ਅਰੁਣਾਚਲ ਦੇਸ਼ੀ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ 2100 ਪੇਟੀਆਂ ਨਾਲ ਆਬਕਾਰੀ ਤੇ ਕਰ ਵਿਭਾਗ ਸਮੇਤ ਪੁਲਿਸ ਪਾਰਟੀ
ਪਟਿਆਲਾ (ਰਾਜਪੁਰਾ), 22 ਅਗਸਤ 2018 (ਜੀ ਐੱਸ ਪੰਨੂ): ਆਬਕਾਰੀ ਤੇ ਕਰ ਵਿਭਾਗ ਵੱਲੋਂ ਆਬਕਾਰੀ ਵਿਭਾਗ 'ਚ ਤਾਇਨਾਤ ਪੁਲਿਸ ਨਾਲ ਮਿਲਕੇ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੰਦਿਆਂ ਅਰੁਣਾਚਲ ਪ੍ਰਦੇਸ਼ ਲਈ ਬਣੀ ਦੇਸ਼ੀ ਸ਼ਰਾਬ ਕਰੇਜ਼ੀ ਰੋਮੀਓ ਦੀਆਂ ਨਜਾਇਜ਼ ਰੂਪ 'ਚ ਦੋ ਕੈਂਟਰਾਂ ਵਿੱਚ ਲਿਜਾਈਆਂ ਜਾ ਰਹੀਆਂ 2100 ਪੇਟੀਆਂ ਬਰਾਮਦ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਆਬਕਾਰੀ ਤੇ ਕਰ ਵਿਭਾਗ 'ਚ ਤਾਇਨਾਤ ਏ.ਆਈ.ਜੀ. ਸ. ਗੁਰਚੈਨ ਸਿੰਘ ਧਨੋਆ ਨੇ ਦੱਸਿਆ ਕਿ ਇਹ ਕਾਰਵਾਈ ਪੰਜਾਬ ਸਰਕਾਰ ਵੱਲੋਂ ਅਰੰਭੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕੀਤੀ ਗਈ ਹੈ।
ਏ.ਆਈ.ਜੀ. ਸ. ਧਨੋਆ ਨੇ ਦੱਸਿਆ ਕਿ ਰਾਜਪੁਰਾ ਰੋਡ 'ਤੇ ਸਥਿਤ ਘਨੌਰ ਪੁਲ ਵਿਖੇ ਆਬਕਾਰੀ ਕਰ ਵਿਭਾਗ ਦੇ ਈ.ਟੀ.ਓ. ਰਾਜੀਵ ਸ਼ਰਮਾ ਅਤੇ ਇੰਸਪੈਕਟਰ ਦੀਨ ਦਿਆਲ ਸਮੇਤ ਏ.ਐਸ.ਆਈ. ਜੈਦੀਪ ਸ਼ਰਮਾ ਤੇ ਏ.ਐਸ.ਆਈ. ਲਵਦੀਪ ਸਿੰਘ ਵੱਲੋਂ ਆਪਣੀ ਪੁਲਿਸ ਪਾਰਟੀ ਨਾਲ ਲਾਏ ਨਾਕੇ ਦੌਰਾਨ ਉਨਾਂ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ, ਕਿ ਅਰੁਣਾਚਲ ਪ੍ਰਦੇਸ਼ ਲਈ ਬਣੀ ਸ਼ਰਾਬ ਨਜਾਇਜ਼ ਰੂਪ 'ਚ ਦੋ ਗੱਡੀਆਂ ਅੰਦਰ ਭਰ ਕੇ ਲਿਜਾਈ ਜਾ ਰਹੀ ਹੈ।
