ਆਰਮਡ ਡਿਵੀਜ਼ਨ ਦੇ ਜੀ.ੳ.ਸੀ. ਮੇਜਰ ਜਨਰਲ ਜੇ. ਐਸ. ਸੰਧੂ ਡਿਸਏਬਲਡ ਸੋਲਜਰਸ ਨੂੰ ਸਨਮਾਨਤ ਕਰਦੇ ਹੋਏ।
ਪਟਿਆਲਾ, 17 ਜੁਲਾਈ 2018 : ਭਾਰਤੀ ਫ਼ੌਜ ਵੱਲੋਂ ਸਾਲ 2018 ਨੂੰ ਆਪਣੇ ਵਿਕਲਾਂਗ ਹੋਏ ਸੈਨਿਕਾਂ ਦੀ ਸਹਾਇਤਾ ਅਤੇ ਪੁਨਰਵਾਸ ਦੇ ਵਰ੍ਹੇ ਵਜੋਂ ਮਨਾ ਰਹੀ ਹੈ, ਇਸ ਤਹਿਤ ਵਿਕਲਾਂਗ ਸੈਨਿਕਾਂ ਦੀ ਹੌਂਸਲਾ ਅਫ਼ਜਾਈ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ 1 ਆਰਮਡ ਡਿਵੀਜ਼ਨ ਦੇ ਜੀ.ੳ.ਸੀ. ਮੇਜਰ ਜਨਰਲ ਜੇ. ਐਸ. ਸੰਧੂ ਨੇ ਇਥੇ ਸਥਿਤ 98 ਆਰਮਡ ਬ੍ਰਿਗੇਡ ਦੇ ਮੁੱਖ ਦਫ਼ਤਰ ਵਿਖੇ ਇੱਕ ਸਨਮਾਨ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ 98 ਆਰਮਡ ਬ੍ਰਿਗੇਡ ਦੇ ਕਮਾਂਡਰ ਬ੍ਰਿਗੇਡੀਅਰ ਵਰੁਣ ਸਹਿਗਲ ਵੀ ਮੌਜੂਦ ਸਨ।
ਇਸ ਸਮੇਂ ਸਾਬਕਾ ਸੈਨਿਕਾਂ ਦੀ ਸਹਾਇਤਾਂ ਲਈ ਵਿਕਲਾਂਗ ਸੈਨਿਕਾਂ ਦਾ ਸਨਮਾਨ ਕੀਤਾ ਗਿਆ, ਜਿਸ ਦੌਰਾਨ ਮੇਜਰ ਜਨਰਲ ਜੇ.ਐਸ. ਸੰਧੂ ਨੇ ਪੰਜਾਬ, ਹਰਿਆਣਾ ਤੇ ਰਾਜਸਥਾਨ ਤੋਂ ਆਏ 19 ਵਿਕਲਾਂਗ ਸੈਨਿਕਾਂ ਨੂੰ ਦੋ ਪਹੀਆਂ ਵਹੀਕਲ ਦੇ ਕੇ ਉਹਨਾਂ ਦੀ ਹੌਸਲਾਂ ਅਫਜਾਈ ਕੀਤੀ। ਸਮਾਰੋਹ ਵਿੱਚ ਵੀਰ ਨਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵੇਟਨਰਸ ਅਤੇ ਵੀਰ ਨਾਰੀਆਂ ਨੂੰ ਸੰਬੋਧਨ ਕਰਦਿਆਂ ਮੇਜਰ ਜਨਰਲ ਸੰਧੂ ਨੇ ਕਿਹਾ ਕਿ ਸੈਨਾ ਹਮੇਸ਼ਾ ਆਪਣੇ ਸੈਨਿਕਾਂ ਦੇ ਸੁੱਖ ਦੁੱਖ ਵਿੱਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਫ਼ੌਜ ਦੇ ਸਾਬਕਾ ਸੈਨਿਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਫ਼ੌਜ ਵੱਲੋਂ ਸਾਲ 2018 ਨੂੰ ਈਅਰ ਆਫ ਦੀ ਡਿਸਏਬਲ ਸੋਲਜ਼ਰਸ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ ਅਤੇ ਇਸ ਦੌਰਾਨ ਡਿਸਏਬਲਡ ਸੋਲਜ਼ਰਸ ਦੇ ਪੁਨਰਵਾਸ ਨੂੰ ਅਹਿਮੀਅਤ ਦਿੱਤੀ ਗਈ ਹੈ। ਇਸ ਮੌਕੇ ਵੱਡੀ ਗਿਣਤੀ 'ਚ ਫ਼ੌਜ ਦੇ ਅਧਿਕਾਰੀ ਤੇ ਸੇਵਾ ਮੁਕਤ ਸੈਨਿਕ ਮੌਜੂਦ ਸਨ।