ਵਿਨੀਤ ਸਹਿਗਲ
ਪਟਿਆਲਾ, 22 ਅਗਸਤ 2018 (ਜੀ ਐਸ ਪੰਨੂ) : ਪਟਿਆਲਾ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਦੇਵੀਗਡ਼੍ਹ ਦੇ ਨਜ਼ਦੀਕ ਸਿੰਗਲਾ ਚਿਲਿੰਗ ਸੈਂਟਰ ਵਿਚੋਂ ਭਾਰੀ ਮਾਤਰਾ ਚ ਨਕਲੀ ਦੁੱਧ , ਪਨੀਰ, ਘਿਉ, ਮੱਖਣ ਬਰਾਮਦ ਕੀਤਾ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਚ ਚਾਹੇ ਫ਼ੈਕਟਰੀ ਮਾਲਕ ਸਮੇਤ ਦੋ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਪਰ ਇਸ ਮਿਲਾਵਟ ਖੋਰੀ ਦੇ ਮਾਮਲੇ ਚ ਸ਼ਾਮਿਲ ਕਿਸੇ ਵੀ ਸਰਕਾਰੀ ਅਧਿਕਾਰੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਇਸ ਗੱਲ ਦਾ ਪ੍ਰਗਟਾਵਾ ਸ਼ਿਵ ਸੈਨਾ ਹਿੰਦੁਸਤਾਨ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਵਿਨੀਤ ਸਹਿਗਲ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਮੁੱਖਮੰਤਰੀ ਅਤੇ ਸਿਹਤ ਮੰਤਰੀ ਦੇ ਸ਼ਹਿਰ ਚ ਹੀ ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਹੋਇਆ।
ਸ਼ਿਵ ਸੈਨਾ ਹਿੰਦੁਸਤਾਨ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਨੇ ਕਿਹਾ ਕਿ ਪੁਲਿਸ ਵੱਲੋਂ ਕੀਤੀ ਗਈ ਪੁੱਛ ਗਿੱਛ ਦੌਰਾਨ ਫ਼ੈਕਟਰੀ ਦੇ ਮਾਲਕ ਵੱਲੋਂ ਸਾਫ਼ ਮੰਨਿਆ ਹੈ ਕਿ ਉਸ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ 5 ਹਜ਼ਾਰ ਰੁਪਏ ਮਹੀਨਾ ਦਿੱਤਾ ਜਾਂਦਾ ਸੀ ਤੇ ਸੈਂਪਲ ਭਰੇ ਜਾਣ ਤੇ ਵੀ 10 ਹਜ਼ਾਰ ਰੁਪਏ ਦੇ ਕੇ ਸੈਂਪਲ ਪਾਸ ਕਰਵਾਏ ਜਾਂਦੇ ਸੀ। ਪਰ ਪੁਲਿਸ ਵੱਲੋਂ ਫ਼ੈਕਟਰੀ ਮਾਲਕ ਦੇ ਇਸ ਗੱਲ ਨੂੰ ਮੰਨਣ ਦੇ ਬਾਵਜੂਦ ਵੀ ਸਿਹਤ ਵਿਭਾਗ ਦੇ ਕਿਸੇ ਵੀ ਅਧਿਕਾਰੀ ਨੂੰ ਨ ਤਾਂ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਉਨ੍ਹਾਂ ਵੱਲੋਂ ਸਿਹਤ ਵਿਭਾਗ ਦੇ ਕਿਸੇ ਵੀ ਅਧਿਕਾਰੀ ਤੋਂ ਪੁੱਛ ਗਿੱਛ ਵੀ ਨਹੀਂ ਕੀਤੀ ਗਈ ਹੈ। ਸਹਿਗਲ ਨੇ ਕਿਹਾ ਕਿ ਇੰਨੀ ਵੱਡੀ ਫ਼ੈਕਟਰੀ ਵਿਚੋਂ ਸਿਰਫ਼ ਕੁੱਝ ਦੁਕਾਨਦਾਰਾ ਨੂੰ ਹੀ ਸਾਮਾਨ ਜਾਂਦਾ ਸੀ ਜੋ ਕਿ ਪੁਲਿਸ ਕਾਰਵਾਈ ਤੇ ਇੱਕ ਵੱਡਾ ਪ੍ਰਸ਼ਨ ਖਡ਼੍ਹਾ ਕਰਦਾ ਹੈ। ਜਦੋ ਕਿ ਪੁਲਿਸ ਨੇ ਦੁਕਾਨਦਾਰਾਂ ਦੀ ਲਿਸਟ ਨੂੰ ਦੂਜੀ ਵਾਰੀ ਬਦਲ ਦਿੱਤਾ। ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।
ਵਿਨੀਤ ਸਹਿਗਲ ਨੇ ਕਿਹਾ ਕਿ ਪੁਲਿਸ ਵਿਭਾਗ ਇਨ੍ਹਾਂ ਦੁਕਾਨਦਾਰਾ ਤੋਂ ਵੀ ਪੁੱਛ ਗਿੱਛ ਅਤੇ ਪਟਿਆਲਾ ਸ਼ਹਿਰ ਚ ਜਿੰਨੇ ਵੀ ਵਿਅਕਤੀ ਖਾਣ-ਪੀਣ ਦਾ ਸਾਮਾਨ ਦਾ ਕਾਰੋਬਾਰ ਕਰ ਰਹੇ ਹਨ ਉਨ੍ਹਾਂ ਦੇ
ਮੁੜ ਤੋਂ ਸੈਂਪਲ ਭਰੇ ਅਤੇ ਜਿਸ ਦੇ ਸਾਮਾਨ ਚ ਮਿਲਾਵਟ ਪਾਈ ਜਾਂਦੀ ਹੈ ਉਸ ਦੀਆਂ ਜਾਇਦਾਦਾਂ ਜ਼ਬਤ ਕਰਕੇ ਉਨ੍ਹਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਸ਼ਿਵ ਸੈਨਾ ਹਿੰਦੁਸਤਾਨ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਨੇ ਕਿਹਾ ਕਿ ਸਿਹਤ ਵਿਭਾਗ ਇਸ ਮਾਮਲੇ ਸਬੰਧੀ ਸਹੀ ਕਾਰਵਾਈ ਨਹੀਂ ਕਰ ਰਿਹਾ ਹੈ, ਉਨ੍ਹਾਂ ਕਿਹਾ ਕਿ ਜੇਕਰ ਸਿਹਤ ਵਿਭਾਗ ਵੱਲੋਂ ਹਾਲੇ ਵੱਲੋਂ ਮਿਲਾਵਟ ਖੋਰਾਂ ਦੇ ਖ਼ਿਲਾਫ਼ ਕੋਈ ਸਖ਼ਤ ਕਦਮ ਨ ਚੁੱਕਿਆ ਗਿਆ ਤਾਂ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਸਿਹਤ ਮੰਤਰੀ ਦਾ ਘੇਰਾਉ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਵੀ ਪ੍ਰਦਰਸ਼ਨ ਕੀਤਾ ਜਾਵੇਗਾ।