ਉਨਾਂ ਦੱਸਿਆ ਕਿ ਇਸ 'ਤੇ ਕਾਰਵਾਈ ਕਰਦਿਆਂ ਜਦੋਂ ਦੋ ਕੈਂਟਰਾਂ ਨੂੰ ਪੜਤਾਲ ਕਰਨ ਲਈ ਰੋਕਿਆ ਗਿਆ ਤਾਂ ਇਨਾਂ ਨੇ ਦੋਵਾਂ ਗੱਡੀਆਂ ਦੇ ਡਰਾਇਵਰਾਂ ਨੇ ਕੋਈ ਦਸਤਾਵੇਜ ਪੇਸ਼ ਨਹੀਂ ਕੀਤੇ ਸਗੋਂ ਇਹ ਦੋਵੇਂ ਗੱਡੀਆਂ ਛੱਡ ਕੇ ਭੱਜ ਗਏ, ਇਸ ਤਰਾਂ ਇਨਾਂ ਦੋਵਾਂ ਗੱਡੀਆਂ ਨੂੰ ਪੰਜਾਬ ਵੈਟ ਐਕਟ 2005 ਅਧੀਨ ਰੋਕ ਲਿਆ ਗਿਆ।
ਸ. ਧਨੋਆ ਨੇ ਦੱਸਿਆ ਕਿ ਜਦੋਂ ਇਨਾਂ ਕੈਂਟਰਾਂ ਦੀ ਤਲਾਸ਼ੀ ਲਈ ਗਈ ਤਾਂ ਇਨਾਂ ਗੱਡੀਆਂ ਵਿੱਚੋਂ 2100 ਪੇਟੀਆਂ ਕਰੇਜ਼ੀ ਰੋਮੀਓ ਅਰੁਣਾਚਲ ਸ਼ਰਾਬ ਬਰਾਮਦ ਕੀਤੀਆਂ ਗਈਆਂ। ਇਹ ਸ਼ਰਾਬ ਬਿਨਾਂ ਬੈਚ ਨੰਬਰ ਅਤੇ ਮੈਨੂਫੈਕਚਰ ਮਿਤੀ ਤੋਂ ਸੀ ਅਤੇ ਢੋਈ ਜਾ ਰਹੀ ਸ਼ਰਾਬ ਦੇ ਦਸਤਾਵੇਜ ਵੀ ਜਾਅਲੀ ਪਾਏ ਗਏ ਜੋਕਿ ਟੈਕਸ ਚੋਰੀ ਦਾ ਮਾਮਲਾ ਵੀ ਬਣਦਾ ਹੈ। ਜਦੋਂਕਿ ਭੱਜੇ ਡਰਾਇਵਰਾਂ ਦੀ ਪਛਾਣ ਸੰਮੀ ਮਿੱਤਲ ਪੁੱਤਰ ਵਿਜੇ ਮਿੱਤਲ ਵਾਸੀ ਗਾਂਧੀ ਨਗਰ ਮੰਡੀ ਗੋਬਿੰਦਗੜ ਅਤੇ ਕੁਟੀ ਨਾਮ ਦੇ ਵਿਅਕਤੀ ਵਜੋਂ ਹੋਈ।
ਏ.ਆਈ.ਜੀ. ਸ. ਧਨੋਆ ਨੇ ਦੱਸਿਆ ਕਿ ਇਸ 'ਤੇ ਕਾਰਵਾਈ ਕਰਦਿਆਂ ਥਾਣਾ ਸ਼ੰਭੂ ਵਿਖੇ ਆਬਕਾਰੀ ਐਕਟ ਦੀਆਂ ਧਾਰਾਵਾਂ 61,1,14 ਤਹਿਤ ਮੁਕਦਮਾ ਨੰਬਰ 97 ਦਰਜ ਕਰਵਾਇਆ ਗਿਆ। ਨਜਾਇਜ਼ ਸ਼ਰਾਬ ਦੀ ਬਰਾਮਦੀ ਕਰਨ ਵਾਲੀ ਟੀਮ 'ਚ ਪੁਲਿਸ ਦੇ ਮੁਲਾਜਮ ਗਗਨਦੀਪ ਸਿੰਘ ਤੇ ਕੁਲਦੀਪ ਸਿੰਘ ਵੀ ਸ਼ਾਮਲ ਸਨ।