ਰੂਪਨਗਰ - ਕਿਸੇ ਵੀ ਮਕਾਨ ਮਾਲਿਕ ਵੱਲੋਂ ਕੋਈ ਵੀ ਨਵਾਂ ਕਿਰਾਏਦਾਰ ਜਾਂ ਕਿਸੇ ਉਦਯੋਗਿਕ, ਸਨਅਤੀ ਅਦਾਰੇ ਜਾਂ ਖੇਤੀਬਾੜੀ ਨਾਲ ਸਬੰਧਤ ਕੰਮ ਲਈ ਕੋਈ ਅਜਨਬੀ ਵਿਅਕਤੀ ਨੂੰ ਪੱਕੇ ਜਾਂ ਕੱਚੇ ਤੌਰ ਤੇ ਰੱਖਿਆ ਜਾਂਦਾ ਹੈ ਤਾਂ ਉਸਦੀ ਪੂਰੀ ਅਤੇ ਸਹੀ ਸੂਚਨਾ ਜਿਸ ਵਿੱਚ ਉਸ ਵਿਅਕਤੀ ਦਾ ਨਾਮ, ਪਤਾ, ਫੋਟੋ ਆਦਿ ਹੋਵੇ ਆਪਣੇ ਨਜ਼ਦੀਕੀ ਥਾਣੇ/ਚੌਂਕੀ ਵਿੱਚ ਤੁਰੰਤ ਦਰਜ ਕਰਵਾਈ ਜਾਵੇ।ਇਹ ਹੁਕਮ ਸ਼੍ਰੀਮਤੀ ਗੁਰਨੀਤ ਤੇਜ ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਨੇ ਫੋਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਜਾਰੀ ਕੀਤੇ ਹਨ।
ਇਹ ਹੁਕਮ ਇਸ ਲਈ ਜਾਰੀ ਕੀਤੇ ਗਏ ਹਨ ਕਿਉਂਕਿ ਜ਼ਿਲ੍ਹੇ ਵਿੱਚ ਬਾਹਰਲੇ ਰਾਜਾਂ ਤੋ ਆ ਕੇ ਬਹੁਤ ਜਿਆਦਾ ਗਿਣਤੀ ਵਿੱਚ ਪ੍ਰਵਾਸੀ ਮਜਦੂਰ ਕੰਮ ਕਰ ਰਹੇ ਹਨ। ਇਹ ਪ੍ਰਵਾਸੀ ਮਜਦੂਰ ਆਪਣੇ ਪਰਿਵਾਰਾਂ ਸਹਿਤ ਪੰਜਾਬ ਦੇ ਹਰੇਕ ਪਿੰਡ ਵਿੱਚ ਰਹਿ ਰਹੇ ਹਨ। ਇਹ ਮਜਦੂਰ ਪਿੰਡਾਂ ਵਿੱਚ ਖੇਤਾਂ ਵਿੱਚ ਕੰਮ ਕਰਦੇ ਹਨ ਅਤੇ ਕਿਸਾਨਾਂ ਪਾਸ ਰਹਿੰਦੇ ਹਨ ਅਤੇ ਇਸ ਤਰ੍ਹਾਂ ਸ਼ਹਿਰਾਂ ਵਿੱਚ ਵੀ ਕਈ ਤਰ੍ਹਾਂ ਦੇ ਕੰਮ ਕਰਦੇ ਹਨ ਅਤੇ ਸ਼ਹਿਰਾਂ ਵਿੱਚ ਕਿਰਾਏ ਤੇ ਜਾਂ ਆਪਣੀਆਂ ਝੁੱਗੀਆਂ ਬਣਾ ਕੇ ਰਹਿੰਦੇ ਹਨ।ਅਜਿਹੇ ਪ੍ਰਵਾਸੀ ਮਜਦੂਰਾਂ ਦੇ ਨਾਲ ਨਾਲ ਕਈ ਕਰਾਇਮ ਪੇਸ਼ਾ ਲੋਕ ਵੀ ਮਜਦੂਰਾਂ ਦੇ ਰੂਪ ਵਿੱਚ ਆ ਜਾਂਦੇ ਹਨ, ਜੋ ਕਰਾਈਮ ਕਰਕੇ ਵਾਪਸ ਆਪਣੇ ਰਾਜ ਨੂੰ ਚਲੇ ਜਾਂਦੇ ਹਨ। ਇਹ ਲੋਕ ਅਪਰਾਧਿਕ ਕਾਰਨਾਮਿਆਂ ਨੂੰ ਅੰਜ਼ਾਮ ਦੇ ਜਾਂਦੇ ਹਨ ਅਤੇ ਫਿਰ ਅਲੋਪ ਹੋ ਜਾਂਦੇ ਹਨ।ਇੰਨ੍ਹਾਂ ਸਾਰੇ ਤੱਥਾਂ ਨੂੰ ਮੁੱਖ ਰੱਖਦੇ ਹੋਏ ਅਤੇ ਅਜਿਹੇ ਅਪਰਾਧਿਕ ਕਾਰਨਾਮਿਆਂ ਨੂੰ ਰੋਕਣ ਹਿੱਤ ਜ਼ਿਲ੍ਹਾ ਮੈਜਿਸਟਰੇਟ ਵਲੋਂ ਇਹ ਹੁਕਮ ਜਾਰੀ ਕੀਤੇ ਹਨ।
ਇਹ ਹੁਕਮ ਤੁਰੰਤ ਲਾਗੂ ਹੋ ਗਏ ਹਨ ਅਤੇ 08 ਮਈ 2018 ਤੱਕ ਲਾਗੂ ਰਹਿਣਗੇ।