ਜੀ ਐੱਸ ਪੰਨੂ
ਪਟਿਆਲਾ, 21 ਅਗਸਤ 2018 - ਪੀ.ਆਰ.ਟੀ.ਸੀ. ਦੀਆਂ ਬੱਸਾਂ 'ਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਲਈ ਪੀ.ਆਰ.ਟੀ.ਸੀ. ਵੱਲੋਂ ਟਿਕਟਾਂ ਦੀ ਆਨ ਲਾਇਨ ਬੁਕਿੰਗ ਵਾਸਤੇ ਮੋਬਾਇਲ ਫੋਨ ਲਈ ਪੈਪਸੂ ਆਨਲਾਇਨ ਨਾਂ ਦੀ ਐਂਡਰਾਇਡ ਐਪਲੀਕੇਸ਼ਨ ਸ਼ੁਰੂ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਨੇ ਦੱਸਿਆ ਕਿ 16 ਅਗਸਤ ਤੋਂ ਸ਼ੁਰੂ ਹੋਈ ਇਸ ਐਪ ਜਰੀਏ ਚਾਹਵਾਨ ਯਾਤਰੀ ਹੁਣ ਆਪਣੇ ਐਂਡਰਾਇਡ ਮੋਬਾਇਲ ਫੋਨ ਰਾਹੀਂ ਕਿਸੇ ਵੀ ਜਗਾ ਕਿਸੇ ਵੀ ਸਮੇਂ ਪੀ.ਆਰ.ਟੀ.ਸੀ. ਦੀਆਂ ਏ.ਸੀ. ਬੱਸਾਂ ਲਈ ਟਿਕਟ ਜਾਂ ਸੀਟ ਬੁੱਕ ਕਰ ਸਕਣਗੇ।
ਸ੍ਰੀ ਕੇ.ਕੇ. ਸ਼ਰਮਾ ਨੇ ਦੱਸਿਆ ਕਿ ਇਸ ਮੋਬਾਇਲ ਐਂਡਰਾਇਡ ਐਪਲੀਕੇਸ਼ਨ ਨੂੰ ਸਵਾਰੀਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਹੋਰ ਵੀ ਹੁੰਗਾਰਾ ਮਿਲਣ ਦੀ ਆਸ ਹੈ, ਕਿਉਂਕਿ ਇਸ ਨੂੰ ਲੋਕਾਂ ਦੀ ਭਰਪੂਰ ਮੰਗ 'ਤੇ ਹੀ ਇਸ ਨੂੰ ਸ਼ੁਰੂ ਕੀਤਾ ਗਿਆ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਪੀ.ਆਰ.ਟੀ.ਸੀ. ਦੇ ਐਮ.ਡੀ. ਸ. ਮਨਜੀਤ ਸਿੰਘ ਨਾਰੰਗ ਨੇ ਦੱਸਿਆ ਕਿ ਇਸ ਐਪਲੀਕੇਸ਼ਨ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰਕੇ ਆਪਣੇ ਫੋਨ 'ਚ ਇੰਸਟਾਲ ਕੀਤਾ ਜਾ ਸਕਦਾ ਹੈ। ਸ. ਨਾਰੰਗ ਨੇ ਦੱਸਿਆ ਕਿ ਪੀ.ਆਰ.ਟੀ.ਸੀ. ਨੇ ਪਹਿਲਾਂ ਹੀ ਇੱਕ ਵੈਬਸਾਇਟ ਪੈਪਸੂਆਨਲਾਈਨ ਡਾਟ ਕਾਮ ਸ਼ੁਰੂ ਕੀਤੀ ਹੋਈ ਹੈ ਅਤੇ ਉਹ ਵੀ ਸਵਾਰੀਆਂ ਨੂੰ ਲਗਾਤਾਰ ਉਪਲਬਧ ਰਹੇਗੀ।
ਚੇਅਰਮੈਨ ਸ੍ਰੀ ਸ਼ਰਮਾ ਨੇ ਇਸ ਆਨ ਲਾਇਨ ਬੁਕਿੰਗ ਪੋਰਟਲ ਨੂੰ ਸਫ਼ਲਤਾ ਪੂਰਵਕ ਚਲਾਉਣ ਲਈ ਐਚ.ਡੀ.ਐਫ.ਸੀ ਬੈਂਕ ਵੱਲੋਂ ਕਲਸਟਰ ਹੈਡ ਉਪ ਪ੍ਰਧਾਨ ਸ੍ਰੀ ਰਮਨ ਅਰੋੜਾ ਅਤੇ ਖੇਤਰੀ ਹੈਡ ਡਿਪਟੀ ਉਪ ਪ੍ਰਧਾਨ (ਸਰਕਾਰੀ ਬਿਜਨੈਸ) ਸ. ਅਮਰਦੀਪ ਸਿੰਘ ਦੇ ਸਹਿਯੋਗ ਨਾਲ ਇਹ ਆਮ ਲੋਕਾਂ ਤੱਕ ਪਹੁੰਚਾਉਣ ਲਈ ਪੀ.ਆਰ.ਟੀ.ਸੀ. 'ਚ ਇੱਕ ਆਈ.ਟੀ. ਸੈਲ ਵੀ ਸਥਾਪਤ ਕੀਤਾ ਗਿਆ ਹੈ। ਚੇਅਰਮੈਨ ਨੇ ਦੱਸਿਆ ਕਿ ਇਸ ਆਈ.ਟੀ. ਸੈਲ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਣ ਸਦਕਾ ਇਸ ਐਪ ਰਾਹੀਂ ਸਵਾਰੀਆਂ ਨੇ 300 ਤੋਂ ਵਧੇਰੇ ਸੀਟਾਂ ਬੁੱਕ ਕਰਵਾਈਆਂ ਹਨ।