ਪਟਿਆਲਾ 11 ਅਗਸਤ 2018 - ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਆਪਣੇ ਖੇਤੀਬਾੜੀ ਟਿਊਬਵੈਲ ਕੁਨੈਕਸ਼ਨਾਂ ਦੇ ਨਾਮ ਦੀ ਮਲਕੀਅਤ ਤਬਦੀਲੀ ਸਬੰਧੀ ਦਸਤਾਵੇਜਾਂ ਦੀ ਪ੍ਰਣਾਲੀ ਨੂੰ ਸੌਖਾ ਕਰਦਿਆਂ ਅੱਜ ਕਾਰਪੋਰੇਸ਼ਨ ਦੇ ਮੁੱਖ ਇੰਜੀਨੀਅਰ ਸੰਚਾਲਨ ਬਾਰਡਰ ਜ਼ੋਨ , ਮੁੱਖ ਇੰਜੀਨੀਅਰ ਸੰਚਾਲਨ ਦੱਖਣ ਜ਼ੋਨ, ਮੁੱਖ ਇੰਜੀਨੀਅਰ ਸੰਚਾਲਨ ਕੇਂਦਰੀ ਜ਼ੋਨ ਅਧੀਨ ਪੈਂਦੇ ਵੱਖ ਵੱਖ ਦਫਤਰਾਂ (ਜ਼ੋ ਕਿ ਨਿਗਰਾਨ ਇੰਜੀਨੀਅਰ ਹਲਕਾ ਪਟਿਆਲਾ ਸੰਗਰੂਰ, ਬਰਨਾਲਾ, ਰੂਪ ਨਗਰ, ਮੋਹਾਲੀ, ਖੰਨਾ, ਲੁਧਿਆਣਾ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨਤਾਰਨ ਵਿੱਚ ਪੈਂਦੇ ਵੱਖ ਵੱਖ ਦਫਤਰਾਂ) ਵਿੱਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ 186 ਕੈਂਪ ਲਗਾਏ ਗਏ। ਜਿਨ੍ਹਾਂ ਵਿਚ 555 ਖੇਤੀਬਾੜੀ ਟਿਊਬਵੈਲ ਕੁਨੈਕਸ਼ਨਾਂ ਦੀ ਮਲਕੀਅਤ ਤਬਦੀਲ ਕਰ ਦਿੱਤੀ ਗਈ, ਮੁੱਖ ਇੰਜੀਨੀਅਰ ਸੰਚਾਲਨ ਉਤਰ ਅਤੇ ਮੁੱਖ ਇੰਜੀਨੀਅਰ ਸੰਚਾਲਨ ਅਧੀਨ ਪੈਂਦੇ ਵੰਡ ਦਫਤਰਾਂ ਵਲੋਂ ਮਿਤੀ 18 ਅਗਸਤ ਨੂੰ ਅਜਿਹੇ ਕੈਂਪ ਲਾਏ ਜਾਣਗੇ। ਇਹ ਜਾਣਕਾਰੀ ਇੰਜ. ਬਲਦੇਵ ਸਿੰਘ ਸਰ੍ਹਾਂ ਸੀ.ਐਮ.ਡੀ, ਪੀ.ਐਸ.ਪੀ.ਸੀ.ਐਲ. ਨੇ ਅੱਜ ਇੱਥੇ ਦਿੱਤੀ।
ਇੰਜ. ਸਰ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਅਜਿਹੇ ਟਿਊਬਵੈਲ ਕੂਨੈਕਸ਼ਨਾਂ ਜਿਨ੍ਹਾਂ ਵਿੱਚ ਮਲਕੀਅਤੀ ਦੀ ਤਬਦੀਲੀ ਕਾਨੂੰਨੀ ਵਾਰਸਾਂ ਦੇ ਨਾਮ ਹੋਣੀ ਹੈ, ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਉਹ ਇਸ ਸਕੀਮ ਦਾ ਲਾਭ ਉਠਾਉਣ ਕਿਉਂਕਿ ਇਸ ਸਕੀਮ ਅਧੀਨ ਟਿਊਬਵੈਲ ਕੁਨੈਕਸ਼ਨ ਦੀ ਤਬਦੀਲੀ ਸਬੰਧੀ ਦਸਤਾਵੇਜਾਂ ਦੀ ਪ੍ਰਣਾਲੀ ਨੂੰ ਖਪਤਕਾਰਾਂ ਦੀ ਸਹੂਲਤ ਲਈ ਸੌਖਾ ਤੇ ਸਰਲ ਕੀਤਾ ਗਿਆ ਹੈ।