ਪਟਿਆਲਾ, 1 ਸਤੰਬਰ 2018 - "ਨਵੀਂ ਪੀੜ੍ਹੀ ਨੂੰ ਪੰਜਾਬੀ ਸਭਿਆਚਾਰ ਨਾਲ ਜੋੜਨਾ ਅਜੋਕੇ ਸਮੇਂ ਦੀ ਮਹੱਤਵਪੂਰਨ ਮੰਗ ਹੈ ਕਿਉਂਕਿ ਪੰਜਾਬੀ ਸਮਾਜ ਉਪਰ ਪੱਛਮੀ ਸਭਿਆਚਾਰ ਦਾ ਗਲਬਾ ਵਧਦਾ ਜਾ ਰਿਹਾ ਹੈ। ਇਸ ਪ੍ਰਵਿਰਤੀ ਤੋਂ ਰੋਕਣ ਲਈ ਜ਼ਰੂਰੀ ਹੈ ਕਿ ਪੰਜਾਬੀ ਸਭਿਆਚਾਰ ਦੇ ਪ੍ਰਸਾਰ ਅਤੇ ਭਾਈਚਾਰਕ ਸਾਂਝ ਪੀਡੀ ਕਰਨ ਲਈ ਸਕੂਲਾਂ,ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ-ਵਰਗ ਨੂੰ ਵਰਕਸ਼ਾਪਾਂ ਜਾਂ ਹੋਰ ਉਸਾਰੂ ਸਭਿਆਚਾਰਕ ਸਮਾਗਮਾਂ ਰਾਹੀਂ ਉਤਸਾਹਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿਚ ਪੰਜਾਬ ਦੀਆਂ ਮਹਾਨ ਰਵਾਇਤਾਂ, ਮੇਲੇ ਮੁਸਾਹਬੇ ਅਤੇ ਤਿੱਥ-ਤਿਉਹਾਰਾਂ ਦੀ ਵਿਰਾਸਤ ਬੀਤੇ ਦਾ ਸੁਪਨਾ ਬਣ ਕੇ ਨਾ ਰਹਿ ਜਾਵੇ।" ਇਹ ਸ਼ਬਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਅਤੇ ਸਟੇਟ ਐਵਾਰਡੀ ਲੇਖਿਕਾ ਡਾ. ਰਾਜਵੰਤ ਕੌਰ 'ਪੰਜਾਬੀ' ਨੇ ਗੁਰੂ ਨਾਨਕ ਖ਼ਾਲਸਾ ਕਾਲਜ ਫਾਰ ਵਿਮੈਨ ਗੁਜਰਖ਼ਾਨ ਕੈਂਪਸ, ਲੁਧਿਆਣਾ ਵਿਖੇ ਬੀਤੇ ਦਿਨੀਂ ਆਯੋਜਿਤ ਇਕ ਰੋਜ਼ਾ ਸਭਿਆਚਾਰਕ ਸਮਾਗਮ ਦੌਰਾਨ ਸਾਂਝੇ ਕੀਤੇ।
ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨ ਵਾਲੇ ਡਾ. ਰਾਜਵੰਤ ਕੌਰ 'ਪੰਜਾਬੀ' ਬਾਰੇ ਸੁਆਗਤੀ ਸ਼ਬਦ ਸਾਂਝੇ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਮਨਜੀਤ ਕੌਰ ਘੁੰਮਣ ਨੇ ਕਿਹਾ ਕਿ ਲਗਭਗ ਵੀਹ ਪੁਸਤਕਾਂ ਦੇ ਰਚੈਤਾ ਡਾ. ਪੰਜਾਬੀ ਜਿਸ ਲਗਨ, ਉਤਸਾਹ ਅਤੇ ਪ੍ਰਤਿਬੱਧਤਾ ਨਾਲ ਪੰਜਾਬੀ ਸਭਿਆਚਾਰ ਦੇ ਪ੍ਰਚਾਰ ਪ੍ਰਸਾਰ ਅਤੇ ਮੁੱਲਵਾਨ ਖੋਜ ਵਿਚ ਜੁੱਟੇ ਹੋਏ ਹਨ, ਉਹ ਸਾਡੇ ਸਾਰਿਆਂ ਲਈ ਪ੍ਰੇਰਣਾਦਾਇਕ ਹੈ।ਇਸ ਦੌਰਾਨ ਡਾ. ਪੰਜਾਬੀ ਨੇ ਕਾਲਜ ਵਿਖੇ ਪੁਰਾਤਨ ਸਭਿਆਚਾਰਕ ਵਸਤਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਜਿਸ ਵਿਚ ਚਰਖਾ, ਸੇਵੀਆਂ ਵੱਟਣ ਵਾਲੀ ਮਸ਼ੀਨ, ਪੁਰਾਣੇ ਪਿੱਤਲ ਦੇ ਭਾਂਡੇ, ਹੱਥ ਦੀਆਂ ਬੁਣੀਆਂ ਹੋਈਆਂ ਦਰੀਆਂ, ਹੱਥੀਂ ਕਢਾਈ ਕੀਤੀਆਂ ਚਾਦਰਾਂ, ਸੂਟ, ਘੱਗਰੇ, ਪੁਰਾਤਨ ਭਾਂਡੇ, ਰਵਾਇਤੀ ਗਹਿਣੇ ਅਤੇ ਸਾਜ਼ ਆਦਿ ਸ਼ਾਮਿਲ ਸਨ। ਇਸ ਦੌਰਾਨ ਸ੍ਰੀਮਤੀ ਅੰਮ੍ਰਿਤ ਕੌਰ ਸਰਨਾ, ਪੰਜਾਬੀ ਵਿਭਾਗ ਦੇ ਮੁਖੀ ਸ੍ਰੀਮਤੀ ਪ੍ਰਭਜੋਤ ਕੌਰ, ਸ੍ਰੀਮਤੀ ਜਸਵਿੰਦਰ ਕੌਰ, ਸਮੂਹ ਅਧਿਆਪਨ ਅਤੇ ਗ਼ੈਰ ਅਧਿਆਪਨ ਅਮਲਾ ਸ਼ਾਮਲ ਸੀ।
ਇਸ ਦੌਰਾਨ ਵਿਦਿਆਥਣਾਂ ਦੇ ਵਖ-ਵਖ ਸਭਿਆਚਾਰਕ ਆਈਟਮਾਂ ਦੇ ਮੁਕਾਬਲੇ ਕਰਵਾਏ ਗਏ ਅਤੇ ਜੇਤੂਆਂ ਨੂੰ 'ਗਿੱਧਿਆਂ ਦੀ ਮੇਲਣ', 'ਮੋਰਨੀ ਵਰਗੀ ਧੌਣ', 'ਲੰਮ ਸਲੰਮੀ ਮੁਟਿਆਰ', 'ਸੱਪਣੀ ਵਰਗੀ ਗੁੱਤ', 'ਸ਼ਰਮੀਲੀਆਂ ਅੱਖਾਂ', 'ਮੜ੍ਹਕ ਨਾਲ ਤੁਰਨਾ', 'ਸੋਹਣਾ ਪੰਜਾਬੀ ਪਹਿਰਾਵਾ' ਅਤੇ 'ਦੰਦ ਚੰਬੇ ਦੀਆਂ ਕਲੀਆਂ' ਆਦਿ ਵਿਸ਼ੇਸ਼ਣਾਂ ਨਾਲ ਸਨਮਾਨਿਤ ਵੀ ਕੀਤਾ ਗਿਆ।ਸਮਾਗਮ ਦਾ ਸੰਚਾਲਨ ਸ੍ਰੀਮਤੀ ਪ੍ਰਭਜੋਤ ਕੌਰ ਨੇ ਬਾਖ਼ੂਬੀ ਨਿਭਾਇਆ।