ਗਿੰਨੀ ਗੁਰਸਾਜ਼ ਦੇ ਗੀਤ 'ਹਰ ਪਲ' ਦਾ ਪੋਸਟਰ ਰਿਲੀਜ਼ ਕਰਦੇ ਹੋਏ ਗਾਇਕਾ ਰੁਪਿੰਦਰ ਹਾਂਡਾ, ਜਗਜੀਤ ਸਿੰਘ ਪੰਜੋਲੀ ਅਤੇ ਸਮੁੱਚੀ ਟੀਮ।
ਪਟਿਆਲਾ, 8 ਜੂਨ (ਦੀਦਾਰ ਗੁਰਨਾ ) ਸਥਾਨਕ ਗੁਰਬਖਸ਼ ਕਾਲੋਨੀ ਵਿੱਚ ਪ੍ਰਸਿੱਧ ਪੰਜਾਬੀ ਗਾਇਕਾ ਤੇ ਸੁਰੀਲੀ ਆਵਾਜ਼ ਦੀ ਮਾਲਕ ਰੁਪਿੰਦਰ ਹਾਂਡਾ ਵੱਲੋਂ ਉੱਭਰਦੀ ਗਾਇਕਾ ਗਿੰਨੀ ਗੁਰਸਾਜ਼ ਦਾ ਗੀਤ (ਸਿੰਗਲ ਟਰੈਕ) 'ਹਰ ਪਲ' ਉੱਘੇ ਸਮਾਜ ਸੇਵਕ ਜਗਜੀਤ ਸਿੰਘ ਪੰਜੋਲੀ (ਰਿਸਰਚ ਸਕਾਲਰ ਪੰਜਾਬੀ ਯੂਨੀਵਰਸਿਟੀ, ਪਟਿਆਲਾ) ਦੀ ਅਗਵਾਈ ਵਿੱਚ ਕੰਪਨੀ ਫੋਕ ਏਰਾ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ । ਇਹ ਗੀਤ ਗੀਤਕਾਰ ਸ਼ੌਂਕੀ ਕੁਲਵੀਰ ਦੁਆਰਾ ਲਿਖਿਆ ਗਿਆ ਹੈ, ਜਿਸ ਦਾ ਸੰਗੀਤ ਲਲਿਤ ਰਾਠੀ ਨੇ ਕੀਤਾ ਅਤੇ ਇਸ ਦੀ ਵੀਡੀਓ ਬਲਦੇਵ ਜੀ ਨੇ ਡਾਇਰੈਕਟ ਕੀਤੀ।ਇਸ ਗੀਤ ਲਈ ਇਨਕਮ ਟੈਕਸ ਵਿਭਾਗ ਤੋਂ ਜਗਸੀਰ ਸਿੰਘ , ਗੁਰਪ੍ਰੀਤ ਸਿੰਘ ਮਾਨ (ਪ੍ਰਧਾਨ, ਪੰਜਾਬੀ ਨੌਜਵਾਨ ਸੱਥ ਚੰਡੀਗੜ੍ਹ) ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।
ਇਸ ਮੌਕੇ ਬੋਲਦਿਆਂ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਗਿੰਨੀ ਗੁਰਸਾਜ਼ ਤੇ ਸਮੁੱਚੀ ਟੀਮ ਨੂੰ ਦਿਲੀ ਮੁਬਾਰਕ ਦਿੰਦਿਆਂ ਕਿਹਾ ਕਿ ਸੰਗੀਤ ਰੂਹ ਦੀ ਖੁਰਾਕ ਹੁੰਦਾ ਏ ਤੇ ਸੰਗੀਤ ਇਹੋ ਜਿਹਾ ਹੀ ਹੋਣਾ ਚਾਹੀਦਾ ਏ,ਜੋ ਰੂਹ ਨੂੰ ਸਕੂਨ ਦੇਵੇ। ਜਿੱਥੇ ਵੀ ਕੁਝ ਚੰਗਾ ਹੋ ਰਿਹਾ ਹੈ ਉਹ ਅਣਖ ਹੈ, ਆਬਰੂ ਹੈ ਹੱਕਾਂ ਤੇ ਪਹਿਰੇਦਾਰੀ ਦੀ ਗੱਲ ਹੈ, ਇੱਜਤ ਹੈ, ਉਹ ਸਾਰੀ ਮਰਦ ਲਈ ਹੈ ਅਤੇ ਇਸ ਵਿੱਚੋਂ ਜਗਤ ਜਨਨੀ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਹੈ ।
