ਸੰਗਰੂਰ 13 ਮਾਰਚ 2018:
ਇੱਥੇ ਅਕਾਲ ਕਾਲਜ ਮਸਤੂਆਣਾ ਸਾਹਿਬ ਵਿਖੇ ਚੱਲ ਰਹੀ ਦੂਜੀ ਤਿੰਨ ਰੋਜਾ ਕੁੱਲ ਹਿੰਦ ਗੱਤਕਾ ਚੈਂਪੀਅਨਸ਼ਿੱਪ 2017-18 ਦੇ ਦੂਜੇ ਦਿਨ ਹੋਏ ਫ਼ਸਵੇਂ ਗੱਤਕਾ ਮੁਕਾਬਲਿਆਂ ਦੌਰਾਨ ਸਿੰਗਲ ਸੋਟੀ ਅਤੇ ਸੋਟੀ-ਫ਼ੱਰੀ (ਟੀਮ ਇਵੈਂਟ) ਵਿੱਚ ਫ਼ਰੀ ਸਟਾਈਲ ਅਤੇ ਫੁੱਲ ਸਟਰਾਈਕ ਵਰਗਾਂ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਲੜਕਿਆਂ ਅਤੇ ਲੜਕੀਆਂ ਦੀ ਝੰਡੀ ਰਹੀ ਅਤੇ ਦੋਵਾਂ ਵਰਗਾਂ ਦੇ ਮੁਕਾਬਲਿਆਂ ਵਿੱਚ ਪਹਿਲੀਆਂ ਪੁਜ਼ੀਸ਼ਨਾਂ 'ਤੇ ਕਾਬਜ਼ ਹੋ ਗਏ। ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਰਾਜਾਂ ਤੋਂ 11 ਯੂਨੀਵਰਸਿਟੀਆਂ ਦੀਆਂ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਦੇ ਕਰੀਬ 250 ਖਿਡਾਰੀ ਤੇ ਖਿਡਾਰਨਾਂ ਭਾਗ ਲੈ ਰਹੀਆਂ ਹਨ।
ਲੜਕੀਆਂ : ਅੱਜ ਹੋਏ ਮੁਕਾਬਲਿਆਂ ਦੌਰਾਨ ਗੱਤਕਾ ਸੋਟੀ-ਫ਼ੱਰੀ (ਟੀਮ ਇਵੈਂਟ-ਫ਼ਰੀਸਟਾਈਲ) ਲੜਕੀਆਂ ਦੇ ਵਰਗ ਵਿੱਚ ਫਾਈਨਲ ਮੈਚ ਪੰਜਾਬੀ ਯੂਨੀਵਰਸਿਟੀ ਨੇ ਦਿੱਲੀ ਯੂਨੀਵਰਸਿਟੀ ਨੂੰ ਹਰਾਇਆ। ਇਸ ਵਰਗ ਵਿੱਚ ਸ੍ਰੀ ਗੁਰੂ ਪ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੀ ਟੀਮ ਤੀਜੇ ਜਦਕਿ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਚੌਥੇ ਸਥਾਨ 'ਤੇ ਰਹੀ।
ਇਸੇ ਵਰਗ ਦੇ ਗੱਤਕਾ ਸੋਟੀ (ਟੀਮ ਇਵੈਂਟ-ਫ਼ਰੀਸਟਾਈਲ) ਲੜਕੀਆਂ ਦੇ ਵਰਗ ਵਿੱਚ ਪੰਜਾਬੀ ਯੂਨੀਵਰਸਿਟੀ ਜੇਤੂ ਰਹੀ ਜਦਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੂਜੇ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਤੀਜੇ ਦਿੱਲੀ ਯੂਨੀਵਰਸਿਟੀ ਦੀ ਟੀਮ ਚੌਥੇ ਸਥਾਨ 'ਤੇ ਰਹੀ।
