ਕਮੇਟੀ ਦੇ ਮੈਂਬਰ ਭਾਈ ਰਵਿੰਦਰ ਸਿੰਘ ਖ਼ਾਲਸਾ ਨੇ ਉਕਤ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਦੱਸਿਆ ਕਿ ਬਾਣੀ ਦੇ ਪਾਵਨ ਅੰਗਾਂ ਨੂੰ ਗੁਰ ਮਰਿਆਦਾ ਅਨੁਸਾਰ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਵਿਖੇ ਪਹੁੰਚਾਇਆ ਜਾ ਰਿਹਾ ਹੈ। ਜ਼ਿਲਾ ਪੁਲਸ ਮੁਖੀ ਭੁੱਲਰ ਨੇ ਦੱਸਿਆ ਕਿ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।