← ਪਿਛੇ ਪਰਤੋ
ਫ਼ਿਰੋਜ਼ਪੁਰ 13 ਮਾਰਚ 2018:
ਝੋਨੇ ਦੇ ਇਸ ਸੀਜ਼ਨ ਦੌਰਾਨ ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਵੱਲੋਂ ਬਜਾਜ ਇੰਡਸਟਰੀਜ਼ ਜਲਾਲਾਬਾਦ ਨਾਂ ਦੇ ਸ਼ੈਲਰ ਵਿੱਚ ਸਟੋਰ ਕੀਤੇ ਲੱਗਭੱਗ 70 ਹਜ਼ਾਰ ਗੱਟੇ ਖੁਰਦ ਬੁਰਦ ਕਰ ਦੇਣ ਦਾ ਸਮਾਚਾਰ ਹੈ। ਕਰੀਬ 5 ਕਰੋੜ ਤੋਂ ਵੱਧ ਦੀ ਕੀਮਤ ਦੇ ਖੁਰਦ ਬੁਰਦ ਹੋਏ ਝੋਨੇ ਪਿੱਛੇ ਸ਼ੈਲਰ ਮਾਲਕਾਂ ਦੇ ਨਾਲ ਵਿਭਾਗੀ ਅਧਿਕਾਰੀਆਂ ਦੀ ਕਥਿਤ ਤੌਰ 'ਤੇ ਮਿਲੀਭੁਗਤ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਫਿਰੋਜ਼ਪੁਰ ਵੱਲੋਂ ਸੀਜ਼ਨ 2017-18 ਦੌਰਾਨ ਖਰੀਦ ਕੀਤੇ ਝੋਨੇ ਦੇ ਕਰੀਬ 2 ਲੱਖ ਗੱਟੇ ਅਕਤੂਬਰ 2017 ਵਿੱਚ ਜਲਾਲਾਬਾਦ ਸਥਿਤ ਬਜਾਜ ਇੰਡਸਟਰੀਜ਼ ਨਾਮੀ ਸ਼ੈਲਰ ਵਿੱਚ ਸਟੋਰ ਕੀਤੇ ਗਏ ਸਨ। ਜਿਸ ਦੀ ਸਬੰਧਤ ਇੰਸਪੈਕਟਰ ਵੱਲੋਂ ਬਕਾਇਦਾ ਚੈਕਿੰਗ ਵੀ ਕੀਤੀ ਜਾਂਦੀ ਰਹੀ ਦੱਸੀ ਗਈ ਹੈ, ਪਰ ਬੀਤੇ ਦਿਨੀ ਉਕਤ ਸ਼ੈਲਰ ਵਿੱਚ ਕੀਤੀ ਚੈਕਿੰਗ ਦੌਰਾਨ ਸਟੋਰ ਕੀਤੇ ਕੁੱਲ ਝੋਨੇ ਵਿੱਚੋਂ 70 ਹਜ਼ਾਰ ਗੱਟੇ ਘੱਟ ਪਾਏ ਗਏ। ਜਿਸ ਸਬੰਧੀ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱੱਚ ਲਿਆਂਦਾ ਗਿਆ ਹੈ। ਜਿਕਰਯੋਗ ਹੈ ਕਿ ਖਰੀਦ ਏਜੰਸੀਆਂ ਵੱਲੋਂ ਵੱਖ ਵੱਖ ਸ਼ੈਲਰਾਂ/ਪਲੈਂਥਾਂ ਵਿੱਚ ਸਟੋਰ ਕੀਤੇ ਜਾਂਦੇ ਅਨਾਜ਼ ਦੀ ਵਿਭਾਗੀ ਅਧਿਕਾਰੀਆਂ ਵੱਲੋਂ ਹਰ 15 ਦਿਨਾਂ ਬਾਅਦ ਪੀ.ਵੀ (ਫਿਜ਼ੀਕਲ ਵੈਰੀਫਿਕੇਸ਼ਨ) ਕੀਤੀ ਜਾਂਦੀ ਹੈ ਅਤੇ ਇਸ ਚੈਕਿੰਗ ਦੌਰਾਨ ਪੀ.ਵੀ ਦੀ ਵੀਡੀਓਗ੍ਰਾਫੀ ਕਰਕੇ ਇਸ ਦੀ ਬਕਾਇਦਾ ਰਿਪੋਰਟ ਮੁੱਖ ਦਫ਼ਤਰ ਨੂੰ ਵੀ ਭੇਜੀ ਜਾਂਦੀ ਹੈ, ਅਜਿਹੀ ਚੌਕਸੀ ਦੇ ਚੱਲਦਿਆਂ ਏਨੀ ਵੱਡੀ ਮਾਤਰਾ ਵਿੱਚ ਝੋਨੇ ਦਾ ਖੁਰਦ ਬੁਰਦ ਹੋਣਾ ਕਥਿਤ ਤੌਰ ਤੇ ਵਿਭਾਗੀ ਮਿਲੀਭੁਗਤ ਵੱਲ ਵੀ ਇਸ਼ਾਰਾ ਕਰਦਾ ਹੈ। ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਫ਼ਿਰੋਜ਼ਪੁਰ ਦੇ ਡਵੀਜਨਲ ਮੈਨੇਜ਼ਰ ਰਮਨ ਗੋਇਲ ਨੇ ਦੱਸਿਆ ਕਿ ਇਸ ਘਾਟੇ ਸਬੰਧੀ ਉਕਤ ਫਰਮ ਦੇ ਮਾਲਕਾਂ ਪਾਸੋਂ ਕੀਤੀ ਪੁੱਛਗਿੱਛ ਦੌਰਾਨ ਉਹ ਕੋਈ ਤਸੱਲੀ ਬਖਸ਼ ਜਵਾਬ ਨਾ ਦੇ ਸਕੇ। ਜਿਸ 'ਤੇ ਕਰੀਬ 5 ਕਰੋੜ ਰੁਪਏ ਦੀ ਧੋਖਾਧੜੀ ਸਬੰਧੀ ਉਕਤ ਸ਼ੈਲਰ ਮਾਲਕਾਂ ਖਿਲਾਫ ਕਾਰਵਾਈ ਕਰਨ ਲਈ ਜ਼ਿਲ•ਾ ਪੁਲਿਸ ਮੁੱਖੀ ਫਾਜਿਲਕਾ ਨੂੰ ਲਿਖ ਦਿੱਤਾ ਗਿਆ ਹੈ, ਜਿਹਨਾਂ ਵੱਲੋਂ ਅੱਗੋਂ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਵਿਭਾਗੀ ਮਿਲੀਭੁਗਤ ਸਬੰਧੀ ਡੀ.ਐਮ ਪੰਜਾਬ ਐਗਰੋ ਨੇ ਕਿਹਾ ਕਿ ਪੁਲਿਸ ਜਾਂਚ ਵਿੱਚ ਸਾਰਾ ਕੁਝ ਸਾਫ ਹੋ ਜਾਵੇਗਾ ।
Total Responses : 935