ਗੱਤਕਾ ਸੋਟੀ-ਫ਼ੱਰੀ (ਟੀਮ ਇਵੈਂਟ-ਫੁੱਲ ਸਟਰਾਈਕ) ਪੰਜਾਬੀ ਯੂਨੀਵਰਸਿਟੀ ਨੇ ਦਿੱਲੀ ਯੂਨੀਵਰਸਿਟੀ ਨੂੰ ਹਰਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੀ ਟੀਮ ਤੀਜੇ ਜਦਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਚੌਥੇ ਸਥਾਨ 'ਤੇ ਆਈ।
ਲੜਕੇ : ਗੱਤਕਾ ਸਿੰਗਲ ਸੋਟੀ (ਟੀਮ ਇਵੈਂਟ-ਫ਼ਰੀਸਟਾਈਲ) ਲੜਕਿਆਂ ਦੇ ਵਰਗ ਵਿੱਚ ਪੰਜਾਬੀ ਯੂਨੀਵਰਸਿਟੀ ਜੇਤੂ ਰਹੀ ਜਦਕਿ ਦਿੱਲੀ ਯੂਨੀਵਰਸਿਟੀ ਦੂਜੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੀਜੇ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਨੂੰ ਚੌਥੇ ਸਥਾਨ 'ਤੇ ਸਬਰ ਕਰਨਾ ਪਿਆ।
ਇਸੇ ਵਰਗ ਵਿੱਚ ਗੱਤਕਾ ਸਿੰਗਲ ਸੋਟੀ (ਟੀਮ ਇਵੈਂਟ-ਫੁੱਲਸਟਰਾਈਕ) ਮੁਕਾਬਲਿਆਂ ਦੌਰਾਨ ਪੰਜਾਬੀ ਯੂਨੀਵਰਸਿਟੀ ਦੀਆਂ ਗੱਤਕੇਬਾਜਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਸ੍ਰੀ ਗੁਰੂ ਪ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੀ ਟੀਮ ਤੀਜੇ ਜਦਕਿ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਚੌਥੇ ਸਥਾਨ 'ਤੇ ਆਈ।
ਗੱਤਕਾ ਸਿੰਗਲ ਸੋਟੀ (ਟੀਮ ਇਵੈਂਟ-ਫ਼ਰੀਸਟਾਈਲ) ਵਿੱਚ ਪੰਜਾਬੀ ਯੂਨੀਵਰਸਿਟੀ ਨੇ ਦਿੱਲੀ ਯੂਨੀਵਰਸਿਟੀ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਤੀਜੇ ਜਦਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਚੌਥੇ ਸਥਾਨ 'ਤੇ ਸਬਰ ਕਰਨਾ ਪਿਆ। ਇਸੇ ਤਰਾਂ ਗੱਤਕਾ ਸੋਟੀ-ਫ਼ੱਰੀ (ਟੀਮ ਇਵੈਂਟ-ਫੁੱਲ ਸਟਰਾਈਕ) ਮੁਕਾਬਲੇ ਵਿੱਚ ਪੰਜਾਬੀ ਯੂਨੀਵਰਸਿਟੀ ਜੇਤੂ ਰਹੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦੂਜਾ ਸਥਾਨ ਜਦਕਿ ਦਿੱਲੀ ਯੂਨੀਵਰਸਿਟੀ ਨੂੰ ਤੀਜਾ ਹਾਸਲ ਹੋਇਆ।