ਰੁਪਿੰਦਰ ਹਾਂਡਾ ਨੇ ਕਿਹਾ ਕਿ ਅੱਜ ਵੀ ਸੰਗੀਤਕ ਖੇਤਰ ਵਿੱਚ ਔਰਤ ਨੂੰ ਇੱਕ ਵਸਤੂ ਦੀ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਅਤੇ ਇਸ ਖੇਤਰ ਵਿਚ (ਖਾਸ ਕਰਕੇ ਪੰਜਾਬ ਵਿੱਚ) ਮਰਦ ਪ੍ਰਧਾਨਤਾ ਭਾਰੂ ਹੈ। ਉਹਨਾਂ ਕਿਹਾ ਕਿ ਪੰਜਾਬੀ ਗੀਤਾਂ ਵਿੱਚ ਜਗੀਰਦਾਰੂ ਸੋਚ ਅੱਜ ਵੀ ਹੁਲਾਰੇ ਮਾਰਦੀ ਨਜਰ ਆਉਂਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਅੱਜ ਔਰਤਾਂ ਨੂੰ ਮਰਦ ਪ੍ਰਧਾਨਤਾ ਸਮਾਜ ਬੜਾ ਪ੍ਰਭਾਵਿਤ ਕਰ ਰਿਹਾ ਹੈ ਉੱਥੇ ਅੱਜ ਕੁੜੀਆਂ ਵੀ ਹਰ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ ਇਸ ਗੰਭੀਰ ਮੁੱਦੇ ਨੂੰ ਲੈ ਕੇ ਮੰਥਨ ਕਰਨ ਦੀ ਲੋੜ ਹੈ।
ਜ਼ਿਕਰਯੋਗ ਹੈ ਕਿ ਗਿੰਨੀ ਗੁਰਸਾਜ਼, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਵਿੱਚ ਪੀ ਐੱਚ ਡੀ ਕਰ ਰਹੀ ਹੈ।ਗਿੰਨੀ ਗੁਰਸਾਜ਼ ਗਾਇਕੀ ਦੇ ਖੇਤਰ ਵਿੱਚ ਇਸ ਗੀਤ ਨਾਲ ਪਹਿਲੀ ਪਰਵਾਜ਼ ਭਰਦਿਆਂ ਸਰੋਤਿਆਂ ਦੇ ਰੂਬਰੂ ਹੋਈ ਹੈ।
ਇਸ ਮੌਕੇ ਬੋਲਦਿਆਂ ਉੱਘੇ ਸਮਾਜ ਸੇਵਕ ਜਗਜੀਤ ਸਿੰਘ ਪੰਜੋਲੀ ਨੇ ਕਿਹਾ ਕਿ ਉਂਝ ਤਾਂ ਕੋਈ ਵੀ ਐਸਾ ਖੇਤਰ ਨਹੀਂ ਹੈ ਜਿਸ ਵਿਚ ਲੜਕੀਆਂ ਨੇ ਨਾਮ ਨਾ ਖੱਟਿਆ ਹੋਵੇ ਪਰ ਕਿੰਨੀ ਗੁਰਸਾਜ਼ ਨੇ ਇਹ ਸੱਚ ਕਰ ਵਿਖਾਇਆ ਕਿ ਜੇਕਰ ਇਰਾਦੇ ਨੇਕ ਤੇ ਪੱਕੇ ਹੋਣ ਤਾਂ ਹਰ ਮੰਜ਼ਿਲ ਫ਼ਤਿਹ ਹੁੰਦੀ ਹੈ।ਇਸ ਮੌਕੇ ਉਚੇਚੇ ਤੌਰ ਤੇ ਪ੍ਰਸਿੱਧ ਪੱਤਰਕਾਰ ਦੀਦਾਰ ਗੁਰਨਾ ਤੇ ਪ੍ਰਸਿੱਧ ਪੰਜਾਬੀ ਗਾਇਕ ਪੰਮਾ ਡੂੰਮੇਵਾਲ ਨੇ ਵੀ ਗਿੰਨੀ ਗੁਰਸਾਜ਼ ਨੂੰ ਵਧਾਈ ਦਿੱਤੀ।ਇਸ ਮੌਕੇ ਗਿੰਨੀ ਗੁਰਸਾਜ਼ ਨੇ ਵਿਸ਼ੇਸ਼ ਤੌਰ ਤੇ ਪਹੁੰਚੀ ਪ੍ਰਸਿੱਧ ਗਾਇਕਾ ਰੁਪਿੰਦਰ ਹਾਂਡਾ ਤੇ ਇਸ ਗੀਤ ਵਿੱਚ ਸਾਥ ਦੇਣ ਵਾਲੇ ਹਰ ਇੱਕ ਇਨਸਾਨ ਦਾ ਧੰਨਵਾਦ ਕੀਤਾ।