ਇੰਜ. ਸਰ੍ਹਾਂ ਨੇ ਦੱਸਿਆ ਕਿ ਸਪਲਾਈ ਕੋਡ 2014 ਦੀ ਕਲਾਜ਼ 11.6.3 ਅਨੁਸਾਰ ਖੇਤੀਬਾੜੀ ਟਿਊਬਵੈਲ ਕੁਨੈਕਸ਼ਨ ਦੀ ਮਲਕੀਅਤ ਦੀ ਤਬਦੀਲੀ ਕਰਨ ਲਈ ਵਿਸਥਾਰਪੂਰਵਕ ਪ੍ਰਵਧਾਨ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਹਦਾਇਤਾਂ ਅਨੁਸਾਰ ਪੀ.ਐਸ.ਪੀ.ਸੀ.ਐਲ. ਦੇ ਵੰਡ ਦਫਤਰਾਂ ਵਲੋਂ ਖੇਤੀਬਾੜੀ ਟਿਊਬਵੈਲ ਕੁਨੈਕਸ਼ਨ ਦੀ ਮਲਕੀਅਤ ਦੀ ਤਬਦੀਲੀ ਦੇ ਕੇਸਾਂ ਦੇ ਨਿਪਟਾਰੇ ਸਬੰਧੀ ਨੋਟਿਸ ਜਾਰੀ ਕਰਕੇ ਪਿੰਡ ਦੀ ਗਰਾਮ ਪੰਚਾਇਤ /ਨੰਬਰਦਾਰ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਸਬੰਧਤ ਖਪਤਕਾਰ ਦੀ ਮੌਤ ਦੀ ਪੁਸ਼ਟੀ ਅਤੇ ਸੱਜਰਾ ਨਸਦ ਅਧੀਨ ਆਉਂਦੇ ਮ੍ਰਿਤਕ ਦੇ ਕਾਨੂੰਨੀ ਵਾਰਸਾਂ ਦਾ ਐਨ.ਓ.ਸੀ. ਸਾਦੇ ਕਾਗਜ ਉਪਰ ਲੈ ਕੇ ਅਤੇ ਉਸ ਚੇਂਜ ਆਫ ਨੇਮ ਦੇ ਕੇਸ ਵਿਚ ਕੋਈ ਹਲਫੀਆਂ ਬਿਆਨ ਨਹੀਂ ਲਿਆ ਜਾਵੇਗਾ ਅਤੇ ਵੰਡ ਦਫਤਰਾਂ ਦੇ ਅਫਸਰਾਂ ਵਲੋਂ ਇਸ ਤਸਦੀਕ ਦੇ ਅਧਾਰ ਤੇ ਬਣਦੇ ਖਰਚੇ ਜਮ੍ਹਾਂ ਕਰਵਾ ਕੇ ਟਿਊਬਵੈਲ ਕੁਨੈਕਸ਼ਨ ਦੀ ਮਲਕੀਅਤ ਕਾਨੂੰਨੀ ਵਾਰਸ ਦੇ ਨਾਮ ਤੇ ਕਰ ਦਿੱਤੀ ਜਾਵੇਗੀ।
ਮੁੱਖ ਇੰਜੀਨੀਅਰ ਸੰਚਾਲਨ ਬਾਰਡਰ ਜ਼ੋਨ ਅਧੀਨ 3 ਨਿਗਰਾਨ ਹਲਕਿਆਂ ਦੇ 80 ਸਬ ਡਵੀਜਨਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਗਏ ਜਿਨ੍ਹਾਂ ਵਿਚ 950 ਖਪਤਕਾਰਾਂ ਨੇ ਨਾਮ ਤਬਦੀਲੀ ਲਈ ਬਿਨੈ ਪੱਤਰ ਦਿੱਤਾ, ਜਿਨ੍ਹਾਂ ਵਿਚੋਂ 304 ਕੇਸਾਂ ਵਿੱਚ ਟਿਊਬਵੈਲ ਮਲਕੀਅਤ ਤਬਦੀਲੀ ਕਰ ਦਿੱਤੀ ਗਈ ਅਤੇ ਬਾਕੀ ਜਿਨ੍ਹਾਂ ਕੇਸਾਂ ਵਿੱਚ ਦਸਤਾਵੇਜ਼ ਪੂਰੇ ਨਹੀਂ ਸਨਮ,ਖਪਤਕਾਰਾਂ ਨੂੰ ਦਸਤਾਵੇਜ਼ ਪੂਰਾ ਕਰਨ ਲਈ ਕਿਹਾ ਗਿਆ । ਬਾਕੀ ਰਹਿੰਦੇ ਕੇਸਾਂ ਵਿੱਚ ਲੋੜੀਂਦੇ ਦਸਤਾਵੇਜ਼ ਪੂਰੇ ਹੋਣ ਤੇ ਮਲਕੀਅਤ ਤਬਦੀਲ ਕਰ ਦਿੱਤੀ ਜਾਵੇਗੀ।
