ਚੰਡੀਗੜ੍ਹ , 12 ਮਾਰਚ , 2018 : ਪੰਜਾਬ ਦੇ ਸੂਚਨਾ ਕਮਿਸ਼ਨ ਨੇ ਅੱਜ ਇੱਥੇ ਇੱਕ ਨਵੇਕਲੇ ਕਦਮ ਰਾਹੀਂ ਰਿਸ਼ਵਤ ਅਤੇ ਬਲੈਕ-ਮੇਲਿੰਗ ਦੇ ਦੋਸ਼ ਹੇਠ ਇੱਕ ਕਥਿਤ ਆਰ ਟੀ ਆਈ ਕਰਿੰਦੇ ਨੂੰ ਪੁਲਿਸ ਦੇ ਹਵਾਲੇ ਕਰਵਾਇਆ . ਗੁਰਦੇ ਸਿੰਘ ਨਾ ਦੇ ਇਸ ਦੋਸ਼ੀ ਨੂੰ ਬਠਿੰਡੇ ਜ਼ਿਲ੍ਹੇ ਦੇ ਮੰਡੀ ਕਲਾਂ ਸਕੂਲ ਦੇ ਪ੍ਰਿੰਸੀਪਲ ਪ੍ਰੀਤਮ ਸਿੰਘ ਤੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ . ਇਹ ਰਾਸ਼ੀ ਉਸ ਨੇ ਕਿਸੇ ਮੰਗੀ ਸੂਚਨਾ ਦੀ ਹੋਰ ਮੰਗ ਨਾ ਕਰਨ ਬਦਲੇ ਲਈ ਸੀ ਪਰ ਉਸ ਪ੍ਰਿੰਸੀਪਲ ਨੇ ਦਿੱਤੀ ਰਾਸ਼ੀ ਦੇ ਫ਼ੋਟੋ ਲੈ ਲਏ ਅਤੇ ਇਹ ਜਾਣਕਾਰੀ ਇਸ ਕੇਸ ਦੀ ਸੁਣਵਾਈ ਕਰ ਰਹੀ ਸਟੇਟ ਸੂਚਨਾ ਕਮਿਸ਼ਨਰ ਪ੍ਰੀਤੀ ਚਾਵਲਾ ਨੂੰ ਦੇ ਦਿੱਤੀ .
ਮੌਕੇ ਤੇ ਪੜਤਾਲ ਕੀਤੇ ਜਾਣ ਤੇ ਗੁਰਦੇਵ ਸਿੰਘ ਕੋਲੋਂ ਪ੍ਰਤੀ ਦੀ ਰਕਮ ਵੀ ਬਰਾਮਦ ਕਰ ਲਈ ਗਈ . ਮੁੱਖ ਸੂਚਨਾ ਕਮਿਸ਼ਨ ਪੰਜਾਬ ਐੱਸ ਐੱਸ ਚੰਨੀ ਵੱਲੋਂ ਇਸ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਚੰਡੀਗੜ੍ਹ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ . ਗੁਰਦੇਵ ਸਿੰਘ ਵੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਕੋਠੇ ਸਕੂਰਾ ਸਿੰਘ ਦਾ ਵਾਸੀ ਹੈ .
ਉਸ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਵੱਲੋਂ ਸੂਚਨਾ ਅਧਿਕਾਰ ਹੇਠ ਮੰਗੀ ਗਈ ਸੂਚਨਾ ਉਕਤ ਪ੍ਰਿੰਸੀਪਲ ਪ੍ਰੀਤਮ ਸਿੰਘ ਨਹੀਂ ਦੇ ਰਿਹਾ . ਅੱਜ ਕੇਸ ਦੀ ਸੁਣਵਾਈ ਦੌਰਾਨ ਦੋਵੇਂ ਧਿਰਾਂ ਦੀ ਹਾਜ਼ਰੀ ਵਿਚ ਗੁਰਦੇਵ ਸਿੰਘ ਨੇ ਕਹਿ ਦਿੱਤਾ ਕਿ ਉਸ ਨੂੰ ਮੰਗੀ ਗਈ ਸੂਚਨਾ ਪ੍ਰਿੰਸੀਪਲ ਵੱਲੋਂ ਦੇ ਦਿੱਤੀ ਗਈ ਹੈ ਅਤੇ ਇਹ ਕੇਸ ਬੰਦ ਕਰ ਦਿੱਤਾ ਜਾਵੇ .
ਪਰ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਪ੍ਰਿੰਸੀਪਲ ਨੇ ਖ਼ੁਲਾਸਾ ਕੀਤਾ ਕਿ ਉਸਨੇ ਤਾਂ ਗੁਰਦੇਵ ਸਿੰਘ ਨੂੰ ਕੋਈ ਸੂਚਨਾ ਦਿੱਤੀ ਹੀ ਨਹੀਂ ਅਤੇ ਉਹ ਉਸਨੂੰ ਬਲੈਕ-ਮੇਲ ਕਰ ਰਿਹਾ ਹੈ .
ਇਸ ਤੋਂ ਬਾਅਦ ਹੀ ਸੂਚਨਾ ਕਮਿਸ਼ਨ ਦੇ ਦਫ਼ਤਰ ਵੱਲੋਂ ਕਰਵਾਈ ਕੀਤੀ ਗਈ . ਮੁੱਖ ਸੂਚਨਾ ਕਮਿਸ਼ਨਰ ਵੱਲੋਂ ਲਿਖਤੀ ਰੂਪ ਵਿਚ ਚੰਡੀਗੜ੍ਹ ਪੁਲਿਸ ਨੂੰ ਰਿਪੋਰਟ ਦਿੱਤੀ ਗਈ ਅਤੇ ਪੁਲਿਸ ਦੇ ਹਵਾਲੇ ਕੇ ਦਿੱਤਾ ਗਿਆ. ਇਹ ਵੀ ਜ਼ਿਕਰਯੋਗ ਹੈ ਕਿ ਦੋਸ਼ੀ ਗੁਰਦੇਵ ਸਿੰਘ ਨੇ ਆਪਣਾ ਕਸੂਰ ਵੀ ਲਿਖਤੀ ਤੌਰ ਤੇ ਮੰਨ ਲਿਆ .
ਇਹ ਵੀ ਪਤਾ ਲੱਗਾ ਹੈ ਕਿ ਡੀ ਈ ਓ ਦਫ਼ਤਰ ਬਠਿੰਡਾ ਵਿਚ ਇੱਕ ਕਰਮਚਾਰੀ ਵੀ ਗੁਰਦੇਵ ਸਿੰਘ ਨਾਲ ਮਿਲਿਆ ਹੋਇਆ ਹੈ ਜੋ ਕਿ ਉਸ ਨੂੰ ਇਹ ਜਾਣਕਾਰੀ ਦਿੰਦਾ ਹੈ ਕਿ ਕਿਸ ਕਿਸਮ ਦੀ ਸੂਚਨਾ ਮੰਗੀ ਜਾਵੇ ਜੋ ਕਿ ਬਲੈਕ-ਮੇਲ ਕਰਨ ਦਾ ਹਥਿਆਰ ਬਣ ਸਕੇ .