ਪਟਿਆਲਾ 27 ਅਗਸਤ 2018 (ਜੀ ਐੱਸ ਪੰਨੂ):ਡਾ. ਧਰਮਵੀਰ ਗਾਂਧੀ, ਐਮ.ਪੀ. ਪਟਿਆਲਾ ਨੇ ਇੰਗਲੈਂਡ ਵਿਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਮਨਜੀਤ ਸਿੰਘ ਜੀ.ਕੇ. ਦੀ ਕੁੱਝ ਲੋਕਾਂ ਵੱਲੋਂ ਕੀਤੀ ਗਈ ਕੁੱਟਮਾਰ ਦੀ ਨਿਖੇਧੀ ਕੀਤੀ ਹੈ।ਉਨ੍ਹਾਂ ਕਿਹਾ ਕਿ ਵਿਰੋਧੀ ਵਿਚਾਰ ਰੱਖਣ ਵਾਲਿਆਂ ਨਾਲ ਅਜਿਹਾ ਵਿਵਹਾਰ ਕਰਨਾ ਨਾ ਸਿਰਫ ਜਮਹੂਰੀਅਤ ਅਤੇ ਵਿਚਾਰਾਂ ਦੀ ਅਜ਼ਾਦੀ ਦੇ ਪ੍ਰਗਟਾਵੇ ਦੇ ਖਿਲਾਫ ਹੈ, ਬਲਕਿ ਖੁਦ ਸਿੱਖ ਧਰਮ ਦੀਆਂ ਰਵਾਇਤਾਂ ਵਿਸ਼ੇਸ਼ ਕਰ ਸੰਵਾਦ ਦੀ ਮਹੱਤਤਾ ਨੂੰ ਦਰਸਾਉਂਦੇ ਗੁਰੂ ਸਾਹਿਬਾਨ ਦੇ ਵਾਕ ''ਜਬ ਲਗੁ ਦੁਨੀਆਂ ਰਹੀਐ, ਨਾਨਕ ਕਿਛੁ ਸੁਣੀਐ, ਕਿਛੁ ਕਹੀਐ'' ਦੇ ਫਲਸਫੇ ਦੇ ਵੀ ਵਿਰੁੱਧ ਹੈ।
ਡਾ. ਗਾਂਧੀ ਨੇ ਕਿਹਾ ਕਿ ਕੁੱਝ ਲੋਕਾਂ ਵੱਲੋਂ ਆਪਣਾ ਵਿਰੋਧ ਪ੍ਰਗਟ ਕਰਨ ਲਈ ਵਰਤੇ ਜਾ ਰਹੇ ਅਜਿਹੇ ਢੰਗਾਂ ਨਾਲ ਨਾ ਸਿਰਫ ਪੰਜਾਬੀਆਂ, ਬਲਕਿ ਸਿੱਖ ਧਰਮ ਦੀਆਂ ਸ਼ਾਨਦਾਰ ਰਵਾਇਤਾਂ ਦਾ ਅਕਸ ਵੀ ਵਿਗੜਦਾ ਹੈ।ਵਿਚਾਰਾਂ ਦੇ ਪ੍ਰਗਟਾਵੇ ਦੀ ਅਜਾਦੀ ਤੇ ਸੰਵਾਦ ਦੀ ਮਹੱਤਤਾ ਦਾ ਜਿਕਰ ਕਰਦਿਆਂ ਡਾ. ਗਾਂਧੀ ਨੇ ਕਿਹਾ ਕਿ ਵਿਰੋਧੀਆਂ ਨਾਲ ਵਿਚਾਰਾਂ ਦਾ ਟਕਰਾਅ ਕਿੰਨਾ ਵੀ ਤਿੱਖਾ ਕਿਉਂ ਨਾ ਹੋਵੇ, ਸਭਿਅਕ ਢੰਗ, ਗੱਲਬਾਤ ਤੇ ਵਿਚਾਰ ਚਰਚਾ ਦਾ ਹੀ ਪ੍ਰਵਾਨ ਕੀਤਾ ਜਾ ਸਕਦਾਹੈ।
ਉਨ੍ਹਾਂ ਕਿਹਾ ਕਿ ਇਕ ਪਾਸੇ ''ਖਾਲਸਾ ਏਡ'' ਵਰਗੀਆਂ ਜਥੇਬੰਦੀਆਂ ਧਰਮ, ਜਾਤ, ਨਸਲ ਤੇ ਇਲਾਕੇ ਤੋਂ ਉਪਰ ਉਠ ਕੇ, ਕੇਰਲਾ ਦੇ ਹੜ੍ਹ ਪੀੜਤਾਂ ਦੀ ਮੱਦਦ ਕਰਕੇ ਸਿੱਖੀ ਰਵਾਇਤਾਂ ਨੂੰ ਦੁਨੀਆਂ ਭਰ ਵਿੱਚ ਪ੍ਰਚਾਰ ਪ੍ਰਸਾਰ ਰਹੀਆਂ ਹਨ ਤੇ ਦੂਜੇ ਪਾਸੇ ਇੰਗਲੈਂਡ ਵਿੱਚ ਗੁਰੂ ਘਰ ਦੇ ਅਹਾਤੇ ਵਿਚ ਕੁੱਟਮਾਰ ਕਰਨ ਅਤੇ ਪੱਗਾਂ ਲੱਥਣ ਦੀਆਂ ਘਟਨਾਵਾਂ ਨੂੰ ਸਮੁੱਚੇ ਪੰਜਾਬੀਆਂ ਤੇ ਖਾਸ ਕਰਕੇ ਸਿੱਖ ਜਗਤ ਨੂੰ ਸ਼ਰਮਸਾਰ ਕਰਨ ਵਾਲੀਆਂ ਹੀ ਕਿਹਾ ਜਾ ਸਕਦਾ ਹੈ।
ਕਿਸੇ ਵੀ ਧਰਮ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਨਾ ਦੇਣ ਦੀ ਆਪਣੀ ਨੀਤੀ ਸਪੱਸ਼ਟ ਕਰਦਿਆਂ ਡਾ. ਗਾਂਧੀ, ਐਮ.ਪੀ. ਪਟਿਆਲਾ ਨੇ, ਸਮੂਹ ਸਿੱਖ ਭਰਾਵਾਂ ਨੂੰ ਇਸ ਭਰਾ ਮਾਰੂ ਜੰਗ ਤੋਂ ਬੱਚਣ ਦੀ ਅਪੀਲ ਕੀਤੀ।