ਮੁੱਖ ਇੰਜੀਨੀਅਰ ਸੰਚਾਲਨ (ਦੱਖਣ), ਜ਼ੋਨ ਅਧੀਨ 5 ਨਿਗਰਾਨ ਹਲਕਿਆਂ ਦੇ 94 ਸਬ ਡਵੀਜਨਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਗਏ ਜਿਨ੍ਹਾਂ ਵਿਚ 1070 ਖਪਤਕਾਰਾਂ ਨੇ ਨਾਮ ਤਬਦੀਲੀ ਲਈ ਬਿਨੈ ਪੱਤਰ ਦਿੱਤਾ। ਜਿਨ੍ਹਾਂ ਵਿਚੋਂ 246 ਕੇਸਾਂ ਵਿੱਚ ਟਿਊਬਵੈਲ ਮਲਕੀਅਤ ਤਬਦੀਲੀ ਕਰ ਦਿੱਤੀ ਗਈ ਅਤੇ ਬਾਕੀ ਜਿਨ੍ਹਾਂ ਕੇਸਾਂ ਵਿੱਚ ਦਸਤਾਵੇਜ਼ ਪੂਰੇ ਨਹੀਂ ਸਨ, ਖਪਤਕਾਰਾਂ ਨੂੰ ਦਸਤਾਵੇਜ਼ ਪੂਰਾ ਕਰਨ ਲਈ ਕਿਹਾ ਗਿਆ ਅਤੇ ਬਾਕੀ ਰਹਿੰਦੇ ਕੇਸਾਂ ਵਿੱਚ ਲੋੜੀਂਦੇ ਦਸਤਾਵੇਜ਼ ਪੂਰੇ ਹੋਣ ਤੇ ਮਲਕੀਅਤ ਤਬਦੀਲ ਕਰ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਮੁੱਖ ਇੰਜੀਨੀਅਰ ਕੇਂਦਰੀ ਲੁਧਿਆਣਾ ਦੀਆਂ 12 ਡਵੀਜਨਾਂ ਵਿੱਚ 1002 ਖਪਤਕਾਰਾਂ ਨੇ ਤਬਦੀਲੀ ਲਈ ਦਸਤਾਵੇਜ਼ ਦਿੱਤੇ ਜਿਨ੍ਹਾਂ ਵਿੱਚ ਮੌਕੇ ਤੇ ਪੰਜ ਖਪਤਕਾਰਾਂ ਦੀ ਮਲਕੀਅਤ ਤਬਦੀਲ ਕਰ ਦਿੱਤੀ ਗਈ ਅਤੇ ਬਾਕੀ ਖਪਤਕਾਰਾਂ ਨੂੰ ਲੋੜੀਂਦੇ ਦਸਤਾਵੇਜ਼ ਪੂਰੇ ਕਰਨ ਲਈ ਦੱਸਿਆ ਗਿਆ।
ਇੰਜ. ਬਲਦੇਵ ਸਿੰਘ ਸਰ੍ਹਾਂ ਨੇ ਵੱਖ ਵੱਖ ਮੁੱਖ ਇੰਜੀਨੀਅਰ ਜ਼ੋਨਾਂ ਅਧੀਨ ਲਾਏ ਗਏ ਕੈਂਪਾਂ ਦੀ ਸਫਲਤਾ ਬਾਰੇ ਗੱਲਬਾਤ ਕਰਦਿਆਂ ਕੈਂਪਾਂ ਵਿੱਚ ਕਾਰਪੋਰੇਸ਼ਨ ਦੇ ਅਧਿਕਾਰੀਆਂ ਅਤੇ ਅਫਸਰਾਂ ਅਤੇ ਕਰਮਚਾਰੀਆਂ ਵਲੋਂ ਪਾਏ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਹ ਆਸ ਪ੍ਰਗਟ ਕੀਤੀ ਕਿ ਭਵਿੱਖ ਵਿਚ ਵੀ ਅਜਿਹੇ ਕੈਂਪਾਂ ਰਾਹੀਂ ਖਪਤਕਾਰਾਂ ਦੀ ਸਹੂਲਤ ਲਈ ਲਗਾਏ ਜਾਣਗੇ।
ਇੰਜ. ਬਲਦੇਵ ਸਿੰਘ ਸਰ੍ਹਾਂ ਨੇ ਪੰਜਾਬ ਦੇ ਸਾਰੇ ਟਿਊਬਵੈਲ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਮਨਜੂਰ ਸ਼ੁਦਾ ਲੋਡ ਅਨੁਸਾਰ ਹੀ ਆਪਣੀਆਂ ਮੋਟਰਾਂ ਚਲਾਉਣ ਅਤੇ ਵੱਧ ਸਮਰੱਥਾ ਵਾਲੀਆਂ ਥਾਂ ਸਹੀ ਸਮਰੱਥਾਂ ਵਾਲੀਆਂ ਮੋਟਰਾਂ ਚਲਾਉਣ ਤਾਂ ਜ਼ੋ ਪੀ.ਐਸ.ਪੀ.ਸੀ.ਐਲ. ਵਲੋ ਖੇਤੀਬਾੜੀ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਕਰਵਾਈ ਜਾ ਸਕੇ।