ਚੰਡੀਗੜ੍ਹ, 19 ਅਗਸਤ 2018 - ਨਵਜੋਤ ਸਿੱਧੂ ਬੀਤੇ ਸ਼ਨੀਵਾਰ ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਜਿਸ ਵਿਚ ਬੀਤੇ ਕੱਲ੍ਹ ਤੋਂ ਹੀ ਸਿੱਧੂ ਭਾਰਤੀ ਮੀਡੀਆ ਲਈ ਚਰਚਾ ਦਾ ਵਿਸ਼ਾ ਬਣ ਗਏ ਨੇ। ਸਿੱਧੂ ਵੱਲੋਂ ਪਾਈ
ਪਾਕਿਸਤਾਨੀ ਫੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨੂੰ ਜੱਫੀ ਵਿਰੋਧੀਆਂ ਲਈ ਕਾਂਗਰਸ 'ਤੇ ਹੱਲ ਬੋਲਣ ਦਾ ਮੁੱਦਾ ਜਰੂਰ ਬਣ ਗਿਆ।
ਉਥੇ ਹੀ ਅੱਜ ਪਾਕਿਸਤਾਨ ਤੋਂ ਅਟ੍ਹਾਰੀ ਬਾਰਡਰ ਥਾਈਂ ਭਾਰਤ ਪੁੱਜੇ ਸਿੱਧੂ ਨੂੰ 'ਸਿੱਧੂ ਗੱਦਾਰ' , 'ਸਿੱਧੂ ਮੁਰਦਾਬਾਦ' ਦੇ ਨਾਅਰੇ ਸੁਣਨ ਨੂੰ ਮਿਲੇ। ਸਿੱਧੂ ਨੇ ਆਪਣੇ ਬਚਾਅ 'ਚ ਬੋਲਦਿਆਂ ਮੀਡੀਆ ਨੂੰ ਕਿਹਾ ਕਿ ਜੇਕਰ ਕੋਈ ਮਹਿਮਾਨ ਨੂੰ ਪਿਛਲੀ ਕਤਾਰ 'ਚੋਂ ਉਠਾ ਕੇ ਅਗਲੀ ਕਤਾਰ ਵਿਚ ਬਿਠਾ ਦੇਵੇ ਤਾਂ ਤੁਸੀਂ ਕਿਸ ਤਰ੍ਹਾਂ ਮਨ੍ਹਾਂ ਕਰ ਸਕਦੇ ਹੋ। ਸਿੱਧੂ ਨੇ ਆਪਣੀ ਵਿਵਾਦਤ ਜੱਫੀ ਬਾਰੇ ਸਫਾਈ ਦਿੰਦਿਆਂ ਕਿਹਾ ਕਿ ''ਜੇਕਰ ਕੋਈ (ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਬਾਜਵਾ) ਮੇਰੇ ਕੋਲ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਅਸੀਂ ਇੱਕੋ ਸੱਭਿਆਚਾਰ ਦੇ ਹਾਂ ਅਤੇ ਅਸੀਂ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪਾਰਵ 'ਤੇ ਕਰਤਾਰਪੁਰ ਆਉਣ ਲਈ ਸਰਹੱਦ ਖੋਲ੍ਹਾਂਗੇ, ਤਾਂ ਮੈਂ ਹੋਰ ਕੀ ਕਰਦਾ?''
ਕੈਪਟਨ ਨੂੰ ਨਹੀਂ ਰਾਸ ਆਈ ਸਿੱਧੂ ਦੀ ਜੱਫੀ
ਉਥੇ ਹੀ ਦੂਜੇ ਪਾਸੇ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਹੀ ਕੈਬਿਨੇਟ ਮੰਤਰੀ ਸਿੱਧੂ ਦੀ ਪਾਕਿਸਤਾਨ ਫੌਜ ਦੇ ਮੁਖੀ ਨਾਲ ਪਾਈ ਜੱਫੀ ਨੂੰ ਗਲਤ ਦੱਸਦਿਆਂ ਕਿਹਾ ਕਿ ਉਹ ਇਸ ਦਾ ਸਮਰਥਨ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਰੋਜ਼ਾਨਾ ਸਾਡੇ ਜਵਾਨ ਸ਼ਹੀਦ ਹੁੰਦੇ ਹਨ ਅਤੇ ਸਿੱਧੂ ਵਲੋਂ ਪਾਕਿ ਫੌਜ ਮੁਖੀ ਪ੍ਰਤੀ ਪਿਆਰ ਦਿਖਾਉਣਾ ਗ਼ਲਤ ਸੀ।