ਅੱਜ ਦੂਜੇ ਦਿਨ ਟੂਰਨਾਮੈਂਟ ਦਾ ਉਦਘਾਟਨ ਐਸ.ਪੀ. ਸਿਖਲਾਈ ਬਲਜਿੰਦਰਪਾਲ ਸਿੰਘ, ਅਕਾਲ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਡੀ.ਐਸ.ਪੀ. ਸਿਖਲਾਈ ਸਰਬਵਿਜੇ ਸਿੰਘ ਨੇ ਸਾਂਝੇ ਤੌਰ 'ਤੇ ਕੀਤਾ। ਉਨਾਂ ਦਾ ਸਾਥ ਪਿੰਸੀਪਲ ਡਾ. ਉਂਕਾਰ ਸਿੰਘ, ਪਿੰਸੀਪਲ ਡਾ. ਦਰਸ਼ਨ ਕੌਰ, ਪੰਜਾਬੀ ਯੂਨੀਵਰਸਿਟੀ ਦੇ ਫੁੱਟਬਾਲ ਕੋਚ ਦਲਬੀਰ ਸਿੰਘ, ਡਾ. ਨਿਰਪਜੀਤ ਸਿੰਘ, ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਦੇ ਸਕੱਤਰ ਉਦੈ ਸਿੰਘ, ਪ੍ਰੋ. ਸੁਖਜੀਤ ਸਿੰਘ ਨੇ ਦਿੱਤਾ।
ਇਸ ਮੌਕੇ ਬੋਲਦਿਆਂ ਐਸ.ਪੀ. ਬਲਜਿੰਦਰਪਾਲ ਸਿੰਘ ਨੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਅਤੇ ਇਸਮਾ ਵੱਲੋਂ ਗੱਤਕੇ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਜੰਗਜੂ ਕਲਾ ਗੁਰੂ ਸਾਹਿਬਾਨ ਵੱਲੋਂ ਵਰੋਸਾਈ ਪੁਰਾਤਨ ਕਲਾ ਹੈ ਜਿਸ ਨੂੰ ਪ੍ਰਫੁੱਲਤ ਕਰਨ ਲਈ ਇਸ ਨੂੰ ਕੌਮੀ ਪੱਧਰ 'ਤੇ ਬਣਦਾ ਸਥਾਨ ਹਾਸਲ ਹੋਣਾ ਚਾਹੀਦਾ ਹੈ। ਉਨਾਂ ਕਿਹਾ ਕਿ ਗੱਤਕਾ ਖੇਡ ਦੀ ਆਮ ਜੀਵਨ ਵਿੱਚ ਵੀ ਅਹਿਮ ਮਹੱਤਤਾ ਹੈ ਕਿਉਂਕਿ ਇਹ ਵਿਰਾਸਤੀ ਕਲਾ ਹਰ ਮਨੁੱਖ ਨੂੰ ਵਿਰਸ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਅੰਤਰ-ਯੂਨੀਵਰਸਿਟੀ ਗੱਤਕਾ ਟੂਰਨਾਮੈਂਟ ਲਈ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ.) ਵੱਲੋਂ ਤਾਇਨਾਤ ਆਬਜ਼ਰਬਰ ਹਰਜੀਤ ਸਿੰਘ ਗਰੇਵਾਲ ਨੇ ਸਮੂਹ ਗੱਤਕਾ ਰੈਫ਼ਰੀਆਂ ਨੂੰ ਨਿਰਪੱਖ ਭਾਵਨਾ ਨਾਲ ਮੈਚਾਂ ਦੇ ਫ਼ੈਸਲੇ ਕਰਨ ਅਤੇ ਟੀਮਾਂ ਨੂੰ ਆਦਰਸ਼ਕ ਖੇਡ ਭਾਵਨਾ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਖੇਡ ਅਥਾਰਟੀ ਆਫ਼ ਇੰਡੀਆ ਸੰਗਰੂਰ ਸੈਂਟਰ ਦੇ ਇੰਚਾਰਜ ਮਨਜੀਤ ਸਿੰਘ, ਗੱਤਕਾ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਤੇ ਪੰਜਾਬੀ ਯੂਨੀਵਰਸਿਟੀ ਦੇ ਗੱਤਕਾ ਕੋਚ ਅਵਤਾਰ ਸਿੰਘ ਪਟਿਆਲਾ, ਇਸਮਾ ਦੇ ਸੰਯੁਕਤ ਸਕੱਤਰ ਗੁਰਮੀਤ ਸਿੰਘ ਆਦਿ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਸੁਰਿਦਰਪਾਲ ਸਿੰਘ ਸਿਦਕੀ ਨੇ ਨਿਭਾਈ।