ਪਟਿਆਲਾ : 25 ਅਗਸਤ 2018 - ਮਾਨਸਾ ਜ਼ਿਲ੍ਹੇ ਦੇ ਪਿੰਡ ਦਲੇਲ ਸਿੰਘ ਵਾਲਾ ਦੇ ਜੰਮਪਲ ਸ: ਸਵਰਨ ਸਿੰਘ ਵਿਰਕ ਅਤੇ ਕਿਸ਼ਨਗੜ੍ਹ ਫਰਵਾਹੀ ਦੇ ਜੰਮੇ ਜਾਏ ਸ: ਸੁਖਜੀਤ ਸਿੰਘ ਨੇ ਏਸ਼ੀਅਨ ਖੇਡਾਂ ਦੇ ਵਿੱਚ ਕਿਸ਼ਤੀ ਚਾਲਣ ਮੁਕਾਬਲੇ ਵਿੱਚ ਗੋਲਡ ਮੈਡਲ ਤੇ ਏਸ਼ੀਅਨ ਕਬੱਡੀ ਸਿਲਵਰ ਮੈਡਲਿਸਟ ਮਨਪ੍ਰੀਤ ਕੌਰ ਮਾਨਸਾ ਨੇ ਏਸ਼ਿਆਈ ਖੇਡਾਂ ਜਕਾਰਤਾ ਵਿੱਚ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਇਸ ਦੇ ਨਾਲ ਹੀ ਮਾਨਸਾ ਦਾ ਨਾਮ ਦੁਨੀਆਂ ਦੇ ਨਕਸ਼ੇ ਉਪਰ ਛਾਇਆ ਹੈ ,ਨੂੰ ਬਾਬਾ ਹੰਸਾ ਸਿੰਘ ਯਾਦਗਾਰੀ ਫ਼ਖ਼ਰੇ ਮਾਨਸਾ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਹ ਜਾਣਕਾਰੀ ਖਾਲਸਾ ਕਾਲਿਜ ਪਟਿਆਲਾ ਦੇ ਪ੍ਰਿੰਸੀਪਲ ਡਾ: ਧਰਮਿੰਦਰ ਸਿੰਘ ਉੱਭਾ ਨੇ ਦਿੰਦਿਆਂ ਦੱਸਿਆ ਕਿ ਬਾਬਾ ਹੰਸਾ ਸਿੰਘ ਯਾਦਗਾਰੀ ਟਰੱਸਟ ਵੱਲੋਂ ਇਨ੍ਹਾਂ ਤਿੰਨਾਂ ਨੂੰ ਫਖਰ-ਏ-ਮਾਨਸਾ ਐਵਾਰਡ ਵਿੱਚ ਗਿਆਰਾਂ ਗਿਆਰਾਂ ਹਜ਼ਾਰ ਰੁਪਏ ਨਗਦ ਇਨਾਮ ਇੱਕ ਵਿਸ਼ੇਸ਼ ਸਮਾਗਮ ਵਿੱਚ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਜਾਵੇਗਾ।
ਵਰਨਣਯੋਗ ਹੈ ਕਿ ਬਾਬਾ ਹੰਸਾ ਸਿੰਘ ਯਾਦਗਾਰੀ ਟਰੱਸਟ ਦੀ ਸਥਾਪਨਾ ਉਨ੍ਹਾਂ ਦੇ ਪਰਿਵਾਰਕ ਮੁਖੀ ਸਾਹਿਬਾਨ ਪ੍ਰੋਫੈਸਰ ਅੱਛਰੂ ਸਿੰਘ, ਸਰਦਾਰ ਦਵਿੰਦਰ ਸਿੰਘ ਟੈਕਸਲਾ ਅਤੇ ਸਰਦਾਰ ਮਨਜੀਤ ਸਿੰਘ ਵੱਲੋਂ ਆਪਣੇ ਪਿਤਾ ਬਾਬਾ ਹੰਸਾ ਸਿੰਘ ਜੀ ਦੀ ਯਾਦ ਵਿੱਚ ਕੀਤੀ ਹੋਈ ਹੈ ਅਤੇ ਮੈਨੂੰ ਟਰੱਸਟ ਦੇ ਪ੍ਰਧਾਨ ਵਜੋਂ ਸੇਵਾ ਨਿਭਾਉਣ ਦੀ ਖ਼ੁਸ਼ੀ ਪ੍ਰਾਪਤ ਹੈ।
ਟਰੱਸਟ ਦੇ ਸਮੂਹ ਮੈਂਬਰ ਇਸ ਮੌਕੇ ਉੱਪਰ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਹੇ ਹਨ ਕਿ ਇਨ੍ਹਾਂ ਤਿੰਨਾਂ ਖਿਡਾਰੀਆਂ ਨੇ ਮਾਨਸਾ ਵਰਗੇ ਇਲਾਕੇ ਵਜੋਂ ਜਾਣੇ ਜਾਂਦੇ ਜ਼ਿਲ੍ਹੇ ਦਾ ਮਾਣ ਦੁਨੀਆਂ ਵਿੱਚ ਵਧਾਇਆ ਹੈ।
ਟਰੱਸਟ ਇਨ੍ਹਾਂ ਤਿੰਨਾਂ ਖਿਡਾਰੀਆਂ ਦਾ ਸਨਮਾਨ ਕਰਕੇ ਖੁਦ ਸਨਮਾਨਿਤ ਹੋਇਆ ਮਹਿਸੂਸ ਕਰੇਗਾ।